ਅਸ਼ੋਕ ਵਰਮਾ
ਬਠਿੰਡਾ, 15 ਜਨਵਰੀ 2021 - ਪੰਜਾਬ ਕਿਸਾਨ ਯੂਨੀਅਨ ਨੇ ਫਿਲਮ ਅਦਾਕਾਰ ਭਾਰਤੀ ਜੰਤਾ ਪਾਰਟੀ ਦੀ ਆਗੂ ਹੇਮਾ ਮਾਲਿਨੀ ਵੱਲੋ ਦਿੱਤੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਪਰਗਟ ਕਿਹਾ ਕਿ ਕਿਸਾਨ ਹੇਮਾ ਮਾਲਿਨੀ ਦੀ ਤਰਾਂ ਵੋਟਾਂ ਮੌਕੇ ਸਿਰਫ ਫੋਟੋਆਂ ਖਿਚਵਾਉਣ ਲਈ ਖੇਤਾਂ ’ਚ ਨਹੀਂ ਖਲੋਂਦੇ ਬਲਕਿ ਆਪਣਾ ਖੂਨ ਪਸੀਨਾ ਵਹਾਕੇ ਫਸਲਾਂ ਪੈਦਾ ਕਰਦੇ ਹਨ। ਜੱਥੇਬੰਦੀ ਦੇ ਸੂਬਾ ਆਗੂ ਸੁਖਦਰਸ਼ਨ ਨੱਤ ਵੱਲੋਂ ਜਾਰੀ ਪ੍ਰੈਸ ਬਿਆਨ ’ਚ ਆਖਿਆ ਹੈ ਕਿ ਮਿਸਾਨ ਖੇਤੀ ਕਾਨੂੰਨਾਂ ਨੂੰ ਚੰਗੀ ਤਰਾਂ ਸਮਝਦੇ ਹਨ ਇਸ ਲਈ ਉਹਨਾਂ ਨੂੰ ਫਿਲਮ ਅਭਿਨੇਤਰੀ ਨਾਲੋਂ ਆਪਣੇ ਨਫੇ ਨੁਕਸਾਨ ਦੀ ਜਿਆਦਾ ਸਮਝ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁਖਦਰਸ਼ਨ ਸਿੰਘ ਨੱਤ ਨੇ ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਹਾਈਕਮਾਂਡ ਦੀਆਂ ਹਦਾਇਤਾਂ ‘ਤੇ ਇਸ ਪਾਰਟੀ ਦੇ ਨੇਤਾ ਕਿਸਾਨ ਅੰਦੋਲਨ ਦੇ ਖਿਲਾਫ ਲਗਾਤਾਰ ਊਟ ਪਟਾਂਗ ਬਿਆਨ ਦਿੰਦੇ ਰਹਿੰਦੇ ਹਨ ਜਦੋਂਕਿ ਉਹਨਾਂ ਨੂੰ ਖੁਦ ਨਹੀਂ ਪਤਾ ਹੈ। ਉਹਨਾਂ ਕਿਹਾ ਕਿ ‘ਕਿਸਾਨ ਖੇਤੀ ਕਾਨੂੰਨਾਂ ਬਾਰੇ ਕੁਝ ਨਹੀਂ ਜਾਣਦੇ’ ਕਹਿਣ ਵਾਲੀ ਹੇਮਾ ਮਾਲਿਨੀ ਖੁਦ ਪੱਤਰਕਾਰਾਂ ਵੱਲੋਂ ਪੁੱਛੇ ਇਸ ਸਧਾਰਨ ਸੁਆਲ ਦਾ ਜਵਾਬ ਵੀ ਨਹੀਂ ਸੀ ਦੇ ਸਕੀ ਕਿ ਉਸ ਦੇ ਸੰਸਦੀ ਖੇਤਰ ਵਿੱਚ ਉਸ ਨੇ ਵਿਕਾਸ ਦੇ ਕਿਹੜੇ ਕਿਹੜੇ ਕੰਮ ਕਰਵਾਏ ਹਨ ਉਹ ਖੇਤੀ ਬਾਰੇ ਕੀ ਗੱਲ ਕਰ ਸਕਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਮਸਲੇ ਨੂੰ ਲਟਕਾਉਣ ਤੇ ਉਲਝਾਉਣ ਲਈ ਚਾਲਾਂ ਚੱਲਣ ਦੀ ਬਜਾਏ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਸਮਾਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਮੀਟਿੰਗ ਨੂੰ ਯੂਨੀਅਨ ਦੇ ਪ੍ਰੈਸ ਸਕੱਤਰ ਗੁਰਤੇਜ ਮਹਿਰਾਜ ਆਦਿ ਨੇ ਵੀ ਸੰਬੋਧਨ ਕੀਤਾ।