ਮਲੇਰਕੋਟਲਾ, 23 ਜਨਵਰੀ 2021 - ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਲੈ ਕੇ ਕੁਝ ਜ਼ਰੂਰੀ ਹਦਾਇਤਾਂ ਵਾਸਤੇ ਆਪਣਾ ਫੇਸਬੁੱਕ ਤੇ ਲਾਈਵ ਹੋ ਕੇ ਟਰੈਕਟਰ ਰੈਲੀ ਵਿਚ ਪਹੁੰਚ ਰਹੇ ਕਿਸਾਨਾਂ ਲਈ ਜ਼ਰੂਰੀ ਹਦਾਇਤਾਂ ਦੱਸੀਆਂ ਹਨ ਇਸ ਵਿੱਚ ਗੱਲਬਾਤ ਕਰਦੇ ਹੋਏ ਸਿਰਸਾ ਨੇ ਕਿਹਾ ਹੈ ਕਿ ਟਰੈਕਟਰ ਰੈਲੀ ਵਿਚ ਆਉਣ ਵਾਲੇ ਹਰ ਇਕ ਡਰਾਈਵਰ ਦੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ।
ਇਕ ਟਰੈਕਟਰ ਉੱਤੇ ਤਿੰਨ ਤੋਂ ਵੱਧ ਬੰਦੇ ਨਹੀਂ ਬੈਠੇ ਹੋਣੇ ਚਾਹੀਦੇ ਕੋਈ ਵੀ ਟਰੈਕਟਰ ਦੂਸਰੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਨਾ ਹੀ ਕੋਈ ਹੁੱਲੜਬਾਜ਼ੀ ਕੀਤੀ ਜਾਵੇ ਅਤੇ ਐਂਬੂਲੈਂਸ ਵਾਸਤੇ ਵੱਖਰਾ ਥਾਂ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਰਿੰਗ ਰੋਡ ਤੇ ਰੈਲੀ ਕਰਦੇ ਹੋਏ ਕਿਤੇ ਵੀ ਰੁਕਿਆ ਨਾ ਜਾਵੇ ਉਨ੍ਹਾਂ ਕਿਹਾ ਕਿ ਇਕ ਟਰੈਕਟਰ ਤੇ ਬੈਠੇ ਤਿੰਨ ਬੰਦਿਆਂ ਦੇ ਕੋਲ ਵੀ ਆਪਣੇ ਸ਼ਨਾਖਤੀ ਕਾਰਡ ਜ਼ਰੂਰ ਹੋਵੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਅਜਿਹਾ ਕੰਮ ਜਾਂ ਹਰਕਤ ਨਹੀ ਹੋਣੀ ਚਾਹੀਦੀ ਜਿਸ ਕਰਕੇ ਦਿੱਲੀ ਪੁਲੀਸ ਜਾਂ ਸਰਕਾਰ ਨੂੰ ਕਿਸਾਨਾਂ ਨੂੰ ਬਦਨਾਮ ਕਰਨ ਦਾ ਮੌਕਾ ਮਿਲੇ।
ਸਿੰਘੂ ਬਾਰਡਰ ਕਿਸਾਨ ਮੋਰਚੇ ਤੋਂ ਫੜੇ ਗਏ ਵਿਅਕਤੀਆਂ ਬਾਰੇ ਖੁਲਾਸਾ ਕਰਦੇ ਹੋਏ ਬਲਦੇਵ ਸਿੰਘ ਸਿਰਸਾ ਦੇ ਲੜਕੇ ਮਹਿਤਾਬ ਸਿੰਘ ਸਿਰਸਾ ਨੇ ਕਿਹਾ ਕਿ ਸਰਕਾਰ ਇਨ੍ਹਾਂ ਸ਼ਰਾਰਤੀ ਲੋਕਾਂ ਦਾ ਇਲਜ਼ਾਮ ਕਿਸਾਨਾਂ ਉੱਤੇ ਲਾ ਰਹੀ ਹੈ ਅਤੇ ਕਹਿ ਰਹੀ ਹੈ ਕਿ ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਕਿਸਾਨਾਂ ਨੇ ਆਪਣੇ ਵਿੱਚ ਸ਼ਾਮਿਲ ਕੀਤਾ ਹੈ ਜਦ ਕਿ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਮੋਰਚੇ ਵਿਚ ਸ਼ਾਮਲ ਕੀਤਾ ਸੀ ਤਾਂ ਫਿਰ ਸਰਕਾਰੀ ਏਜੰਸੀਆਂ ਉਨ੍ਹਾਂ ਨੂੰ ਲੱਭ ਕਿਉਂ ਨਹੀਂ ਸਕੀਆਂ ਅਤੇ ਘੋਖ ਪੜਤਾਲ ਕਰਕੇ ਉਨ੍ਹਾਂ ਤੇ ਕੇਸ ਕਿਉਂ ਨਹੀਂ ਦਰਜ ਕਰ ਰਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਿਛਲੇ ਦਿਨੀਂ ਫੜਾਏ ਗਏ ਇਕ ਲੜਕੇ ਜੋ ਕਿ ਸ਼ਰਾਰਤੀ ਕਰਨ ਦੀ ਨੀਅਤ ਨਾਲ ਮੋਰਚੇ ਵਿੱਚ ਪਹੁੰਚਿਆ ਸੀ ਅਤੇ ਜਿਸ ਨੇ ਇਹ ਗੱਲ ਮੰਨੀ ਵੀ ਸੀ।
ਕੁੰਡਲੀ ਥਾਣੇ ਦੇ ਵਿੱਚ ਕਿਸਾਨਾਂ ਦੇ ਕਹਿਣ ਤੇ ਉਸ ਉੱਤੇ ਐੱਫਆਈਆਰ ਵੀ ਕੀਤੀ ਗਈ ਸੀ ਉਨ੍ਹਾਂ ਨੇ ਕਿਹਾ ਕਿ ਹਾਲੇ ਤਕ ਉਸ ਐੱਫਆਈਆਰ ਦਾ ਕੀ ਬਣਿਆ ਅਤੇ ਉਸ ਲੜਕੇ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਇਸਦੇ ਉੱਤੇ ਵੀ ਸਵਾਲੀਆ ਨਿਸ਼ਾਨ ਹੈ ਉਨ੍ਹਾਂ ਕਿਹਾ ਕਿ ਸਰਕਾਰ ਖ਼ੁਦ ਅਜਿਹੇ ਤੱਤਾਂ ਨੂੰ ਸ਼ਹਿ ਦੇ ਕੇ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਕਰ ਰਹੀ ਹੈ ਅਤੇ ਦੋਸ਼ ਕਿਸਾਨਾਂ ਉੱਤੇ ਮੜ੍ਹ ਰਹੀ ਹੈ।