ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ 2021 - ਦਿੱਲੀ ਪੁਲਿਸ ਵੱਲੋਂ ਟਰੈਕਟਰ ਪਰੇਡ ਲਈ ਕਿਸਾਨਾਂ ਨੂੰ ਪ੍ਰਵਾਨਗੀ ਨਾਂ ਦੇਣ ਤੋਂ ਬਾਅਦ ਅੱਜ ਕਿਸਾਨੀ ਰੋਹ ਸ਼ਿਖਰਾਂ ਤੇ ਦਿਖਾਈ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਬਠਿੰਡਾ ਜਿਲ੍ਹੇਦੇ ਪਿੰਡਾਂ ’ਚ ਅੱਜ ਪੂਰਾ ਦਿਨ 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾਣ ਵਾਲੀ ਪਰੇਡ ਲਈ ਲਾਮਬੰਦੀ ਕਰਨ ਵਾਸਤੇ ਟਰੈਕਟਰਾਂ ਦੀ ਧੂੜ ਅਸਮਾਨੀ ਚੜ੍ਹੀ ਰਹੀ। ਖੇਤੀ ਕਾਨੂੰਨਾਂ ਨੂੰ ਲੈਕੇ ਅੱਜ ਪਿੰਡਾਂ ’ਚ ਮੋਦੀ ਸਰਕਾਰ ਖਿਲਾਫ ਪਾਰਾ ਐਨਾ ਤੇਜ ਸੀ ਕਿ ਇਹਨਾਂ ਕਾਨੂੰਨਾਂ ਨੂੰ ਕਿਸਾਨੀ ਮਾਰੂ ਕਰਾਰ ਦਿੰਦਿਆਂ ਕਿਸਾਨਾਂ ,ਮਜਦੂਰਾਂ, ਔਰਤਾਂ ਅਤੇ ਬੱਚਿਆਂ ਨੇ ਕੇਂਦਰ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਕਿਸਾਨਾਂ ਨੇ 26 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਲਈ ਅੱਜ ਲਾਮਬੰਦੀ ਇਕੱਠਾਂ ’ਚ ਤਾਂ ਜਾਪਦਾ ਸੀ ਕਿ ਘਰਾਂ ’ਚ ਕੋਈ ਟਾਵਾਂ ਟੱਲਾ ਜੀਅ ਹੀ ਘਰ ਰਿਹਾ ਹੋਵੇਗਾ।
ਜਾਣਕਾਰੀ ਅਨੁਸਾਰ ਅੱਜ ਸਭ ਤੋਂ ਵੱਧ 1500ਟਰੈਕਟਰਾਂ ਨੇ ਭਗਤਾ ਭਾਈ ਬਲਾਕ ਦੇ 20 ਪਿੰਡਾਂ ’ਚ ਕੱਢੇ ਟਰੈਕਟਰ ਮਾਰਚ ’ਚ ਸ਼ਮੂਲੀਅਤ ਕੀਤੀ। ਇਸ ਕਾਫਲੇ ’ਚ 14 ਮੋਟਰਸਾਈਕਲ ਅਤੇ 14 ਗੱਡੀਆਂ ਤੋਂ ਇਲਾਵਾ 2500 ਕਿਸਾਨਾਂ ਮਜਦੂਰਾਂ ਨੇ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਅਤੇ ਸਮੂਹ ਵਰਗਾਂ ਨੂੰ 26 ਜਨਵਰੀ ਦੀ ਦਿੱਲੀ ਪਰੇਡ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਟਰੈਕਟਰ ਮਾਰਚ ਦੇ ਮਾਮਲੇ ’ਚ ਸੰਗਤ ਬਲਾਕ ਨੂੰ ਦੋ ਭਾਗਾਂ ’ਚ ਵੰਡਿਆ ਗਿਆ ਜਿੱਥੇ 900 ਟਰੈਕਟਰਾਂ ਨਾਲ 3400 ਕਿਸਾਨ ਮਜਦੂਰ ਕਾਰਕੁੰਨਾਂ ਨੇ 30 ਪਿੰਡਾਂ ਵਿੱਚ ਭਲਵਾਨੀ ਗੇੜਾ ਦਿੱਤਾ। ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਟਰੈਕਟਰ ਮਾਰਚ ਕੱਢਣ ਦਾ ਮੰਤਵ 26 ਜਨਵਰੀ ਦੀ ‘ਟਰੈਕਟਰ ਪਰੇਡ’ ਲਈ ਕਿਸਾਨਾਂ ਨੂੰ ਦੱਲੀ ਵੱਲ ਵਹੀਰਾਂ ਘੱਤ ਕੇ ਜਾਣ ਲਈ ਤਿਆਰ ਕਰਨਾ ਹੈ।
ਬਲਾਕ ਰਾਮਪੁਰਾ ’ਚ ਵੀ ਕਿਸਾਨੀ ਜੋਸ਼ ਨੂੰ ਦੇਖਦਿਆਂ ਟਰੈਕਟਰ ਮਾਰਚ ਨੂੰ ਦੋ ਹਿੱਸਿਆਂ ’ਚ ਵੰਡਣਾ ਪਿਆ ਹੈ। ਜੇਠੂਕੇ ਪਿੰਡ ਤੋਂ ਚੱਲੇ ਮਾਰਚ ’ਚ 200 ਟਰੈਕਟਰਾਂ ਨੇ 17 ਪਿੰਡਾਂ ’ਚ ਫੇਰੀ ਪਾਈ। ਮਾਰਚ ਦੀ ਅਗਵਾਂਈ ਕਰ ਰਹੇ ਕਿਸਾਨ ਆਗੂ ਸੁਖਦੇਵ ਸਿੰਘ ਜਵੰਧਾ ਨੇ ਦੱਸਿਆ ਕਿ ਪਿੰਡਾਂ ’ਚ ਲੋਕ ਐਨੇ ਉਤਸ਼ਾਹਿਤ ਹਨ ਕਿ ਉਹਨਾਂ ਨੇ ਅੱਜ ਤੋਂ ਹੀ ਦਿੱਲੀ ਕੂਚ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸੇ ਬਲਾਕ ’ਚ 150 ਟਰੈਕਟਰਾਂ ਵਾਲੇ ਦੂਸਰੇ ਜੱਥੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਦੱਸਿਆ ਕਿ ਪਿੰਡਾਂ ’ਚ ਨੌਜਵਾਨਾਂ ਨੇ ਟਰੈਕਟਰ ਸ਼ਿੰਗਾਰ ਲਏ ਹਨ ਅਤੇ ਕਿਸੇ ਕਿਸਮ ਦੇ ਵਿਘਨ ਡਰੋਂ ਜਾਂਚ ਕਰਵਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਕਿਸਾਨਾਂ ਨੇ ਮੋਦੀ ਸਰਕਾਰ ਵੱਲੋਂ ਆਪਣੇ ਦੁਆਲੇ ਬੁਣਿਆ ਭਰਮ ਜਾਲ ਤੋੜਨ ਦਾ ਅਹਿਦ ਵੀ ਲਿਆ ਹੈ।
ਓਧਰ ਮੌੜ ਬਲਾਕ ਵੀ ਅੱਜ ਕਿਸਾਨੀ ਮਾਰਚਾਂ ਦਾ ਗਵਾਹ ਬਣਿਆ ਜਿੱਥੇ ਮੌੜ ਮੰਡੀ ਸ਼ਹਿਰ ਤੋਂ ਇਲਾਵਾ 20 ਪਿੰਡਾਂ ਨੂੰ ਦੋ ਹਿੱਸਿਆਂ ’ਚ ਵੰਡ ਕੇ 1 ਹਜਾਰ ਕਿਸਾਨਾਂ ਨੇ 410 ਟਰੈਕਟਰਾਂ,ਤਿੰਨ ਗੱਡੀਆਂ ਅਤੇ ਪੰਜ ਮੋਟਰਸਾਈਕਲਾਂ ਤੇ ਲੋਕਾਂ ਨੂੰ ਲਾਮਬੰਦ ਕੀਤਾ। ਮੌੜ ਇਲਾਕੇ ਨਾਲ ਸਬੰਧਤ ਬੀਕੇਯੂ (ਉਗਰਾਹਾਂ) ਦੇ ਆਗੂ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਇਸ ਘੋਲ ਨਾਲ ਵੱਡੀ ਸਾਂਝ ਹੈ ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਹੀ ਸਭ ਕੁਝ ਦਿਖਾਈ ਦਿੰਦਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਜਜ਼ਬਾ ਹੈ ਜੋ ਕੇਂਦਰੀ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨਾਂ ਤੇ ਮਜਦੂਰਾਂ ਨੂੰ ਰੁਜਗਾਰ ਖੁੱਸਣ ਦਾ ਡਰ ਹੈ ਜਿਸ ਕਰਕੇ ਉਹਨਾਂ ਦੇ ਜੋਸ਼ ਨੂੰ ਪਿਛਲੇ ਦੋ ਮਹਨਿਆਂ ਤੋਂ ਪੈ ਰਹੀ ਲੋਹੜੇ ਦੀ ਠੰਢ ਵੀ ਮੱਠਾ ਨਹੀਂ ਪਾ ਸਕੀ ਹੈ।
ਕਾਫਲੇ ਬੰਨ੍ਹ ਕੇ ਪੁੱਜਣ ਦਾ ਸੱਦਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਸੰਘਰਸ਼ ਦੇ ਸੰਵਿਧਾਨਕ ਹੱਕ ਨੂੰ ਮੰਨ ਲਿਆ ਹੈ ਤਾਂ ਦਿੱਲੀ ਪੁਲਿਸ ਨੇ ਟਰੈਕਟਰ ਮਾਰਚ ਨੂੰ ਪ੍ਰਵਾਨਗੀ ਨਾਂ ਦੇਕੇ ਲੋਕਤੰਤਰ ਦਾ ਕਤਲ ਅਤੇ ਅਦਾਲਤ ਦੀ ਤੌਹੀਨ ਕੀਤੀ ਹੈ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਧੱਕੇ ਨਾਲ ਥੋਪਕੇ ਰੱਦ ਕਰਨ ਦੀ ਅੜੀ ਫੜਨ ਵਾਲੀ ਮੋਦੀ ਸਰਕਾਰ ਦਾ ਹੱਠ ਤੋੜਨ ਲਈ 26 ਜਨਵਰੀ ਨੂੰ ਦਿੱਲੀ ’ਚ ਸ਼ਕਤੀ ਪ੍ਰਦਰਸ਼ਨ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਇਸੇ ਕਾਰਨ ਹੀ ਪੰਜਾਬ ਦੇ ਸਮੂਹ ਪਿੰਡਾਂ ਤੋਂ ਟਰੈਕਟਰਾਂ-ਟਰਾਲੀਆਂ ਦੇ ਕਾਫਲੇ ਬੰਨ੍ਹ ਕੇ ਦਿੱਲੀ ਨੂੰ ਕੂਚ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਪੂੰਜੀਪਤੀਆਂ ਬਾਰੇ ਸੋਚਦੀ ਮੋਦੀ ਸਰਕਾਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਮੋਠੂ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਸਿਰਫ਼ ਪੂੰਜੀਪਤੀਆਂ ਦੇ ਹਿੱਤਾਂ ਬਾਰੇ ਹੀ ਸੋਚ ਰਹੀ ਹੈ ਅਤੇ ਦੇਸ਼ ਵਾਸੀਆਂ ਨੂੰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਣਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਖੇਤੀ ਖੇਤਰ ’ਚ ਇਹਨਾਂ ਦੇ ਮਹਿੰਗੇ ਕੀਟਨਾਸ਼ਕ ਵਰਤੇ ਜਾ ਰਹੇ ਹਨ ਜਿਸ ਨਾਲ ਵੀ ਬੇਕਿਰਕ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਜੇਕਰ ਨਵੇਂ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨ ਮਜਦੂਰ ਧਨਾਢ ਘਰਾਂ ਦੇ ਬੰਧੂਆ ਮਜਦੂਰ ਬਣ ਜਾਣਗੇ। ਉਹਨਾਂ ਆਖਿਆ ਕਿ ਪੰਜਾਬੀਆਂ ਨੂੰ ਕਾਰਪੋਰੇਟਾਂ ਦਾ ਪੱਖ ਪੂਰਨ ਵਾਲੀ ਮੋਦੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਕੇ ਝੁਕਣ ਲਈ ਮਜਬੂਰ ਕਰਨਾ ਚਾਹੀਦਾ ਹੈ।