ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ) 18 ਜਨਵਰੀ 2021 - ਭਾਰਤ ਵਰਸ਼ ਵਿੱਚ , ਕੇਂਦਰ ਸਰਕਾਰ ਵੱਲੋਂ ਖੇਤੀ ਤੇ ਜਿਨਸ ਸੰਬੰਧੀ ਬਣਾਏ ਤਿੰਨ ਲੋਕ-ਮਾਰੂ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਜੋ ਵਤਨ-ਵਿਆਪੀ ਅੰਦੋਲਨ ਵਿੱਢਿਆ ਗਿਆ ਹੈ ਉਸ ਦੇ ਸੰਦੱਰਭ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ, 13 ਜਨਵਰੀ ਨੂੰ ਲੋੜ੍ਹੀ ਵਾਲ਼ੇ ਦਿਨ ,ਇੰਡੋ ਯੂ ਐਸ ਹੈਰੀਟੇਜ ਆਰਗੇਨਾਈਜ਼ੇਸ਼ਨ (ਫਰਿਜ਼ਨੋ) ਦੇ ਸਮੂਹ ਮੈਂਬਰਾਂ ਨੇ ਬਰਾੜ ਫ਼ਾਰਮ ਤੇ ਮੀਟਿੰਗ ਕੀਤੀ।
ਜਿਸ ਵਿੱਚ ਭਾਰਤ ਸਰਕਾਰ ਵੱਲੋਂ ਸੰਸਦ ਵਿੱਚ ਜਿਸ ਤਰਾਂ ਤਿੰਨ ਕਨੂੰਨ ਬਣਾਏ ਗਏ ਅਤੇ ਰਾਜ-ਸਭਾ ਵਿੱਚ ਬਿਨਾਂ ਵੋਟਿੰਗ ਕੀਤੀ ਜੋਰਾ-ਜਰਬੀ ਨਾਲ ਪਾਸ ਕੀਤੇ ਗਏ। ਇਹਨਾਂ ਕਾਲੇ ਕਨੂੰਨਾਂ ਦਾ ਦੁਨੀਆਂ ਭਰ ਵਿੱਚ ਵਿਰੋਧ ਹੋ ਰਿਹਾ ਹੈ, ਇਸੇ ਕੜੀ ਤਹਿਤ ਫਰਿਜ਼ਨੋ ਦੀ ਇੰਡੋ ਯੂ ਐਸ ਹੈਰੀਟੇਜ ਆਰਗੇਨਾਈਜ਼ੇਸ਼ਨ ਵੱਲੋਂ ਵੀ ਲੋਹੜੀ ਵਾਲੇ ਦਿਨ ਇਹਨਾਂ ਤਿੰਨ ਕਾਲੇ ਕਨੂੰਨਾਂ ਦੀਆਂ ਕਾਪੀਆਂ ਅੱਗ ਵਿੱਚ ਸਾੜਕੇ ਆਪਣਾ ਵਿਰੋਧ ਜ਼ਾਹਰ ਕੀਤਾ ਗਿਆ। ਜਥੇਬੰਦੀ ਦੇ ਸਿਰਮੌਰ ਆਗੂ ਤੇ ਫਾਊਂਡਰ ਸ. ਸਾਧੂ ਸਿੰਘ ਸੰਘਾ ਨੇ ਇਹਨਾਂ ਤਿੰਨਾਂ ਕਾਲ਼ੇ ਕਾਨੂੰਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ‘ਤੇ ਭਾਰਤੀ ਕਿਸਾਨ ਅੰਦੋਲਨ ਨੂੰ ਹੱਕਾਂ ਦੀ ਰਾਖੀ ਲਈ ਵਿੱਢਿਆ ਜਾਇਜ਼ ਸੰਘਰਸ਼ ਕਰਾਰ ਦਿੱਤਾ। ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਹੈਰੀ ਮਾਨ ਨੇ ਦੱਸਿਆ ਕਿ ਕਿਸ ਤਰਾਂ ਲੱਖਾਂ ਕਿਸਾਨ, ਔਰਤਾਂ , ਬਜ਼ੁਰਗ ਅਤੇ ਬੱਚੇ, ਅਪਣੇਂ ਭਵਿੱਖ ਦੀ ਚਿੰਤਾ ਕਰਦੇ ਹੋਏ, ਪੋਹ-ਮਾਘ ਦੀ ਕੜਾਕੇ ਦੀ ਠੰਡ੍ਹ ਵਿੱਚ ਪਿਛਲੇ 53 ਦਿਨਾਂ ਤੋਂ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਉੱਪਰ ਬੁਲੰਦ ਹੌਂਸਲਿਆ ਨਾਲ਼ ਡਟੇ ਹੋਏ ਹਨ, ਅਸੀਂ ਹਰ-ਪੱਖ ਤੋਂ ਉਹਨਾਂ ਦੇ ਨਾਲ ਹਾਂ।
ਪੰਜਾਬੀ ਅਮੈਰਿਕਨ ਗਰੋਅਰ ਗਰੁਪ ਦੇ ਬੁਲਾਰੇ ਅਤੇ ਜਥੇਬੰਦੀ ਦੇ ਸਿਰਕੱਢ ਮੈਂਬਰ, ਸੰਤੋਖ ਢਿੱਲੋਂ ਨੇ ਵੀ ਅਪਣੇਂ ਵੀਚਾਰ ਸਾਂਝੇ ਕੀਤੇ ਅਤੇ ਇਹਨਾਂ ਕਾਲ਼ੇ ਕਾਨੂੰਨਾਂ ਦੀ ਨਿੰਦਾ ਕੀਤੀ।
ਨਿਰਮਲ ਸਿੰਘ ਗਿੱਲ (ਧਨੌਲਾ) ਨੇ ਦੱਸਿਆ ਕਿ ਕੜਕਦੀ ਠੰਡ ਕਾਰਨ, ਅੱਜ ਤੱਕ ਧਰਨਿਆਂ ਵਿੱਚ ਸ਼ਾਮਲ ਹੋਣ ਆਏ, 70 ਤੋਂ ਵੱਧ ਕਿਸਾਨ ਸ਼ਹੀਦ ਹੋ ਤੁੱਕੇ ਹਨ। ਰਣਜੀਤ ਗਿੱਲ ਨੇ ਆਖਿਆ ਕਿ ਇਹ ਤਿੰਨ ਕਾਲ਼ੇ ਕਾਨੂੰਨ , ਭਾਰਤ ਵਰਸ਼ ਦੇ ਕਿਸਾਨਾਂ ਲਈ ਮੌਤ ਦੇ ਵਰੰਟ ਹਨ। ਪੰਜਾਬ, ਹਰਿਆਣਾ ਅਤੇ ਦੇਸ਼ ਦੇ ਜੋ ਖੇਤੀ-ਪ੍ਰਧਾਨ ਸੂਬੇ ਹਨ , ਜਿਹੜੇ ਸੈਂਕੜੇ ਸਾਲਾਂ ਤੋ ਖੇਤੀ-ਬਾੜੀ ਦੇ ਮੁੱਖ ਕਿੱਤੇ ਨਾਲ਼ ਜੁੜੇ ਹਨ, ਅਗਰ ਉੱਥੇ ਇਹਨਾਂ ਨਵੇਂ ਕਾਨੂਨਾਂ ਅਨੁਸਾਰ, ਕਿਸਾਨ ਦੀ ਫਸਲ ਦਾ , ਲਾਗਤ ਅਨੁਸਾਰ ਡੇਢਾ ਮੁੱਲ ਦੇਣ ਦਾ ਲਿਖਤੀ ਕਾਨੂੰਨ ਨਹੀਂ ਬਣਾਇਆ ਜਾਂਦਾ ਤਾਂ ਵਪਾਰੀ ਵਰਗ ਦੀ ਲੁੱਟ ਬੇ-ਲਗਾਮ ਹੋ ਜਾਵੇਗੀ ਅਤੇ ਮਹਿੰਗਾਈ ਦੀ ਮਾਰ ਦੇਸ਼ ਦੇ ਆਮ ਨਾਗਰਿਕ ਨੂੰ , ਗਰੀਬੀ ਦੀ ਲਾਲ ਲਖੀਰ ਤੋਂ ਵੀ ਥੱਲੇ ਲੈ ਜਾਵੇਗੀ। ਉਪਰੰਤ ਇਹਨਾਂ ਲੋਕ-ਮਾਰੂ ਕਾਨੂੰਨਾਂ ਦਾ ਰੋਸ ਪ੍ਰਗਟ ਕਰਦਿਆਂ , ਕਾਨੂੰਨਾਂ ਦੀਆਂ ਕਾਪੀਆਂ , ਲੋੜ੍ਹੀ ਦੀ ਧੂਣੀ ਉੱਪਰ , ਤਿਲ਼ਾਂ ਸਮੇਤ ਸਾੜੀਆਂ ਗਈਆਂ। ਮੀਟਿੰਗ ਵਿੱਚ ਹਾਜ਼ਰ ਰਜਿੰਦਰ ਬਰਾੜ, ਸਤਵੰਤ ਵਿਰਕ, ਮਨਜੀਤ ਕੁਲਾਰ ਅਤੇ ਦਿਲਬਾਗ ਕੁਲਾਰ, ਸੁਲੱਖਣ ਗਿੱਲ , ਨੌਰੰਗ ਸਿੰਘ ,ਭਾਗ ਸਿੰਘ ਗਿੱਲ, ਮੋਹਲਾ ਸਿੰਘ ਬਰਾੜ ਤੇ ਰਾਜ ਸਿਧੂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਤਿੰਨੇ ਕਾਨੂੰਨ ਬਿਨਾਂ ਸ਼ਰਤ ਵਾਪਸ ਲਏ ਜਾਣ ਤਾਂ ਜੋ ਘਰੋ ਬੇਘਰ ਹੋਏ ਕਿਸਾਨ / ਮਜ਼ਦੂਰ ਆਪੋ ਆਪਣੇ ਆਹਲਣਿਆਂ ਵਿੱਚ ਸੁੱਖੀ ਸਾਂਦੀ ਵਾਪਸ ਪਰਤਣ।