ਕਿਸਾਨ ਲੀਡਰਸ਼ਿਪ ’ਤੇ ਵਰ੍ਹੇ ਦੀਪ ਸਿੱਧੂ, ਕਿਹਾ ਆਪ ਫ਼ੈਸਲੇ ਲੈ ਕੇ ਪਿੱਛੇ ਹਟੇ, ਅਸੀਂ ਕੋਈ ਹਿੰਸਾ ਨਹੀਂ ਕੀਤੀ
ਨਵੀਂ ਦਿੱਲੀ, 28 ਜਨਵਰੀ, 2021 : ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਲਹਿਰਾਉਣ ਲਈ ਕਿਸਾਨ ਆਗੂਆਂ ਦੇ ਨਿਸ਼ਾਨੇ ’ਤੇ ਆਏ ਫ਼ਿਲਮੀ ਅਦਾਕਾਰਾ ਦੀਪ ਸਿੱਧੂ ਨੇ ਕਿਸਾਨ ਲੀਡਰਸ਼ਿਪ ’ਤੇ ਤਿੱਖੇ ਹਮਲੇ ਕੀਤੇ ਹਨ ਤੇ ਕਿਹਾ ਹੈ ਕਿ ਲੀਡਰਸ਼ਿਪ ਆਪ ਫ਼ੈਸਲੇ ਲੈ ਕੇ ਪਿੱਛੇ ਹਟ ਗਈ।
ਦੇਰ ਰਾਤ ਇਕ ਵੀਡੀਓ ਬਿਆਨ ਵਿਚ ਦੀਪ ਸਿੱਧੂ ਨੇ ਕਿਹਾ ਕਿ ਲੋਕ ਆਪ ਮੁਹਾਰੇ ਹੀ ਗਾਜ਼ੀਪੁਰ ਤੇ ਸਿੰਘੂ ਤੋਂ ਲਾਲ ਕਿਲ੍ਹੇ ਤੱਕ ਗਏਸਨ ਤੇ ਉਹ ਆਪ ਦੇਰ ਨਾਲ ਲਾਲ ਕਿਲ੍ਹੇ ਪਹੁੰਚੇ ਸਨ। ਉਹਨਾਂ ਕਿਹਾ ਕਿ ਜਦੋਂ ਉੱਥੇ ਕੋਈ ਕਿਸਾਨ ਆਗੂ ਨਹੀਂ ਪੁੱਜੇ ਜਿਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਅਸੀਂ ਦਿੱਲੀ ਦੀ ਹਿੱਕ ’ਤੇ ਮਾਰਚ ਕੱਢਾਂਗੇ, ਤਾਂ ਲੋਕਾਂ ਨੇ ਮੈਨੂੰ ਆਪ ਸਟੇਜ ’ਤੇ ਸੱਦ ਲਿਆ।
ਦੀਪ ਸਿੱਧੂ ਨੇ ਕਿਹਾ ਕਿ ਉੱਥੇ ਅਸੀਂ ਕੋਈ ਹਿੰਸਾ ਨਹੀਂ ਕੀਤੀ ਤੇ ਨਾ ਹੀ ਪ੍ਰਾਪਰਟੀ ਦੀ ਕੋਈ ਭੰਨ ਤੋੜ ਕੀਤੀ। ਅਸੀਂ ਸਿਰਫ਼ ਸਰਕਾਰ ਨੂੰ ਇਹ ਦੱਸਣ ਆਏ ਸੀ ਕਿ ਸਾਡੇ ਹੱਕ ਦਿੱਤੇ ਜਾਣ। ਉਹਨਾਂ ਕਿਹਾ ਕਿ ਅਸੀਂ ਖ਼ਾਲਸੇ ਦਾ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਲਹਿਰਾਇਆ ਜਦਕਿ ਪਿੱਛੇ ਦੇਸ਼ ਦਾ ਕੌਮੀ ਝੰਡਾ ਲਹਿਰਾ ਰਿਹਾ ਸੀ। ਇਹ ਤਿੰਨੋਂ ਝੰਡੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਵਿਭਿੰਨਤਾ ਦਾ ਸੂਚਕ ਸੀ। ਇਹਨਾਂ ਤਿੰਨਾਂ ਝੰਡਿਆਂ ਹੇਠ ਅਸੀਂ ਕਿਸਾਨੀ ਸੰਘਰਸ਼ ਲੜ ਰਹੇ ਹਾਂ। ਉਹਨਾਂ ਇਹ ਵੀ ਕਿਹਾ ਕਿ ਮੈਨੂੰ ਭਾਜਪਾ ਦਾ ਬੰਦਾ ਦੱਸਿਆ ਜਾ ਰਿਹਾ ਹੈ ਤੇ ਗ਼ੱਦਾਰ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਮੈਂ ਗ਼ੱਦਾਰ ਹਾਂ ਤਾਂ ਫਿਰ ਕਿਸਾਨ ਸੰਘਰਸ਼ ਵਿਚ ਸ਼ਾਮਲ ਸਾਰੇ ਗ਼ੱਦਾਰ ਹਨ। ਉਹਨਾਂ ਕਿਹਾ ਕਿ ਕਿਸਾਨ ਲੀਡਰਸ਼ਿਪ ਨੂੰ ਲਾਲ ਕਿਲ੍ਹੇ ’ਤੇ ਡਟ ਕੇ ਕਹਿਣਾ ਚਾਹੀਦਾ ਸੀ ਕਿ ਸਾਡੇ ਬੰਦਿਆਂ ਨੇ ਵੇਖੋ ਕੀ ਕਰ ਵਿਖਾਇਆ ਤਾਂ ਸਰਕਾਰ ’ਤੇ ਦਬਾਅ ਪੈਂਦਾ। ਉਹਨਾਂ ਕਿਹਾ ਕਿ ਜਦੋਂ ਸੰਗਤ ਆਪ ਮੁਹਾਰੀ ਤੁਰੀ ਤਾਂ ਮੈਨੂੰ ਲੱਭ ਕੇ ਮੇਰੇ ’ਤੇ ਦੋਸ਼ ਮੜ੍ਹ ਦਿੱਤੇ ਗਏ । ਉਹਨਾਂ ਕਿਹਾ ਕਿ ਸੰਗਤ ਤੁਹਾਡੇ ਫ਼ੈਸਲੇ ਅਨੁਸਾਰ ਦਿੱਲੀ ਗਈ ਸੀ। ਉਹਨਾਂ ਕਿਹਾ ਕਿ ਜੇਕਰ ਲੱਖਾਂ ਲੋਕ ਮੇਰੇ ਕਹਿਣ ’ਤੇ ਭੜਕੇ ਤਾਂ ਫਿਰ ਕਿਸਾਨ ਆਗੂਆਂ ਦੀ ਗੱਲ ਕੌਣ ਸੁਣਦਾ ਹੈ। ਉਹਨਾਂ ਕਿਹਾ ਕਿ ਮੈਨੂੰ ਆਰਐਸਐਸ ਤੇ ਬੀ ਜੇ ਪੀ ਦਾ ਬੰਦਾ ਕਹਿ ਰਹੇ ਹਨ ਤੇ ਉਹਨਾਂ ਪੁੱਛਿਆ ਕਿ ਕੀ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਆਰ ਐਸਐਸਜਾਂ ਕਾਂਗਰਸ ਜਾਂ ਭਾਜਪਾ ਦਾ ਬੰਦਾ ਲਾਉਗਾ। ਉਹਨਾਂ ਕਿਹਾ ਕਿ ਸੁੱਚੇ ਸੁੱਚੇ ਬੰਦੇ ਨੇ ਨਿਸ਼ਾਨ ਸਾਹਿਬ ਲਹਿਰਾਇਆ।
ਉਹਨਾਂ ਕਿਹਾ ਕਿ ਕਿਸਾਨ ਲੀਡਰਸ਼ਿਪ ਹੰਕਾਰੀ ਗਈ ਹੈ ਤੇ ਜੋ ਫ਼ੈਸਲੇ ਲੈਂਦੇ ਹਨ, ਉਹ ਧੱਕੇ ਨਾਲ ਲਾਗੂ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਗ਼ੱਦਾਰੀ ਦੇ ਸਰਟੀਫਿਕੇਟ ਵੰਡਣੇ ਬੰਦ ਨਾ ਕੀਤੇ ਤਾਂ ਫਿਰ ਕਿਸਾਨ ਲੀਡਰਾਂ ਦੀ ਗੱਲ ਕਿਸੇ ਨੇ ਨਹੀਂ ਸੁਣਨੀ।