ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ 2021-ਕਿਸਾਨੀ ਸੰਘਰਸ਼ ਦੇ ਚੱਲਦਿਆਂ ਹਰ ਕਿਸਾਨ ਆਪਣੇ ਪੱਧਰ ’ਤੇ ਯੋਗਦਾਨ ਪਾ ਰਿਹਾ ਹੈ। ਕੇਂਦਰ ਸਰਕਾਰ ਤੋਂ ਖੇਤੀ ਸੰਬੰਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਜਾਰੀ ਹੈ।
ਇਸੇ ਸੰਘਰਸ਼ ਵਿਚ ਹਿੱਸਾ ਪਾਉਣ ਲਈ ਇਸ ਖੇਤਰ ਦੇ ਪਿੰਡ ਨੰਦਗੜ੍ਹ ਦੇ ਨੌਜਵਾਨ ਯਾਦਵਿੰਦਰ ਸਿੰਘ (28) ਨੇ ਦਿੱਲੀ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਸਾਇਕਲ ’ਤੇ ਹੀ ਰਵਾਨਗੀ ਪਾਈ ਹੈ, ਜਿਸਨੇ ਕੁੱਲ 375 ਕਿਲੋਮੀਟਰ ਦਾ ਸਫ਼ਰ ਲਗਭਗ 27 ਘੰਟਿਆਂ ਵਿੱਚ ਪੂਰਾ ਕੀਤਾ ਹੈ। ਗੱਲਬਾਤ ਦੌਰਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ ,ਉਨ੍ਹਾਂ ਨੂੰ ਜੁਆਬ ਦੇਣ ਲਈ ਉਸਨੇ ਸਾਈਕਲ ਉੱਪਰ ਸਫ਼ਰ ਤੈਅ ਕਰਕੇ ਪੰਜਾਬ ਦੀ ਜਵਾਨੀ ਦੀ ਝਲਕ ਪੇਸ਼ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਯਾਤਰਾ ਵਿੱਚ ਇੱਕ ਸਾਥੀ ਸੁਮਿਲ ਬਵੇਜਾ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਸ਼ਾਮਲ ਸੀ। ਇੰਨ੍ਹਾਂ ਦੋਹਾਂ ਨੌਜਵਾਨਾਂ ਨੂੰ ਟਿੱਕਰੀ ਬਾਰਡਰ ਦੀ ਮੁੱਖ ਸਟੇਜ ਤੋਂ ਇਸ ਸ਼ਲਾਘਾਯੋਗ ਕਦਮ ਲਈ ਸਨਮਾਨਿਤ ਵੀ ਕੀਤਾ ਗਿਆ ਹੈ।