ਮਨਿੰਦਰਜੀਤ ਸਿੱਧੂ
- ਸਵਰਗਵਾਸੀ ਪਟਵਾਰੀ ਜਗਮੀਤ ਸਿੰਘ ਬਰਾੜ ਦੀ ਮਾਤਾ ਵੱਲੋਂ ਕਿਸਾਨੀ ਸੰਘਰਸ਼ ਲਈ 11000 ਰੁਪਏ ਦੀ ਮਦਦ
ਜੈਤੋ, 21 ਜਨਵਰੀ, 2021 - ਕਿਸਾਨੀ ਅੰਦੋਲਨ ਵਿੱਚ ਪੰਜਾਬ ਦੇ ਲੋਕ ਤਨ ਮਨ ਅਤੇ ਧਨ ਨਾਲ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਲੱਖਾਂ ਲੋਕ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਡਟੇ ਹੋਏ ਹਨ। ਵੱਡੀ ਗਿਣਤੀ ਵਿੱਚ ਲੋਕ ਇਸ ਅੰਦੋਲਨ ਦੀ ਸੋਸ਼ਲ ਮੀਡੀਆ ਉੱਪਰ ਮਦਦ ਕਰ ਰਹੇ ਹਨ ਅਤੇ ਜੋ ਲੋਕ ਦਿੱਲੀ ਨਹੀਂ ਪਹੁੰਚ ਸਕਦੇ ਜਾਂ ਜੋ ਸੋਸ਼ਲ ਮੀਡੀਆ ਉੱਪਰ ਕੰਮ ਨਹੀਂ ਕਰ ਸਕਦੇ ਉਹ ਵੱਡੀ ਮਾਤਰਾ ਵਿੱਚ ਲੜ ਰਹੀਆਂ ਕਿਸਾਨ ਜੱਥੇਬੰਦੀਆਂ ਦੀ ਆਰਥਿਕ ਮਦਦ ਕਰ ਰਹੇ ਹਨ।
ਨੇੜਲੇ ਪਿੰਡ ਗੁੰਮਟੀ ਖੁਰਦ(ਸੇਵੇਵਾਲਾ) ਦੇ ਵਸਨੀਕ ਬਲਵਿੰਦਰ ਕੌਰ ਵੱਲੋਂ ਆਪਣੇ ਸਵਰਗੀ ਪੁੱਤਰ ਜਗਮੀਤ ਸਿੰਘ ਬਰਾੜ ਪਟਵਾਰੀ ਦੇ ਜਨਮਦਿਨ ਦੇ ਮੌਕੇ ਉੱਪਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਹੁਦੇਦਾਰਾਂ ਨੂੰ ਕਿਸਾਨੀ ਸੰਘਰਸ਼ ਵਿੱਚ ਮਦਦ ਕਰਨ ਲਈ 11000 ਰੁਪਏ ਦੀ ਮਾਇਕ ਸਹਾਇਤਾ ਪ੍ਰਦਾਨ ਕੀਤੀ।ਪਰਿਵਾਰ ਵੱਲੋਂ ਕੀਤੇ ਗਏ ਇਸ ਕਾਰਜ ਦੀ ਸਮੁੱਚੇ ਪਿੰਡ ਅਤੇ ਜੈਤੋ ਇਲਾਕੇ ਦੇ ਲੋਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਸ਼ੁਰੂ ਤੋਂ ਹੀ ਇਨਕਲਾਬੀ ਸੋਚ ਦਾ ਧਾਰਨੀ ਰਿਹਾ ਹੈ ਅਤੇ ਇਸ ਪਿੰਡ ਦੇ ਕਿਸਾਨ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਵਿੱਚ ਪਹਿਲੇ ਦਿਨ ਤੋਂ ਡਟੇ ਹੋਏ ਹਨ ਅਤੇ ਹੁਣ 26 ਜਨਵਰੀ ਦੀ ਟਰੈਕਟਰ ਪਰੇਡ ਲਈ ਵੀ ਪਿੰਡ ਦੇ ਕਿਸਾਨਾਂ ਵੱਲੋਂ ਭਾਕਿਯੂ ਸਿੱਧੂਪੁਰ ਦੀ ਅਗਵਾਈ ਵਿੱਚ ਵੱਡੀ ਤਿਆਰੀ ਕੀਤੀ ਹੋਈ ਹੈ ਅਤੇ ਦਰਜਨਾਂ ਟਰੈਕਟਰ ਦਿੱਲੀ ਨੂੰ ਜਾਣ ਲਈ ਫੁਕਾਰੇ ਮਾਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਘੁੱਕਰ, ਹਰਦੇਵ ਸਿੰਘ, ਬਲਜੀਤ ਸਿੰਘ ਮੈਂਬਰ, ਗੁਰਮੇਲ ਸਿੰਘ ਆਦਿ ਹਾਜਰ ਸਨ।