ਫਗਵਾੜਾ, 15 ਜਨਵਰੀ 2021 - ਅੱਜ ਫਗਵਾੜਾ ਵਿਖੇ ਕਿਸਾਨ ਜੱਥੇਬੰਦੀਆਂ ਵਲੋਂ ਇੱਕ ਭਰਵਾਂ ਟਰੈਕਟਰ ਮਾਰਚ ਫਗਵਾੜਾ ਸ਼ਹਿਰ ਦੀਆਂ ਸੜਕਾਂ ਉਤੇ ਕੱਢਿਆ ਗਿਆ, ਜਿਸ ਦੀ ਅਗਵਾਈ ਵੱਖੋ-ਵੱਖਰੀਆਂ ਕਿਸਾਨ ਜੱਥੇਬੰਦੀਆਂ ਦੇ ਆਗੂ ਕਰ ਰਹੇ ਹਨ। ਇਸ ਕਿਸਾਨ ਮਾਰਚ ਵਿੱਚ ਵੱਖੋ-ਵੱਖਰੇ ਪਿੰਡਾਂ ਤੋਂ ਵੱਡੀ ਗਿਣਤੀ 'ਚ ਕਿਸਾਨ ਆਪਣੇ ਟਰੈਕਟਰ ਲੈ ਕੇ ਪਹੁੰਚੇ ਹੋਏ ਸਨ। ਥੋੜੀ-ਥੋੜੀ ਦੂਰ ਤੇ ਸਪੀਕਰਾਂ ਰਾਹੀਂ ਕਿਸਾਨ ਆਗੂ ਆਪਣੇ ਇਸ ਕਿਸਾਨ ਮਾਰਚ ਦਾ ਮੰਤਵ ਦਸਦੇ ਹੋਏ ਲੋਕਾਂ ਨੂੰ ਕਿਸਾਨ ਸੰਘਰਸ਼ ਪ੍ਰਤੀ ਜਾਗਰੂਕ ਕਰ ਰਹੇ ਸਨ ਅਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਅਤੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾ ਰਹੇ ਸਨ।
ਕਿਸਾਨਾਂ ਦਾ ਇਹ ਮਾਰਚ ਫਗਵਾੜਾ ਤੋਂ ਜਲੰਧਰ ਜੀ.ਟੀ. ਰੋਡ ਵੱਲ ਗਿਆ। ਯਾਦ ਰਹੇ ਕਿ ਕਿਸਾਨਾਂ ਵਲੋਂ ਵੱਖੋਂ-ਵੱਖਰੇ ਸ਼ਹਿਰਾਂ ਵਿੱਚ 26 ਜਨਵਰੀ ਦੇ ਕਿਸਾਨ ਮਾਰਚ ਲਈ ਤਿਆਰੀਆਂ ਦੇ ਮੱਦੇਨਜ਼ਰ ਇਹ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ। ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਅਨੁਸਾਰ ਫਗਵਾੜੇ ਦਾ ਇਹ ਵੱਡਾ ਟਰੈਕਟਰ ਜਾਗ੍ਰਿਤੀ ਮਾਰਚ ਦਾਣਾ ਮੰਡੀ ਫਗਵਾੜਾ ਤੋਂ ਆਰੰਭ ਹੋਇਆ ਅਤੇ ਰਾਮਾ ਮੰਡੀ ਜਲੰਧਰ ਤੱਕ ਪਹੁੰਚਿਆ ਅਤੇ ਫਿਰ ਮੁੜ ਵਾਪਸ ਦਾਣਾ ਮੰਡੀ ਫਗਵਾੜਾ ਪੁੱਜਾ। ਇਸ ਜਾਗ੍ਰਿਤੀ ਮਾਰਚ ਵਿੱਚ ਸਮਾਜਿਕ ਜੱਥੇਬੰਦੀਆਂ, ਕਿਸਾਨ ਜੱਥੇਬੰਦੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਮੁਹਤਵਾਰ ਸੱਜਣਾਂ ਨੇ ਹਿੱਸਾ ਲਿਆ। ਭਾਵੇਂ ਕੋਈ ਵੀ ਸਿਆਸੀ ਪਾਰਟੀ ਦਾ ਝੰਡਾ ਇਸ ਮਾਰਚ ਵਿੱਚ ਨਹੀਂ ਦਿਖਿਆ ਪਰ ਕਾਂਗਰਸ , ਆਮ ਆਦਮੀ ਪਾਰਟੀ ਤੋਂ ਬਿਨ੍ਹਾਂ ਹੋਰ ਪਾਰਟੀਆਂ ਦੇ ਵਰਕਰ ਵੱਡੀ ਗਿਣਤੀ ਵਿੱਚ ਇਸ ਟਰੈਕਟਰ ਜਾਗ੍ਰਿਤੀ ਮਾਰਚ ਵਿੱਚ ਸ਼ਾਮਲ ਹੁੰਦੇ ਵੇਖੇ ਗਏ।