ਅਸ਼ੋਕ ਵਰਮਾ
ਚੰਡੀਗੜ੍ਹ, 19 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ‘ਤੇ ਅੱਜ ਕਾਲੇ ਖੇਤੀ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਸਾਮਰਾਜੀ ਅਦਾਰੇ ‘ਕੌਮਾਂਤਰੀ ਮੁਦਰਾ ਕੋਸ਼’ ਅਤੇ ‘ਵਿਸ਼ਵ ਵਪਾਰ ਸੰਸਥਾ‘ ਖਿਲਾਫ ਰੋਹ ਨਾਲ ਭਰੇ ਕਿਸਾਨਾਂ 42 ਥਾਂਈਂ ਕਾਰਪੋਰੇਟਾਂ ਵਿਰੁੱਧ ਧਰਨਿਆਂ ਤੋਂ ਇਲਾਵਾ 16 ਜਿਲਿ੍ਹਆਂ ਦੇ 560 ਪਿੰਡਾਂ ’ਚ ਪੁਤਲੇ ਸਾੜੇ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਕੌਮਾਂਤਰੀ ਮੁਦਰਾ ਕੋਸ਼ ਨੇ ਮੋਦੀ ਹਕੂਮਤ ਦੀ ਪਿੱਠ ਥਾਪੜਨ ਵਾਲੇ ਇਸ ਬਿਆਨ ਰਾਹੀਂ ਕਾਲੇ ਕਾਨੂੰਨ ਦੇਸ਼ ਦੇ ਕਿਸਾਨਾਂ ਸਿਰ ਮੜ੍ਹਨ ਲਈ ਬਜਿੱਦ ਇਸ ਹਕੂਮਤ ਨਾਲ ਦੁਨੀਆਂ ਭਰ ਦੀਆਂ ਸਾਮਰਾਜੀ ਕੰਪਨੀਆਂ ਦੀ ਗੂੜੀ ਸਾਂਝ ਦੀ ਪੁਸ਼ਟੀ ਠੋਕ ਵਜਾ ਕੇ ਕੀਤੀ ਹੈ।
ਵੱਖ ਵੱਖ ਥਾਂਈਂ ਪੁਤਲਾ ਫੂਕ ਮੁਜ਼ਾਹਰਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਸੂਬਾਈ ਮੁਹਿੰਮ ਕਮੇਟੀ ਦੇ ਆਗੂਆਂ ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬਰਾਸ, ਚਮਕੌਰ ਸਿੰਘ ਨੈਣੇਵਾਲ, ਸਰੋਜ ਦਿਆਲਪੁਰਾ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ ਰਾਮ ਸਿੰਘ ਭੈਣੀਬਾਘਾ, ਗੁਰਭਗਤ ਸਿੰਘ ਭਲਾਈਆਣਾ, ਲਖਵਿੰਦਰ ਸਿੰਘ ਮੰਜਿਆਂਵਾਲੀ, ਮੋਹਨ ਸਿੰਘ ਨਕੋਦਰ ਨੱਥਾ ਸਿੰਘ ਬਰਾੜ ਬਲਵੰਤ ਸਿੰਘ ਘੁਡਾਣੀ,ਗੁਰਮੀਤ ਸਿੰਘ ਕਿਸ਼ਨਪੁਰਾ ਆਦਿ ਸ਼ਾਮਲ ਸਨ। ਉਹਨਾਂ ਐਲਾਨ ਕੀਤਾ ਕਿ ਮੋਦੀ ਹਕੂਮਤ ਦੀ ਕਾਨੂੰਨਾਂ ਵਿੱਚ ਸੋਧਾਂ ਦੀ ਮੁਹਾਰਨੀ ਅਤੇ ਗੱਲਬਾਤ ਦੇ ਗੇੜ ਲਗਾਤਾਰ ਲਮਕਾਉਣ ਦੀਆਂ ਫਰੇਬੀ ਚਾਲਾਂ ਨੂੰ ਵੀ ਉਸੇ ਤਰਾਂ ਫੇਲ ਕੀਤਾ ਜਾਵੇਗਾ ਜਿਵੇਂ ਕਿ ਹਿੰਸਾਵਾਦੀ ਹੋਣ ਦੇ ਤਰਾਂ ਤਰਾਂ ਦੇ ਦੋਸ਼ ਅਮਲਾਂ ਰਾਹੀਂ ਕੁੱਟੇ ਗਏ ਹਨ।
ਔਰਤ ਕਿਸਾਨ ਮਜਦੂਰ ਰੈਲੀਆਂ ਵਿੱਚ ਹੋਏ ਦਹਿ ਹਜਾਰਾਂ ਦੇ ਰੋਹ ਭਰਪੂਰ ਇਕੱਠ ਅਤੇ ਪੰਜਾਬ ਵਿੱਚ 111 ਦਿਨਾਂ ਤੋਂ 42 ਥਾਵਾਂ ‘ਤੇ ਦਿਨੇ ਰਾਤ ਕਾਰਪੋਰੇਟ ਕਾਰੋਬਾਰਾਂ ਦੇ ਘਿਰਾਓ ਧਰਨਿਆਂ ‘ਚ ਲਗਾਤਾਰ ਸ਼ਾਮਲ ਹਜਾਰਾਂ ਕਿਸਾਨਾਂ ਮਜਦੂਰਾਂ ਔਰਤਾਂ ਤੋਂ ਇਲਾਵਾ ਹੱਡਚੀਰਵੀਂ ਠੰਢ ਵਿੱਚ ਵੀ ਦਿੱਲੀ ਬਾਰਡਰਾਂ ‘ਤੇ 55 ਦਿਨਾਂ ਤੋਂ ਡਟੇ ਹੋਏ ਲੱਖਾਂ ਸ਼ਾਂਤਮਈ ਕਿਸਾਨਾਂ ਮਜਦੂਰਾਂ ਔਰਤਾਂ ਦਾ ਅੰਤਿਮ ਜਿੱਤ ਤੱਕ ਡਟੇ ਰਹਿਣ ਵਾਲਾ ਸਿਦਕ ਸਿਰੜ ਇਹੀ ਸਾਬਤ ਕਰਦਾ ਹੈ ਕਿ ਮੋਦੀ ਭਾਜਪਾ ਸਾਮਰਾਜੀ ਗੱਠਜੋੜ ਦੀਆਂ ਕਿਸਾਨ ਮਾਰੂ ਲੋਕ ਮਾਰੂ ਨੀਤੀਆਂ ਦਾ ਖਾਤਮਾ ਕਰ ਕੇ ਹੀ ਦਮ ਲਿਆ ਜਾਵੇਗਾ।
ਬੁਲਾਰਿਆਂ ਨੇ ਕਿਹਾ ਕਿ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਪ੍ਰਦੂਸਣ ਆਰਡੀਨੈਂਸ ਰੱਦ ਕਰਾਉਣ ਸਮੇਤ ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਵਾਉਣ ਵਰਗੀਆਂ ਮੌਜੂਦਾ ਘੋਲ਼ ਦੀਆਂ ਮੁੱਖ ਮੰਗਾਂ ਮੰਨਵਾ ਕੇ ਹੀ ਦਮ ਲਿਆ ਜਾਵੇਗਾ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਦਿੱਲੀ ‘ਚ 26 ਜਨਵਰੀ ਦੀ ਕਿਸਾਨ ਪਰੇਡ ਦੀ ਤਿਆਰੀ ਲਈ 20-21 ਜਨਵਰੀ ਨੂੰ ਪੰਜਾਬ ਭਰ ਵਿੱਚ ਕੀਤੇ ਜਾ ਰਹੇ ਟ੍ਰੈਕਟਰ ਮਾਰਚਾਂ ਲਈ ਨੌਜਵਾਨਾਂ ਵਿੱਚ ਜਬਰਦਸਤ ਉਤਸ਼ਾਹ ਪਾਇਆ ਜਾ ਰਿਹਾ ਹੈ।