ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਨੂੰ ਦਿੱਤੀ ਵਧਾਈ
ਅੰਮ੍ਰਿਤਸਰ, 18 ਜਨਵਰੀ 2021 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਮੌਕੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦੇਂਦਿਆਂ ਕਿਹਾ ਵਹ ਪ੍ਰਗਟਿਓ ਮਰਦ ਅਗੰਮੜਾ ਜਿਸਨੇ ਸਾਰਾ ਪ੍ਰੀਵਾਰ ਵਾਰ ਕੇ ਦੂਜੇ ਧਰਮਾਂ ਦੀ ਰਾਖੀ ਅਤੇ ਆਨਸ਼ਾਨ ਨਾਲ ਸਿਰ ਚੁੱਕ ਕੌਮ ਨੂੰ ਜਿਊਣ ਦੀ ਜਾਂਚ ਸਿਖਾਈ ਦੇ ਉਪਦੇਸ਼ਾਂ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਭ ਸੰਗਤਾਂ ਵਲੋਂ ਸਰਬੰਸ ਦਾਨੀ ਦਾ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਗੁਰੂ ਘਰ ਵਿਚ 20 ਜਨਵਰੀ ਨੂੰ ਮਨਾਇਆ ਜਾਵੇਗਾ, ਪਰ ਨਾਲ ਹੀ ਉਨ੍ਹਾਂ ਦਿਲੀ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਸੇਵਾ ਕਰ ਰਹੇ ਕਿਸਾਨ ਭਰਾਵਾਂ ਦੀਆਂ ਦਿਨੋ ਦਿਨ ਵੱਧ ਰਹੀਆਂ ਮੌਤਾਂ ਤੇ ਗਹਿਰੇ ਦੁਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕਈ ਤਰਾਂ ਦੇ ਹੱਥਕੰਡੇ ਵਰਤ ਰਹੀ ਹੈ ਪਰ ਇਹ ਸਭ ਅਸਫਲ ਰਹਿਣਗੇ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਵਾਲਿਆਂ ਮਦਦਗਾਰਾਂ, ਪੱਤਰਕਾਰਾਂ ਅਤੇ ਕਿਸਾਨਾਂ ਨੂੰ (ਐਨ. ਆਈ. ਏ) ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਨੋਟਿਸ ਕੱਢ ਕੇ ਹਿਰਾਸ ਕੀਤਾ ਜਾ ਰਿਹਾ ਹੈ।ਇਹ ਸਰਕਾਰ ਦੀ ਅੰਦਰਲੀ ਬੁਖਲਾਹਟ ਦਾ ਹੀ ਨਤੀਜਾ ਹੈ।ਉਨ੍ਹਾਂ ਸਪੱਸ਼ਟ ਕਿਹਾ ਕਿ ਸੰਸਾਰ ਭਰ ਵਿਚ ਕਿਤੇ ਵੀ ਅਨਮਨੁੱਖੀ ਭਾਣਾ ਜਾਂ ਕੁਦਰਤੀ ਆਫਤ ਆਉਂਦੀ ਹੈ ਤਾਂ “ਸਿਖ ਏਡਜ਼” ਦੇ ਕਾਰਕੁੰਨ ਸਹਾਇਤਾ ਲਈ ਸਰਕਾਰਾਂ ਤੋਂ ਪਹਿਲਾਂ ਮਦਦਗਾਰ ਹੁੰਦੇ ਹਨ ਨੂੰ ਵੀ ਇਸ ਏਜੰਸੀ ਵਲੋਂ ਨੋਟਿਸ ਕੱਢਣਾ ਅੱਤ ਦੁੱਖਦਾਈ ਮੰਦਭਾਗਾ ਤੇ ਨਿੰਦਣਯੋਗ ਹੈ, ਜਿਸ ਦੀ ਸੰਸਾਰ ਪੱਧਰ ਤੇ ਡਟਵੀ ਨਿੰਦਾ ਹੋਣੀ ਚਾਹੀਦੀ ਹੈ।ਸਾਂਤਮਈ ਸੰਘਰਸ਼ ਕਰਨਾ ਭਾਰਤੀ ਸਵਿਧਾਨਕ ਹੱਕ ਹੈ।ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਅਵਾਜ਼ ਦੇਸ-ਪ੍ਰਦੇਸ ਅਤੇ ਵਿਦੇਸ਼ਾਂ ਵਿਚ ਵੀ ਗੂੰਜ ਰਹੀ ਹੈ।ਹੁਣ ਇਸ ਨੂੰ ਦਬਾਉਣਾ ਸਰਕਾਰ ਦੀ ਆਪਣੀ ਤਖਤੀ ‘ਚ ਕਿੱਲ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਦਿਲੀ ਸਰਹੱਦਾਂ ਤੇ ਸੰਘਰਸ਼ ਲੜ੍ਹ ਰਹੇ ਕਿਸਾਨਾਂ ਨੂੰ ਵੱਖ-ਵੱਖ ਤਰਾਂ ਦੇ ਲਕਬ ਦੇ ਕੇ ਬਦਨਾਮ ਕਰਨਾ ਦੇ ਕੋਝੇ ਜਤਨ ਕੀਤੇ ਜਾ ਰਹੇ ਹਨ। ਨਾ ਉਹ ਅਤਿਵਾਦੀ ਹਨ, ਨਾ ਉਹ ਵੱਖਵਾਦੀ ਹਨ, ਨਾ ਉਹ ਦੇਸ਼ ਵਿਰੋਧੀ ਹਨ, ਉਹ ਤੇ ਕੇਵਲ ਹੱਕਵਾਦੀ ਹਨ। ਬਣਦਾ ਹੱਕ, ਇਨਸਾਫ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।ਭਾਜਪਾ ਦੇ ਹੀ ਕੁਝ ਆਗੂ ਵੱਖ-ਵੱਖ ਤਰਾਂ ਦੀ ਬਿਆਨਬਾਜ਼ੀ ਕਰਕੇ ਇਸ ਸੰਘਰਸ਼ ਵਿਰੁੱਧ ਆਪਣਾ ਨਜਲਾ ਝਾੜ ਰਹੇ ਹਨ। ਆਮ ਪੱਧਰ ਤੇ ਹਲਾਤਾਂ ਨੂੰ ਅਸਥਿਰ ਵੀ ਨਹੀ ਰਹਿਣ ਦੇਣ ਦੇ ਰਹੇ। ਬਾਬਾ ਬਲਬੀਰ ਸਿੰਘ ਨੇ ਕਿਹਾ ਵੱਡੀ ਪੱਧਰ ਤੇ ਦਿਲੀ ਅੰਦੋਲਨ ‘ਚ ਬੈਠੇ ਕਿਸਾਨ ਆਗੂਆਂ ਨੂੰ ਸਰਕਾਰ ਅੱਜ ਤੀਕ ਇਹ ਨਹੀ ਸਮਝਾ ਸਕੀ ਇਨ੍ਹਾਂ ਕਾਨੂੰਨਾਂ ਕਾਰਨ ਵੱਧ ਆਮਦਨ ਹੋਣ ਦੀ ਦੁਹਾਈ ਦੇ ਰਹੀ ਹੈ।ਭਾਜਪਾ ਆਗੂ ਵੀ ਜਾਣ ਬੁਝ ਕੇ ਅਜਿਹੀ ਬਿਆਨਬਾਜ਼ੀ ਕਰਕੇ ਇਸ ਸੰਘਰਸ਼ ਵਿਰੁੱਧ ਤਸਵੀਰ ਬਨਾਉਣ ਦੇ ਜਤਨਾਂ ਵਿਚ ਹਨ ਜੋ ਠੀਕ ਨਹੀਂ ਹੈ।