ਗੁਰਨਾਮ ਚਡੂਨੀ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਕਿਹੜਾ ਦਿੱਤਾ ਸਪੱਸ਼ਟੀਕਰਨ....ਪੜ੍ਹੋ?
ਨਵੀਂ ਦਿੱਲੀ,18 ਜਨਵਰੀ,2021: ਕਿਸਾਨ ਜਥੇਬੰਦੀਆਂ ਤੇ ਗੁਰਨਾਮ ਚਡੂਨੀ ਵਿਚਾਲੇ ਵਿਵਾਦ ਹੱਲ ਹੋ ਗਿਆ। ਇਸ ਬਾਰੇ ਸਯੁੰਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਨੇ ਗੁਰਨਾਮ ਸਿੰਘ ਚਡੂਨੀ ਵੱਲੋਂ ਬੀਤੇ ਦਿਨੀਂ ਕਈ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਮੀਟਿੰਗ ਨਾਲ ਸਬੰਧਤ ਵਿਵਾਦ ਬਾਰੇ ਵਿਚਾਰ ਦਿੱਤੇ ਨੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਮੁਤਾਬਕ ਗੁਰਨਾਮ ਸਿੰਘ ਨੇ ਕਮੇਟੀ ਸਾਹਮਣੇ ਆਪਣੀ ਸਥਿਤੀ ਬਾਰੇ ਦੱਸਦੇ ਹੋਏ ਲਿਖਿਆ ਕਿ ਉਹਨਾਂ ਨੇ ਕੱਲ੍ਹ ਦੀ ਮੀਟਿੰਗ ਨੂੰ ਆਪਣੀ ਨਿੱਜੀ ਸਮਰੱਥਾ ਵਿੱਚ ਬੁਲਾਇਆ ਸੀ। ਇਸ ਮੁਲਾਕਾਤ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਇਸ ਗੱਲ ਦਾ ਅਹਿਸਾਸ ਕਰਦਿਆਂ ਉਨ੍ਹਾਂ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਇਸ ਅੰਦੋਲਨ ਦੌਰਾਨ ਭਵਿੱਖ ਵਿਚ ਕਿਸੇ ਵੀ ਰਾਜਨੀਤਕ ਮੀਟਿੰਗ ਵਿਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੀ, ਹਨ ਅਤੇ ਰਹਿਣਗੇ ਵੀ।
ਕਮੇਟੀ ਨੇ ਇਸ ਸਪਸ਼ਟੀਕਰਨ ਦਾ ਸਵਾਗਤ ਕਰਦਿਆਂ ਫੈਸਲਾ ਕੀਤਾ ਕਿ ਵਿਵਾਦ ਨੂੰ ਹੁਣ ਖਤਮ ਕੀਤਾ ਜਾਣਾ ਚਾਹੀਦਾ ਹੈ। ਇਹ ਇਤਿਹਾਸਕ ਅੰਦੋਲਨ ਜਿਸ ਮੋੜ ਤੇ ਹੈ ਉਸ ਵਿਚ ਏਕਤਾ ਅਤੇ ਅਨੁਸ਼ਾਸਨ ਸਭ ਤੋਂ ਉਪਰ ਹੈ। ਲੋਕਾਂ ਦੇ ਸਹਿਯੋਗ ਨਾਲ ਕਿਸਾਨ ਜੱਥੇਬੰਦੀਆਂ ਹੀ ਇਸ ਲਹਿਰ ਨੂੰ ਇਥੇ ਲੈ ਕੇ ਆਈਆਂ ਹਨ ਅਤੇ ਕਿਸਾਨ ਜਥੇਬੰਦੀਆਂ ਹੀ ਇਸ ਨੂੰ ਮੁਕਾਮ 'ਤੇ ਲੈ ਜਾਣਗੀਆਂ। ਕੋਈ ਵੀ ਸੰਗਠਨ ਜਾਂ ਪਾਰਟੀ ਆਪਣੇ ਆਪ ਇਸ ਲਹਿਰ ਦਾ ਸਮਰਥਨ ਕਰਨ ਲਈ ਆਜ਼ਾਦ ਹੈ, ਪਰ ਅੰਦੋਲਨ ਦਾ ਸਿੱਧੇ ਤੌਰ 'ਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ।