ਰਾਜਿੰਦਰ ਕੁਮਾਰ
- ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨੋ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ,ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ-ਬੈਂਸ
ਬੰਗਾ,15 ਜਨਵਰੀ 2021 - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧੀ ਕੀਰਤੀ ਕਿਸਾਨ ਯੂਨੀਅਨ ਵਲੋਂ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਬੈਂਸ ਦੀ ਅਗਵਾਈ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਟਰੈਕਟਰਾ ਅਤੇ ਨਿੱਜੀ ਗੱਡੀਆ ਤੇ ਸਵਾਰ ਹੋਕੇ ਕਿਸਾਨਾ ਨੇ ਪਿੰਡ ਖਟਕੜਕਲਾ ਤੋਂ ਇਕ ਵਿਸ਼ਾਲ ਟਰੈਕਟਰ ਰੈਲੀ ਕੱਢੀ।ਇਹ ਟਰੈਕਟਰ ਰੈਲੀ ਬੰਗਾ ਸ਼ਹਿਰ ,ਪਿੰਡ ਮਜਾਰੀ, ਮੱਲੂਪੋਤਾ ,ਲੰਗੇਰੀ, ਚੱਕ ਬਿਲਗਾ, ਨੂਰਪੁਰ, ਸਰਹਾਲ ਕਾਜੀਆ, ਖਾਨਪੁਰ, ਖਾਨਖਾਨਾ, ਗੁਣਾਚੌਰ,ਰਾਜਾ ਸਾਹਿਬ ਮਜਾਰਾ ਸਾਹਿਬ, ਕਰਨਾਣਾ, ਰਸੂਲਪੁਰ, ਮੁਸਾਪੁਰ, ਮੱਲਪੁਰ,ਕਰੀਹਾ, ਬੈਂਸ ,ਭੂਤਾਂ ਹੁੰਦੇ ਹੋਏ ਵਾਪਿਸ ਪਿੰਡ ਕਾਹਮਾ ਵਿਖੇ ਸਮਾਪਤ ਹੋਈ। ਪਿੰਡ ਮਜਾਰਾ ਵਿਖੇ ਯੂਨੀਅਨ ਦੀ ਇਕਾਈ ਵਲੋਂ ਰੈਲੀ ਵਿਚ ਸ਼ਾਮਿਲ ਕਿਸਾਨਾਂ ਲਈ ਲੰਗਰ ਅਤੇ ਪੀਣ ਵਾਲੇ ਪਾਣੀ ਦੀ ਸੇਵਾ ਕੀਤੀ ਗਈ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਯੂਨੀਅਨ ਦੇ ਹਰਮੇਸ਼ ਸਿੰਘ ਢੇਸੀ ਸੂਬਾ ਸਕੱਤਰ, ਜਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਬੈਂਸ, ਕਿਸਾਨ ਆਗੂ ਜਸਵੀਰ ਸਿੰਘ ਮੰਗੂਵਾਲ, ਸੁੱਚਾ ਸਿੰਘ ਬੈਂਸ, ਕਸ਼ਮੀਰ ਸਿੰਘ ਮੱਲ ਪੁਰ ਅੜਕਾ, ਸੁਰਜੀਤ ਸਿੰਘ ਭੂਤਾਂ ,ਅਵਤਾਰ ਸਿੰਘ ਕੱਟਾ ਜਰਨੈਲ ਸਿੰਘ ਕਾਹਮਾ , ਕਸ਼ਮੀਰ ਸਿੰਘ ਕਾਹਮਾ, ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਵਲੋਂ ਕੀਤੇ ਜਾ ਰਹੇ ਇਹ ਧਰਨੇ ਪ੍ਰਦਸ਼ਨ ਉਨ੍ਹਾਂ ਚਿਰ ਤੱਕ ਜਾਰੀ ਰਹਿਣਗੇ ਜਦੋ ਤੱਕ ਸਰਕਾਰ ਪਾਸ ਕੀਤੇ ਗਏ ਤਿੰਨੋ ਕਾਲੇ ਕਾਨੂੰਨ ਵਾਪਿਸ ਨਹੀਂ ਲੈ ਲੈਂਦੀ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੀ ਟਰੈਕਟਰ ਪਰੇਡ ਇਕ ਇਤਿਹਾਸਕ ਪਰੇਡ ਹੋਵੇਗੀ ਜਿਸ ਵਿੱਚ ਲੱਖਾਂ ਦੀ ਤਾਦਾਦ ਵਿਚ ਕਿਸਾਨ ਆਪੋ ਆਪਣੇ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਕਿਹਾ ਕਿ ਉਹ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਆਪਣੇ ਕਿਸਾਨ ਭਰਾਵਾਂ ਦੀ ਸ਼ਹਾਦਤ ਨੂੰ ਅਜਾਈ ਨਹੀਂ ਜਾਣ ਦੇਣਗੇ ,ਅਤੇ ਦਿੱਲੀ ਤੋਂ ਉਦੋਂ ਹੀ ਧਰਨੇ ਚੁੱਕਣਗੇ ਜਦੋ ਮੋਦੀ ਸਰਕਾਰ ਕਰੋਨਾ ਮਹਾਮਾਰੀ ਦੀ ਆੜ ਵਿੱਚ ਆਪਣੇ ਦੁਆਰਾ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ।ਇਸ ਮੌਕੇ ਤੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜਰ ਸਨ।