ਅਸ਼ੋਕ ਵਰਮਾ
ਬਰਨਾਲਾ, 31 ਜਨਵਰੀ 2021 - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ਦੇ 123ਵੇਂ ਦਿਨ ਕਿਸਾਨ ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨ ਸੰਘਰਸ਼ ਦੀ ਕਵਰੇਜ਼ ਕਰ ਰਹੇ ਪੱਤਰਕਾਰਾਂ ਨੂੰ ਪੁਲਿਸ ਵੱਲੋਂ ਨਿਸ਼ਾਨਾ ਬਨਾਉਣ ਦੀਆਂ ਗੈਰਜਮਹੂਰੀ ਅਤੇ ਅਮਾਨਵੀ ਕਾਰਵਾਈਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਪੱਤਰਕਾਰਾਂ ਨਾਲ ਅਪਣਾਏ ਅਪਰਾਧੀਆਂ ਵਰਗੇ ਵਤੀਰੇ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਆਗੂਆਂ ਨੇ ਇਸ ਨੂੰ ਪ੍ਰੈਸ ਦੀ ਅਜਾਦੀ ਤੇ ਹਮਲਾ ਕਰਾਰ ਦਿੱਤਾ ਹੈ । ਉਹਨਾਂ ਆਖਿਆ ਕਿ ਦਿੱਲੀ ਪੁਲਿਸ ਨੇ ਐਮਰਜੈਂਸੀ ਦੇ ਦਿਨਾਂ ਦੀ ਯਾਦ ਤਾਜਾ ਕਰਵਾ ਦਿੱਤੀ ਹੈ । ਉਹਨਾਂ ਆਖਿਆ ਕਿ ਭਾਜਪਾ ਸਾਫ ਸੁਥਰਾ ਪ੍ਰਸ਼ਾਸ਼ਨ ਦੇ ਦਾਅਵੇ ਕਰਦੀ ਹੈ ਪਰ ਮੋਦੀ ਸਰਕਾਰ ਦੀ ਪੁਲਿਸ ਵੱਲੋਂ ਪੱਤਰਕਾਰ ਖਿਲਾਫ ਦਰਜ ਕੇਸ ਨੇ ਇਹਨਾਂ ਦਾਅਵਿਆਂ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ ।
ਅੱਜ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ ਬਾਬੂ ਸਿੰਘ ਖੁੱਡੀਕਲਾਂ ਕਰਨੈਲ ਸਿੰਘ ਗਾਂਧੀ ਗੁਰਚਰਨ ਸਿੰਘ ਗੁਰਮੇਲ ਰਾਮ ਸਰਮਾ ਨਿਰੰਜਣ ਸਿੰਘ ਠੀਕਰੀਵਾਲ ਹਰਚਰਨ ਸਿੰਘ ਚੰਨਾਜਸਪਾਲ ਚੀਮਾ ਜਗਰਾਜ ਰਾਮਾ, ਜਗਪਾਲ ਸਿੰਘ ਖੁਸ਼ੀਆ ਸਿੰਘ ਅਤੇ ਗੁਲਾਬ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਨੇ ੨੬ ਜਨਵਰੀ ਨੂੰ ਦਿੱਲੀ ਵਿਖੇ ਸਾਜਿਸ਼ ਰਚਕੇ ਸਿਰਜੀਆਂ 26 ਜਨਵਰੀ ਦੀਆਂ ਲਾਲ ਕਿਲੇ ਉੱਪਰ ਕੇਸਰੀ ਝੰਡਾ ਝੁਲਾਏ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਟਿਕਰੀ ਸਿੰਘੂ-ਕੁੰਡਲੀ ਗਾਜੀਪੁਰ ਬਾਰਡਰ ਤੇ ਚੱਲ ਵਿਸਾਲ ਕਿਸਾਨ ਮੋਰਚਿਆਂ ਨੂੰ ਭਾੜੇ ਦੇ ਭਗਵਾਕਾਰੀਆਂ ਰਾਹੀ ਖਦੇੜਨ ਦਾ ਭਰਮ ਪਾਲਿਆ ਸੀ ਪਰ ਹਕੂਮਤ ਦੇ ਇਸ ਹੱਲੇ ਨੂੰ ਯੂ.ਪੀ ਹਰਿਆਣਾ ਅਤੇ ਪੰਜਾਬ ਦੇ ਜੁਝਾਰੂ ਕਿਸਾਨ ਕਾਫਲਿਆਂ ਨੇ ਹਕੂਮਤ ਵੱਲੋਂ ਖੜੀ ਕੀਤੀ ਇਸ ਵੱਡੀ ਚੁਣੌਤੀ ਨੂੰ ਸਵੀਕਾਰ ਕਰਕੇ ਨਾਂ ਸਿਰਫ ਦਿੱਲੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਮੋਰਚੇ ਬਰਕਰਾਰ ਹੀ ਰੱਖੇ ਹਨ ਬਲਕਿ ਇਹਨਾਂ ਮੋਰਚਿਆਂ ਨੂੰ ਪਹਿਲਾਂ ਨਾਲੋਂ ਵੀ ਵੱਧ ਮਜਬੂਤ ਕੀਤਾ ਹੈ।
ਉਹਨਾਂ ਕਿਹਾ ਕਿ ਜਿਹੜੀ ਹਕੂਮਤ ਗਾਜੀਪੁਰ ਬਾਰਡਰ ਨੂੰ ਖਾਲੀ ਕਰਨ ਦੇ ਨੋਟਿਸ ਦੇ ਰਹੀ ਸੀ ਅਤੇ ਬੀਜੇਪੀ ਦੇ ਦੋ ਐਮਐਲਏ ਕਿਸਾਨ ਮੋਰਚੇ ਉਠਾਉਣ ਦੀਆਂ ਧਮਕੀਆਂ ਦੇ ਰਹੇ ਸਨ ਜੋਕਿ ਕਿਸਾਨਾਂ ਨੂੰ ਡਰਾਉਣ ਧਮਕਾਉਣ ਦਹਿਸ਼ਤਜਦਾ ਕਰਨ ਦੀ ਕਾਰਵਾਈ ਸੀ ਪਰ ਕਿਸਾਨ ਏਕੇ ਨੇ ਹਕੂਮਤ ਨੂੰ ਥੁੱਕਕੇ ਚੱਟਣ ਲਈ ਮਜਬੂਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਮੋਦੀ ਹਕੂਮਤ ਕਿਸਾਨ ਸੰਘਰਸ਼ ਦੀ ਹਕੀਕੀ ਰਿਪੋਰਟਿੰਗ ਕਰਦੇ ਪੱਤਰਕਾਰਾਂ ਨੂੰ ਧਮਕਾਉਣ ਤੋਂ ਅੱਗੇ ਗਿ੍ਰਫਤਾਰ ਕਰਨ ਤੇ ਉੱਤਰ ਆਈ ਹੈ। ਉਹਨਾਂ ਕਿਹਾ ਕਿ ਸਿੰਘੂ ਬਾਰਡਰ ਤੇ ਪੱਤਰਕਾਰ ਧਰਮਿੰਦਰ ਸਿੰਘ ਅਤੇ ਮਨਦੀਪ ਪੂਨੀਆ ਦੀ ਗਿ੍ਰਫਤਾਰੀ ਦਰਸਾਉਂਦੀ ਹੈ ਕਿ ਮੋਦੀ ਹਕੂਮਤ ਨੂੰ ਸਥਾਪਤੀ ਵਿਰੋਧੀ ਸਚਾਈ ਮਨਜੂਰ ਨਹੀਂ ਹੈ। ਹਰ ਹੱਕ ਸੱਚ ਦੀ ਅਵਾਜ ਦਾ ਕਤਲ ਕਰਨ ਤੇ ਤੁਲੀ ਭਾਰਤੀ ਹਕੂਮਤ ਦੇ ਜਾਬਰ ਕਦਮਾਂ ਦੀ ਜੋਰਦਾਰ ਨਿਖੇਧੀ ਕਰਦਿਆਂ ਗਿ੍ਰਫਤਾਰ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਆਖਿਆ ਕਿ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਨੂੰ ਪਛਾੜਦਿਆਂ ਕਾਲੇ ਕਾਨੂੰਨਾਂ ਦੀ ਮੁਕੰਮਲ ਵਾਪਸੀ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ। ਆਗੂਆਂ ਨੇ ਪਰਖ ਦੀ ਇਸ ਘੜੀ ਮੌਕੇ ਮੋਦੀ ਹਕੂਮਤ ਦੇ ਹੱਲੇ ਨੂੰ ਪਛਾੜਨ ਲਈ ਪਿੰਡ ਪੱਧਰ ਦੀਆਂ ਵਿਉਂਤਬੰਦੀਆਂ ਬਣਾਕੇ ਦਿੱਲੀ ਵੱਲ ਹੋਰ ਕਾਫਲੇ ਭੇਜਣ ਦੀ ਮੁਹਿੰਮ ਦਾ ਸਵਾਗਤ ਕਰਦਿਆਂ ਦੱਸਿਆ ਕਿ ਜਥੇਬੰਦੀਆਂ ਦੀ ਅਪੀਲ ਨੂੰ ਵੱਡਾ ਹੁੰਗਾਰਾ ਮਿਲਣ ਲੱਗਿਆ ਹੈ। ਅੱਜ ਦੀ ਬਲਦੇਵ ਸਿੰਘ ਸੁਰਿੰਦਰ ਸਿੰਘ ਪੰਨੂ ਦਲੀਪ ਸਿੰਘ ਹਰਜੀਤ ਸਿੰਘ ਸੰਘੇੜਾ ਅਤੇ ਗੁਲਾਬ ਸਿੰਘ ਨੇ ਭੁੱਖ ਹੜਤਾਲ ਰੱਖੀ। ਜਗਤਾਰ ਬੈਂਸ ਸੁਦਰਸਸ਼ ਗੁੱਡੂ ਨਰਿੰਦਰਪਾਲ ਸਿੰਘਲਾ ਬੱਗਾ ਸਿੰਘ ਭਦੌੜ ਪਰੀਤ ਕੌਰ ਦੇ ਢਾਡੀ ਜੱਥੇ ਅਤੇ ਲਖਵਿੰਦਰ ਠੀਕਰੀਵਾਲ ਨੇ ਇਨਕਲਾਬੀ ਗੀਤ ਪੇਸ ਕੀਤੇ। ਰਿਲਾਇੰਸ ਮਾਲ ਮੋਰਚੇ ਦੌਰਾਨ ਪ੍ਰੇਮਪਾਲ ਕੌਰ, ਸੁਖਦੇਵ ਸਿੰਘ ਮੱਲੀ, ਰਾਮ ਸਿੰਘ ਕਲੇਰ, ਬਲਵੀਰ ਸਿੰਘ , ਸੁਖਦੇਵ ਸਿੰਘ, ਦਰਸ਼ਨ ਸਿੰਘ, ਮੇਜਰ ਸਿੰਘ ਅਤੇ ਭਾਗ ਸਿੰਘ ਕਰਮਗੜ ਨੇ ਸੰਬੋਧਨ ਕੀਤਾ।