ਜੀ ਐਸ ਪੰਨੂ
ਪਟਿਆਲਾ 17 ਜਨਵਰੀ 2021 - ਕੇਂਦਰ ਸਰਕਾਰ ਦੁਆਰਾ ਲਿਆਂਦੇ ਤਿੰਨ ਲੋਕ ਮਾਰੂ ਕਾਨੂੰਨਾਂ ਖਿਲਾਫ਼ ਥਾਂ ਥਾਂ ਸੰਘਰਸ਼ ਲਗਾਤਾਰ ਜਾਰੀ ਹੈ। ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਤਾਰੀਖ ਨੂੰ ਦਿੱਲੀ ਵਿਚ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਪੂਰੇ ਭਾਰਤ ਵਿਚ ਇਸ ਦਾ ਹਿੱਸਾ ਬਣਨ ਲਈ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਜਦੋਂ ਤੋਂ ਇਹ ਸੰਘਰਸ਼ ਚੱਲਿਆ ਹੈ ਉਦੋਂ ਤੋਂ ਧਰੇੜੀ ਜੱਟਾਂ ਟੋਲ ਪਲਾਜੇ ਤੇ ਧਰਨਾ ਲਾਇਆ ਹੋਇਆ ਹੈ। ਅੱਜ ਵੱਡੀ ਗਿਣਤੀ ਵਿਚ ਔਰਤਾਂ, ਬੱਚਿਆਂ ਅਤੇ ਮਰਦਾਂ ਸਮੇਤ ਲੋਕ ਧਰੇੜੀ ਜੱਟਾਂ ਪਹੁੰਚੇ ਹੋਏ ਸੀ।
ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਰਣਜੀਤ ਸਵਾਜਪੁਰ ਨੇ ਕਿਹਾ ਕਿ ਕੱਲ੍ਹ ਨੂੰ ਇਸੇ ਸਥਾਨ ਉੱਪਰ ਔਰਤ ਕਿਸਾਨ ਦਿਵਸ ਮਨਾਇਆ ਜਾਵੇਗਾ ਅਤੇ ਲੋਕਾਂ ਨੂੰ 26 ਜਨਵਰੀ ਲਈ ਤਿਆਰੀ ਕਰਾਉਣ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹਨਾਂ ਤੋਂ ਇਲਾਵਾ ਅੱਜ ਦੇ ਇਕੱਠ ਨੂੰ ਗੁਰਨਾਮ ਸਿੰਘ ਢੈਂਠਲ, ਸੁਰਿੰਦਰ ਪਟਿਆਲਾ, ਰਾਮਕਰਣ ਧਰੇੜੀ ਜੱਟਾਂ, ਇੰਦਰਮੋਹਨ ਸਿੰਘ ਘੁਮਾਣਾ, ਲਾਡੀ ਪੰਜਾਬ ਪ੍ਰਧਾਨ ਟੋਲ ਪਲਾਜ਼ਾ ਯੂਨੀਅਨ, ਗੁਰਦੇਵ ਕੌਰ ਦੌਣ, ਸੁਰਿੰਦਰ ਕੌਰ ਦੌਣ ਅਤੇ ਗੁਰਜੀਤ ਕੌਰ ਦੌਣ ਨੇ ਵੀ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ 19 ਤਾਰੀਖ ਦੀ ਮੀਟਿੰਗ ਵਿੱਚ ਕਾਨੂੰਨ ਵਾਪਿਸ ਲੈਣ ਦੀ ਮੰਗ ਮੰਨ ਜਾਵੇ ਨਹੀਂ ਤਾਂ ਵੱਡੀ ਗਿਣਤੀ ਵਿਚ ਲੋਕਾਂ ਦਾ ਹੜ੍ਹ ਦਿੱਲੀ ਦੀਆਂ ਸੜਕਾਂ ਉੱਪਰ ਉਤਰੇਗਾ।