- "ਕਿਸਾਨਾਂ ਦੇ ਸ਼ਾਤਮਈ ਅੰਦੋਲਨ ਨੂੰ ਲਾਲ ਕਿਲ੍ਹੇ ਦੇ ਘਟਨਾਕ੍ਰਮ ਨੇ ਲਾਈ ਵੱਡੀ ਢਾਹ"
ਚੰਡੀਗੜ੍ਹ, 26 ਜਨਵਰੀ 2021 - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ ਸੈਣੀ ਨੇ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਕਿਸਾਨਾਂ ਤੇ ਲਾਠੀਚਾਰਜ ਅਤੇ ਕੁੱਝ ਸ਼ਰਾਰਤੀ ਅਨਸਰਾਂ ਦੁਆਰਾ ਲਾਲ ਕਿਲ੍ਹੇ ਅੰਦਰ ਦਾਖਲ ਹੋ ਕੇ ਹੁੜਦੰਗ ਕਰਨ ਨੂੰ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ਪ੍ਰਤੀਕਰਮ ਦਿੰਦਿਆਂ ਸੈਣੀ ਨੇ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਵਲੋਂ ਕੱਢੇ ਜਾਣ ਵਾਲੇ ਟਰੈਕਰ ਮਾਰਚ ਦੌਰਾਨ ਕਿਸਾਨਾਂ ਤੇ ਦਿੱਲੀ ਪੁਲਿਸ ਦੁਆਰਾ ਕੀਤੇ ਗਏ ਲਾਠੀਚਾਰਜ ਅਤੇ ਟਰੈਕਟਰਾਂ ਦੀ ਕੀਤੀ ਗਈ ਭੰਨਤੋੜ ਬੇਹੱਦ ਮੰਦਭਾਗੀ ਗੱਲ ਹੈ। ਪ੍ਰੰਤੂ ਇਸ ਦੇ ਨਾਲ ਹੀ ਲਾਲ ਕਿਲ੍ਹੇ ਤੇ ਵਾਪਰੇ ਘਟਨਾਕ੍ਰਮ ਨੇ ਦੇਸ਼ ਨੂੰ ਪੂਰੀ ਦੁਨੀਆਂ ਅੱਗੇ ਸ਼ਰਮਿੰਦਾ ਕਰ ਕੇ ਰੱਖ ਦਿੱਤਾ ਅਤੇ ਸ਼ਾਤਮਈ ਚੱਲ ਰਹੇ ਕਿਸਾਨ ਅੰਦੋਲਨ ਨੂੰ ਵੀ ਵੱਡੀ ਢਾਹ ਲਾਈ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦਿੱਲੀ ਪੁਲਿਸ ਵਲੋਂ ਜਾਣ ਬੁੱਝ ਕੇ ਪਹਿਲਾਂ ਰੂਟਾਂ ਬਾਰੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਕੀਤੀ ਗਈ। ਬੇਰੀਕੇਡਿੰਗ ਨੂੰ ਵੀ ਪਹਿਲਾਂ ਜਾਣ ਬੁੱਝ ਕੇ ਨਰਮ ਰੱਖਿਆ ਗਿਆ ਹੈ ਤਾਂ ਜੋ ਕਿਸਾਨ ਬੇਰੀਕੇਡਿੰਗ ਤੋੜਨ ਅਤੇ ਪੁਲਿਸ ਨੂੰ ਕਿਸਾਨਾਂ ਤੇ ਬਲ ਪ੍ਰਯੋਗ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵਲੋਂ ਜਾਣ ਬੁੱਝ ਕੇ ਕਿਸਾਨਾਂ ਨੂੰ ਭੜਕਾਉਣ ਦਾ ਹੀ ਨਤੀਜਾ ਸੀ ਇਨ੍ਹਾਂ ਜਬਰਦਸਤ ਟਕਰਾਅ ਪੈਦਾ ਹੋ ਗਿਆ।
ਉਨ੍ਹਾਂ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਚਾਹੁੰਦੀ ਤਾਂ ਇਸ ਮਾਮਲੇ ਨੂੰ ਸਮਾਂ ਰਹਿੰਦੇ ਹੱਲ ਕਰ ਸਕਦੀ ਸੀ। ਅੱਜ ਦੇ ਘਟਨਾਕ੍ਰਮ ਲਈ ਕੇਵਲ ਅਤੇ ਕੇਵਲ ਭਾਜਪਾ ਸਰਕਾਰ ਦੀ ਨੀਅਤ ਅਤੇ ਜਿੱਦ ਜਿੰਮੇਵਾਰ ਹੈ। 9 ਦੌਰ ਦੀ ਗੱਲਬਾਤ ਦੌਰਾਨ ਕੇਂਦਰੀ ਖੇਤੀਬਾੜੀ ਨਰਿੰਦਰ ਤੋਮਰ ਕਿਸਾਨਾਂ ਨਾਲ ਕਿਸੇ ਨਤੀਜੇ ਤੇ ਪਹੁੰਚਣ ਵਿੱਚ ਨਾਕਾਮ ਰਹੇ।
ਸੈਣੀ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਦਿੱਲੀ ਦੀਆਂ ਸੜਕਾਂ ਦੇ ਨਾਲ ਨਾਲ ਲਾਲ ਕਿਲ੍ਹੇ ਅੰਦਰ ਕੁੱਝ ਅਰਾਜਕ ਸ਼ਰਾਰਤੀ ਅਨਸਰਾਂ ਦੁਆਰਾ ਕੀਤਾ ਹੁੜਦੰਗ ਮੋਦੀ ਸਰਕਾਰ ਦੇ ਅਧੀਨ ਕੰਮ ਕਰਦੀ ਦਿੱਲੀ ਦੀ ਪੁਲਿਸ ਲਈ ਸ਼ਰਮਨਾਕ ਗੱਲ ਹੈ। ਉਨ੍ਹਾਂ ਲਾਲ ਕਿਲ੍ਹੇ ਵਿੱਚ ਹੋਏ ਵਰਤਾਰੇ ਦੀ ਘੋਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੁਆਰਾ ਤਿਰੰਗੇ ਝੰਡੇ ਦਾ ਅਪਮਾਨ ਕਰਨ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।