ਅੰਮ੍ਰਿਤਸਰ, 2 ਫਰਵਰੀ 2021 - ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨਾਂ ਦੇ ਕਰਕੇ ਜਿੱਥੇ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਹੋ ਰਿਹਾ ਹੈ ਉਥੇ ਹੀ ਪਾਰਟੀ ਦੇ ਨੇਤਾਵਾਂ ਵਲੋਂ ਅਸਤੀਫੇ ਵੀ ਲਗਾਤਾਰ ਦਿੱਤੇ ਜਾ ਰਹੇ ਹਨ। ਇਸੇ ਹੀ ਸਿਲਸਿਲੇ ਨੂੰ ਬਰਕਰਾਰ ਰੱਖਦੇ ਹੋਏ ਅੰਮ੍ਰਿਤਸਰ ਦੇ ਦਿਹਾਤੀ ਉੱਪ ਪ੍ਰਧਾਨ ਤਜਿੰਦਰ ਸਿੰਘ ਚੰਦੀ ਨੇ ਆਪਣਾ ਅਸਤੀਫ਼ਾ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਹਰਦਿਆਲ ਸਿੰਘ ਔਲਖ ਨੂੰ ਭੇਜ ਦਿੱਤਾ ਹੈ। ਬਾਬੂਸ਼ਾਹੀ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ, ਉਨ੍ਹਾਂ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਹ ਕਿਸਾਨਾਂ ਦੇ ਨਾਲ ਸਨ, ਉਨ੍ਹਾਂ ਨੂੰ ਇਹ ਉਮੀਦ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਵੇਗੀ ਲੇਕਿਨ ਅਜਿਹਾ ਨਹੀਂ ਹੋਇਆ ਅਤੇ ਉਨ੍ਹਾਂ ਨੇ ਹਾਰ ਕੇ ਭਾਜਪਾ ਦੀ ਅਹੁਦੇਦਾਰੀ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ।
ਪੇਸ਼ੇ ਤੋਂ ਟਰਾਂਸਪੋਰਟਰ ਤੇਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲਾਂ ਤੋਂ ਭਾਜਪਾ ਪਾਰਟੀ ਦੇ ਨਾਲ ਜੁੜੇ ਹੋਏ ਸਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਵੀ ਦਿੱਤਾ ਸੀ ਲੇਕਿਨ ਕਿਸਾਨੀ ਮੁੱਦੇ ਨੂੰ ਲੈ ਕੇ ਉਹ ਬਹੁਤ ਹੀ ਪਰੇਸ਼ਾਨ ਰਹਿੰਦੇ ਸਨ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਕਾਫੀ ਉਮੀਦ ਸੀ ਜੋ ਕਿ ਨਹੀਂ ਹੋ ਸਕਿਆ।
ਕਈ ਦਿਨਾਂ ਤੋਂ ਸਨ ਬੇਚੈਨ...
ਚੰਦੀ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਦਿਨ ਰਾਤ ਉਨ੍ਹਾਂ ਨੂੰ ਆਪਣੇ ਕਿਸਾਨ ਵੀਰਾਂ ਦੀ ਜੋ ਕਿ ਠੰਢ ਵਿੱਚ ਧਰਨੇ ਵਿੱਚ ਬੈਠੇ ਹੋਏ ਹਨ ਉਨ੍ਹਾਂ ਨੂੰ ਲੈ ਕੇ ਮਨ ਵਿੱਚ ਬੇਚੈਨੀ ਛਾਈ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਉਮੀਦ ਦੇ ਉਲਟ ਕਾਨੂੰਨ ਰੱਦ ਨਹੀਂ ਕੀਤਾ। ਬਲਕਿ ਉੱਥੇ ਬੈਠੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨਕਾਰੀਆਂ ਦੇ ਉੱਤੇ ਇੰਟਰਨੈੱਟ ਸੇਵਾਵਾਂ ਬੰਦ ਅਤੇ ਹੋਰ ਚਾਲਾਂ ਦੇ ਨਾਲ ਤਸ਼ੱਦਦ ਦੀ ਅੱਤ ਕਰ ਦਿੱਤੀ ਹੈ, ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੇ ਇਹ ਅਸਤੀਫਾ ਦੇ ਦਿੱਤਾ ਹੈ।