ਅਸ਼ੋਕ ਵਰਮਾ
ਨਵੀਂ ਦਿੱਲੀ, 16 ਜਨਵਰੀ 2021 - ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ‘ਚ ਦਿੱਤੇ ਬਿਆਨ ਬਾਰੇ ਤਿੱਖਾ ਪ੍ਰਤੀਕਰਮ ਜਾਹਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਕਿ ਦਿੱਲੀ ਮੋਰਚੇ ਸਮੇਤ ਪੰਜਾਬ ਭਰ ’ਚ ਵਿਸ਼ਵ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ ਦੇ ਫੂਕੇ ਜਾਣਗੇ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੌਮਾਂਤਰੀ ਮੁਦਰਾ ਕੋਸ਼ ਦਾ ਬਿਆਨ ਲੋਕਾਂ ਖਿਲਾਫ ਅੜੀਅਲ ਵਤੀਰਾ ਅਪਣਾਈ ਬੈਠੀ ਮੋਦੀ ਹਕੂਮਤ ਨੂੰ ਸਾਮਰਾਜੀਆਂ ਵੱਲੋਂ ਦਿੱਤਾ ਗਿਆ ਥਾਪੜਾ ਹੈ। ਇਸ ਲਈ ਇਹਨਾਂ ਸੰਸਥਾਵਾਂ ਨੂੰ ਵੀ ਕਿਸਾਨ ਰੋਹ ਦੇ ਨਿਸ਼ਾਨੇ ‘ਤੇ ਰੱਖਿਆ ਜਾਵੇਗਾ।ਉਹਨਾਂ ਕਿਹਾ ਕਿ ਆਈ ਐਮ ਐਫ (ਕੌਮਾਂਤਰੀ ਮੁਦਰਾ ਕੋਸ਼) ਵੱਲੋਂ ਖੇਤੀ ਕਾਨੂੰਨਾਂ ਦੀ ਕੀਤੀ ਜਾ ਰਹੀ ਵਕਾਲਤ ਦੱਸ ਰਹੀ ਹੈ ਕਿ ਇਹਨਾਂ ਕਾਨੂੰਨਾਂ ਪਿੱਛੇ ਸਿਰਫ ਅੰਬਾਨੀ ਤੇ ਅਡਾਨੀ ਵਰਗੇ ਦੇਸ਼ੀ ਕਾਰਪੋਰੇਟ ਘਰਾਣੇ ਹੀ ਨਹੀਂ ਬਲਕਿ ਸੰਸਾਰ ਸਾਮਰਾਜੀ ਵਿੱਤੀ ਸੰਸਥਾਵਾਂ ਵੀ ਖਲੋਤੀਆਂ ਹਨ।
ਉਹਨਾਂ ਕਿਹਾ ਕਿ ਇਹਨਾਂ ਸੰਸਥਾਵਾਂ ਵੱਲੋਂ ਤੀਜੀ ਦੁਨੀਆਂ ਦੇ ਮੁਲਕਾਂ ‘ਚ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਹੀ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਹਨ ਜਿਹਨਾਂ ਦੀਆਂ ਤਾਰਾਂ ਸਿੱਧੇ ਤੌਰ ‘ਤੇ ਹੀ ਵਿਸ਼ਵ ਵਪਾਰ ਸੰਸਥਾ ਦੀ 2013 ਦੀ ‘ਬਾਲੀ’ ‘ਚ ਹੋਈ ਕਾਨਫ਼ਰੰਸ ਨਾਲ ਜੁੜਦੀਆਂ ਹਨ ਜਿੱਥੇ ਭਾਰਤ ਦੀ ਸਰਕਾਰ ਨੂੰ ਸਾਮਰਾਜੀਆਂ ਨੇ ਫ਼ਸਲਾਂ ਦੀ ਸਰਕਾਰੀ ਖਰੀਦ ਕਰਕੇ ਅਨਾਜ ਭੰਡਾਰ ਕਰਨ ਦੇ ਸਮੁੱਚੇ ਤਾਣੇ-ਬਾਣੇ ਦੀ ਸਫ ਲਪੇਟਣ ਦੀਆਂ ਹਦਾਇਤਾਂ ਕੀਤੀਆਂ ਸਨ ਤੇ ਭਾਰਤ ਅੰਦਰ ਫਸਲਾਂ ਦੀ ਮੰਡੀ ਨੂੰ ਵਿਦੇਸ਼ੀ ਬਹੁਕੌਮੀ ਕੰਪਨੀਆਂ ਵਾਸਤੇ ਖੋਲਣ ਲਈ ਕਿਹਾ ਸੀ। ਉਹਨਾਂ ਕਿਹਾ ਕਿ ਇਹਨਾਂ ਹਦਾਇਤਾਂ ਨੂੰ ਮੰਨਦਿਆਂ ਮੋਦੀ ਹਕੂਮਤ ਨੇ ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀ ਤੇ ਉਸ ਵੱਲੋਂ ਸਰਕਾਰੀ ਖਰੀਦ ਬੰਦ ਕਰਨ ਤੇ ਐਫ ਸੀ ਆਈ ਤੋੜਨ ਵਰਗੇ ਕਈ ਕਦਮ ਚੁੱਕਣ ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ ਜਦੋਂਕਿ ਹੁਣ ਮੋਦੀ ਹਕੂਮਤ ਨੇ ਇਸੇ ਅਧਾਰ ਤੇ ਹੀ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ।
ਉਹਨਾਂ ਆਖਿਆ ਕਿ ਭਾਰਤੀ ਸਰਕਾਰਾਂ ਇਹਨਾਂ ਸੰਸਥਾਵਾਂ ਦੇ ਮੈਂਬਰ ਰਹਿੰਦਿਆਂ ਉਹਨਾਂ ਦੇ ਆਦੇਸ਼ ਲਾਗੂ ਕਰਕੇ ਦੇਸ਼ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਭਾਰਤੀ ਹਾਕਮਾਂ ਨੂੰ ਇਨਾਂ ਸੰਸਥਾਵਾਂ ਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਆਪਣੇ ਮੁਲਕ ਦੇ ਲੋਕਾਂ ਦੇ ਵਿਕਾਸ ਦੀਆਂ ਲੋੜਾਂ ਅਨੁਸਾਰ ਨੀਤੀਆਂ ਘੜਨੀਆਂ ਚਾਹੀਦੀਆਂ ਹਨ। ਆਗੂਆਂ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਪਿੱਛੇ ਖਲੋਤੇ ਸਾਮਰਾਜੀ ਲੁਟੇਰਿਆਂ ਦਾ ਪਰਦਾਫਾਸ਼ ਅਤੇ ਭਾਰਤੀ ਹਾਕਮਾਂ ਨੂੰ ਇਹਨਾਂ ਸੰਸਥਾਵਾਂ ‘ਚੋਂ ਬਾਹਰ ਆਉਣ ਦੀ ਸੁਣਵਾਈ ਕਰਨ ਲਈ 19 ਜਨਵਰੀ ਨੂੰ ਦਿੱਲੀ ਮੋਰਚੇ ਦੇ ਨਾਲ ਨਾਲ ਪੂਰੇ ਪੰਜਾਬ ਅੰਦਰ ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਪੁਤਲੇ ਫੂਕੇ ਜਾਣਗੇ। ਉਹਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਸਭਨਾਂ ਲੋਕਾਂ ਨੂੰ ਇਹਨਾਂ ਐਕਸ਼ਨਾਂ ‘ਚ ਪੂਰੇ ਬੁਲੰਦ ਹੌਂਸਲੇ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।