ਅਸ਼ੋਕ ਵਰਮਾ
ਮਾਨਸਾ, 17 ਜਨਵਰੀ 2021 - ਮਾਨਵ ਮੰਚ ਪਟਿਆਲਾ ਦੀ ਟੀਮ ਨੇ ਮਾਨਸਾ ਜਿਲੇ ਦੇ ਵੱਡੇ ਪਿੰਡਾਂ ਮਲਕਪੁਰ ਖਿਆਲਾ ਤੇ ਖਿਆਲਾ ਕਲਾਂ ’ਚ ‘ਦਿੱਲੀ ਚੱਲੋ’ ਨਾਟਕ ਰਾਹੀਂ ਕਿਸਾਨ ਸੰਘਰਸ਼ ’ਚ ਕੁੱਦਣ ਦਾ ਸੱਦਾ ਦਿੱਤਾ। ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖੇ ਤੇ ਨਿਰਦੇਸ਼ਿਤ ਕੀਤੇ ਇਸ ਨਾਟਕ ਦੀ ਖਾਸੀਅਤ ਇਹ ਹੈ ਕਿ ਇਸ ਦੇ ਪਾਤਰ ਕਿਸਾਨ ਸੰਘਰਸ਼ ਦਾ ਹਿੱਸਾ ਬਣੇ ਵਡੇਰੀ ਉਮਰ ਦੇ ਨੇਤਾਵਾਂ ਤੇ ਨੌਜਵਾਨਾਂ ਨੂੰ ਬਣਾਇਆ ਗਿਆ ਹੈ। ਨਾਟਕ ਦੌਰਾਨ ਵੱਖ ਵੱਖ ਵਰਗਾਂ ਦੇ ਲੋਕ ਕਿਸਾਨ ਆਗੂਆਂ ਨਾਲ ਬਹਿਸ ਕਰਦਿਆਂ ਕਾਨੂੰਨ ਰੱਦ ਕਰਨ ਸਬੰਧੀ ਬੇਬਸੀ ਜ਼ਾਹਰ ਕਰਦੇ ਹਨ। ਇਸੇ ਦੌਰਾਨ ਨੌਜਵਾਨ ਆਗੂਆਂ ਵੱਲੋਂ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਕਿਸਾਨ ਸੰਘਰਸ਼ ‘ਚ ਕੁੱਦਣ ਲਈ ਉਤਸ਼ਾਹਿਤ ਕਰ ਦਿੱਤਾ ਜਾਂਦਾ ਹੈ।
ਇਸ ਲਾਮਬੰਦੀ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਕਿਸਾਨ ਮੋਰਚੇ ‘ਚ ਜਾਣ ਲਈ ਤਿਆਰ ਹੋ ਜਾਂਦੇ ਹਨ। ਇਸ ਨਾਟਕ ‘ਚ ਗੋਦੀ ਮੀਡੀਆ, ਕਾਲੇ ਕਾਨੂੰਨਾਂ, ਸਰਮਾਏਦਾਰ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਲੁੱਟ ਅਤੇ ਭੋਲ ਭਾਲੇ ਲੋਕਾਂ ਦੀ ਤਰਾਸ਼ਦੀ ਨੂੰ ਖੂਬਸੂਰਤ ਤਰੀਕੇ ਨਾਲ ਚਿਤਰਿਆ ਗਿਆ ਹੈ। ਨਾਟਕ ‘ਦਿੱਲੀ ਚੱਲੋ’ ਦਾ ਇੱਕ ਇਨਕਲਾਬੀ ਗੀਤ ਨਾਲ ਅੰਤ ਹੁੰਦਾ ਹੈ। ਨਾਟਕ ਟੀਮ ਦੇ ਕਲਾਕਾਰ ਜਸ਼ਨਪ੍ਰੀਤ ਕੌਰ ਤਾਣਾ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਕਸਿਆਣਾ, ਮਨਿੰਦਰ ਸਿੰਘ, ਸਿਮਰਤਰਾਜ ਸਿੰਘ, ਸ਼ਰਨਦੀਪ ਚੀਮਾਂ, ਜਸਕਰਨ ਸਿੰਘ, ਮਹਿਕਪ੍ਰੀਤ ਅਤਾਪੁਰ, ਤਨੂਜਾ, ਕਿਰਨ ਤੇ ਸ਼ਰਨਦੀਪ ਸੰਧੂ ਦੀ ਅਦਾਕਾਰੀ ਨੂੰ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮਾਨਵ ਮੰਚ ਦੀ ਟੀਮ ਇਸ ਨਾਟਕ ਨਾਲ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਨੂੰ ਦਿੱਲੀ ਮੋਰਚੇ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਪਿੰਡ ਮਲਕਪੁਰ ਖਿਆਲਾ ’ਚ ਸਰਪੰਚ ਨਿਰਮਲ ਸਿੰਘ, ਪੰਚ ਬਲਜੀਤ ਸਿੰਘ ਚਹਿਲ ਅਤੇ ਜਿਲਾ ਪੀ੍ਸ਼ਦ ਮੈਬਰ ਬਬਲਜੀਤ ਸਿੰਘ ਦੀ ਅਗਵਾਈ ‘ਚ ਨਾਟਕ ਕਰਵਾਇਆ ਗਿਆ। ਏਦਾਂ ਹੀ ਪਿੰਡ ਖਿਆਲਾਂ ਕਲਾ ਵਿਖੇ ਡਾ ਬਿੱਕਰ ਸਿੰਘ, ਕਿਸਾਨ ਆਗੂ ਗੁਰਜੰਟ ਸਿੰਘ, ਡਾ. ਗੁਰਤੇਜ ਸਿੰਘ ਅਤੇ ਪਿੰਡ ਰੱਲਾ ਵਿਖੇ ਬੱਲਮ ਸਿੰਘ ਮੰਦਰਾਂ ਵਾਲੇ ਤੇ ਸਾਬਕਾ ਸਰਪੰਚ ਬਲਦੇਵ ਸਿੰਘ ਇੰਦਰਬੀਰ ਕਾਕਾ, ਪੰਚ ਅਮਰੀਕ ਸਿੰਘ ਸੂਬੇਦਾਰ ਬਹਾਦਰ ਸਿੰਘ ਮਨਜੀਤ ਸਿੰਘ ਦੀ ਦੇਖ-ਰੇਖ ‘ਚ ਨਾਟਕ ਦਾ ਮੰਚਨ ਕੀਤਾ ਗਿਆ।