ਸ਼ਿਮਲਾ, 19 ਜਨਵਰੀ, 2021: ਖ਼ੇਤੀ ਕਾਨੂੰਨਾਂ ਦੀ ਖਿਲਾਫ਼ਤ ਕਰ ਰਹੇ ਨੌਜਵਾਨਾਂ ਨੂੰ ਮਾਲ ਰੋਡ ’ਤੇ ਸ਼ਿਮਲਾ ਪੁਲਿਸ ਨੇ ਹਿਰਾਸਤ 'ਚ ਲੈ ਲਿਆ। 26 ਜਨਵਰੀ ਨੂੰ ਕੀਤੀ ਜਾਣ ਟਰੈਕਟਰ ਪਰੇਡ ਲਈ ਸਮਰਥਨ ਜੁਟਾਉਣ ਸ਼ਿਮਲਾ ਪੁੱਜੇ ਪੰਜਾਬ ਦੇ 3 ਕਿਸਾਨਾਂ ਨੂੰ ਸ਼ਿਮਲਾ ਪੁਲਿਸ ਨੇ ਜ਼ਬਰਦਸਤੀ ਚੁੱਕ ਲਿਆ। ਜਦਕਿ ਨੌਜਵਾਨ ਚੀਕ ਚੀਕ ਕਹਿੰਦੇ ਰਹੇ ਕਿ ਉਹ ਕੋਈ ਨਾਅਰੇਬਾਜ਼ੀ ਨੀ ਕਰ ਰਹੇ।
ਮੋਹਾਲੀ ਜ਼ਿਲ੍ਹੇ ਨਾਲ ਸੰਬੰਧਤ ਇਨ੍ਹਾਂ ਤਿੰਨਾਂ ਨੌਜਵਾਨ ਕਿਸਾਨਾਂ ਵਿੱਚੋਂ ਇਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਸਿੰਘੂ ਬਾਰਡਰ ਤੋਂ ਹਿਮਾਚਲ ਦੇ ਲੋਕਾਂ ਨੂੰ ਨਵੇਂ ਖ਼ੇਤੀ ਕਾਨੂੰਨਾਂ ਦੀਆਂ ਖ਼ਾਮੀਆਂ ਬਾਰੇ ਜਾਗਰੂਕ ਕਰਨ ਲਈ ਇੱਥੇ ਪੁੱਜੇ ਸਨ।
ਪੁਲਿਸ ਦਾ ਇਹ ਦੋਸ਼ ਹੈ ਕਿ ਇਹ ਸਾਰੇ ਕੁਝ ਹੋਰ ਕਿਸਾਨਾਂ ਨੂੰ ਨਾਲ ਲੈ ਕੇ ਰਿੱਜ ਮੈਦਾਨ ’ਤੇ ਪ੍ਰਦਰਸ਼ਨ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ।
ਨੌਜਵਾਨਾਂ ਨੂੰ ਹਿਰਾਸਤ 'ਚ ਲਿਜਾਂਦੀ ਪੁਲਿਸ ਦੀ ਇੱਕ ਵੀਡੀੳ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਨੌਜਵਾਨਾਂ ਨਾਲ ਪੁਲਿਸ ਧੱਕਾਮੁੱਕੀ ਕਰਦੀ ਵੀ ਦੇਖੀ ਜਾ ਸਕਦੀ ਹੈ। ਮਾਲ ਰੋਡ ਤੋਂ ਇਨ੍ਹਾਂ ਤਿੰਨਾਂ ਨੂੰ ਜਬਰੀ ਫ਼ੜ ਕੇ ਪੁਲਿਸ ਥਾਣੇ ਲਿਜਾਇਆ ਗਿਆ।