- ਹਮ ਖਿਆਲੀ ਪਾਰਟੀਆਂ ਦਾ ਇਸ ਮਾਮਲੇ ਵਿਚ ਇਕਜੁੱਟਤਾ ਵਿਖਾਉਣ ਲਈ ਕੀਤਾ ਧੰਨਵਾਦ
- ਜ਼ੋਰ ਦੇ ਕੇ ਕਿਹਾ ਕਿ ਕੇਸਰੀ ਨਿਸ਼ਾਨ ਮਾਣ ਦਾ ਪ੍ਰਤੀਕ
- ਕੇਂਦਰ ਨੁੰ ਆਖਿਆ ਕਿ ਉਹ ਕਿਸਾਨ ਅੰਦੋਲਨ ਨੂੰ ਦਬਾਉਣ ਦਾ ਯਤਨ ਨਾ ਕਰੇ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰੇ
ਚੰਡੀਗੜ੍ਹ, 28 ਜਨਵਰੀ 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਅਪਣਾਏ ਗਏ ਅੜਬ ਸਟੈਂਡ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰੇਗਾ ਤੇ ਪਾਰਟੀ ਨੇ ਕੱਲ੍ਹ ਸ਼ੁਰੂ ਹੋ ਰਹੇ ਸਾਂਝੇ ਇਜਲਾਸ ਦਾ ਬਾਈਕਾਟ ਕਰਨ ਲਈ ਅਕਾਲੀ ਦਲ ਨਾਲ ਇਕਜੁੱਟਤਾ ਪ੍ਰਗਟਾਉਣ ’ਤੇ ਹਮਖਿਲਾਲੀ ਪਾਰਟੀਆਂ ਦਾ ਧੰਨਵਾਦ ਕੀਤਾ।
ਪਾਰਟੀ ਦੇ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੁੰਦੜ ਤੇ ਨਰੇਸ਼ ਗੁਜਰਾਲ ਅਤੇ ਸੀਨੀਅਰ ਨੇਤਾ ਪ੍ਰੋ. Êਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਕਿਸਾਨ ਭਾਈਚਾਰੇ ਦੇ ਹੱਕਾਂ ਲਈ ਡਟੇ ਹਾਂ। ਮੌਜੂਦਾ ਹਾਲਾਤ ਵਿਚ ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਤਕਲੀਫਾਂ ਵੇਖ ਕੇ ਵੀ ਟਸ ਤੋਂ ਮਸ ਨਹੀਂ ਹੋਈ, ਉਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਲਈ ਰਾਸ਼ਟਰਪਤੀ ਦੇ ਭਾਸ਼ਣ ਮੌਕੇ ਹਾਜ਼ਰ ਰਹਿਣ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੇ ਇਸ ਲਈ ਅਸੀਂ ਇਸਦਾ ਬਾਈਕਾਟ ਕਰਾਂਗੇ।
ਖੇਤੀ ਕਾਨੂੰਨਾਂ ਨੁੰ ਮੌਜੂਦਾ ਦਿਨ ਦਾ ਸਭ ਤੋਂ ਵੱਡਾ ਖ਼ਤਰਾ ਕਰਾਰ ਦਿੰਦਿਆਂ ਸੀਨੀਅਰ ਆਗੂਆਂ ਨੇ ਕਿਹਾ ਕਿ ਖੇਤਰ ਦੇ ਸਭ ਤੋਂ ਵੱਡੇ ਆਗੂ ਭਾਵੇਂ ਉਹ ਚੌਧਰੀ ਛੋਟੂ ਰਾਮ, ਚੌਧਰੀ ਚਰਨ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਹੋਣ, ਇਹ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਡਟੇ ਹਨ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਸਿਰਫ ਕਿਸਾਨ ਅੰਦੋਲਨ ਦੀ ਹਮਾਇਤ ਕਰਦਾ ਰਹੇਗਾ ਬਲਕਿ ਇਹ ਵੀ ਯਕੀਨੀ ਬਣਾਏਗਾ ਕਿ ਇਸਦੀ ਜਿੱਤ ਹੋਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਹਮ ਖਿਆਲੀ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਰਾਬਤਾ ਕਾਇਮ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਤ੍ਰਿਣਾਮੂਲ ਕਾਂਗਰਸ, ਡੀ ਐਮ ਕੇ ਤੇਸ਼ਿਵ ਸੈਨਾ ਤੇ ਹੋਰਨਾਂ ਦੇ ਸੰਪਰਕ ਵਿਚ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਖੇਤੀ ਕਾਨੂੰਨ ਜੋ ਸੰਸਦ ਵਿਚ ਧੱਕੇ ਨਾਲ ਪਾਸ ਕਰਵਾਏ ਗਏ, ਨਾ ਸਿਰਫ ਗੈਰ ਸੰਵਿਧਾਨਕ ਹਨ ਬਲਕਿ ਲੋਕ ਵਿਰੋਧੀ ਹਨ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਕੇਂਦਰ ਸਰਕਾਰ ਰਾਜ ਸੂਚੀ ਦੇ ਵਿਸ਼ੇ ’ਤੇ ਕਾਨੁੰਨ ਬਣਾ ਕੇ ਰਾਜਾਂ ਦੇ ਅਧਿਕਾਰਾਂ ’ਤੇ ਡਾਕਾ ਮਾਰ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਕੇਸਰੀ ਨਿਸ਼ਾਨ ਜਿਸਨੂੰ ਬਦਨਾਮੀ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ, ਅਸਲ ਵਿਚ ਮਾਣ ਤੇ ਸਤਿਕਾਰ ਦਾ ਪ੍ਰਤੀਕ ਹੈ ਤੇ ਹਮੇਸ਼ਾ ਤੇ ਆਜ਼ਾਦੀ ਤੋਂ ਵੀ ਕਿਤੇ ਪਹਿਲਾਂ ਤੋਂ ਅਜਿਹਾ ਹੈ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸਾਨ ਅੰਦੋਲਨ ਕਿਸੇ ਵਿਸ਼ੇਸ਼ ਵਰਗ ਜਾਂ ਕਿਸੇ ਇਕ ਧਰਮ ਦੀ ਲੜਾਈ ਨਹੀਂ ਬਲਕਿ ਲੋਕਾਂ ਦੀ ਹੱਕਾਂ ਵਾਸਤੇ ਲੜਾਈ ਹੈ। ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਸੱਚਾਈ ਨੂੰ ਪ੍ਰਵਾਨ ਕਰੇ ਅਤੇ ਹੰਕਾਰੀ ਤੇ ਅੜਬ ਰਵੱਈਆ ਨਾ ਅਪਣਾਏ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਤੁਰੰਤ ਖਾਰਜ ਕਰੇ।
ਸੀਨੀਅਰ ਆਗੂਆਂ ਜਿਹਨਾ ਵਿਚ ਸ੍ਰੀ ਭੂੰਦੜ ਤੇ ਸ੍ਰੀਗੁਜਰਾਲ ਵੀ ਸ਼ਾਮਲ ਸਨ, ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਨੁੰ ਦਬਾਉਣ ਲਈ ਧੱਕੇਸ਼ਾਹੀ ਦੇ ਤਰੀਕਿਆਂ ਦੀ ਵਰਤੋਂ ਕਰ ਕੇ ਸ਼ਾਂਤੀਪੂਰਨ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ, ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ ਤੇ ਆਈ ਖੜੋਤ ਖਤਮ ਕਰਨੀ ਚਾਹੀਦੀ ਹੈ।
ਇਸ ਦੌਰਾਨ ਇਹਨਾਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਸ਼ਾਂਤੀਪੂਰਨ ਮਾਰਚ ਕੱਢਣ ਦਾ ਪੂਰਾ ਹੱਕ ਹੈ ਤੇ ਕਿਹਾ ਕਿ ਕੁਝ ਅਣਸੁਖਾਵੀਂਆਂ ਘਟਨਾਵਾਂ ਜੋ ਵਾਪਰੀਆਂ, ਅਸਲ ਵਿਚ ਟਰੈਕਟਰ ਮਾਰਚ ਲਈ ਪ੍ਰਵਾਨਗੀਆਂ ਦੇਣ ਤੇ ਰੂਟ ਦਾ ਫੈਸਲਾ ਕਰਨ ਵਿਚ ਦੇਰੀ ਕਾਰਨ ਵੀ ਵਾਪਰੀਆਂ ਹਨ। ਉਹਨਾਂ ਕਿਹਾ ਕਿ ਜੋ ਵੀ ਹੋਇਆ, ਉਹ ਮੰਦਭਾਗਾ ਹੈ ਪਰ ਸਰਕਾਰ ਨੂੰ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹਨਾਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ। ਇਹਨਾਂ ਆਗੂਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਕਿ ਉਹ ਉਸਾਰੂ ਭੁਮਿਕਾ ਅਦਾ ਕਰਨ ਅਤੇ ਕਿਸਾਨਾਂ ਦੇ ਇਸ ਸੰਕਟ ਦੇ ਸਮੇਂ ਵਿਚ ਸਿਆਣਪ ਨਾਲ ਕੰਮ ਲੈਣ ਤੇ ਦੂਸ਼ਣਬਾਜ਼ੀ ਦੀ ਸਿਆਸਤ ਨਾ ਕਰਨ।
ਨਰੇਸ਼ ਗੁਜਰਾਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਵਿਚ ਇਹਨਾਂ ਕਾਨੂੰਨਾਂ ਬਾਰੇ ਇਤਰਾਜ਼ ਉਠਾਇਆ ਸੀ ਤੇ ਕਿਵੇਂ ਉਹਨਾਂ ਨੇ ਇਹ ਮਾਮਲਾ ਸਰਕਾਰ ਕੋਲ ਉਠਾ ਕੇ ਕਿਸਾਨਾਂ ਦੀਆਂ ਚਿੰਤਾਵਾਂ ਦੂਰ ਕਰਨ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਆਖਿਆ ਸੀ ਕਿ ਇਹ ਬਿੱਲ ਹਾਲੇ ਟਾਲੇ ਜਾਣ ਤੇ ਮਾਮਲਾ ਸਲੈਕਟ ਕਮੇਟੀ ਹਵਾਲੇ ਕੀਤਾ ਜਾਵੇ ਤਾਂ ਜੋ ਜਿਹਨਾਂ ਦੇ ਹਿੱਤ ਪ੍ਰਭਾਵਤ ਹੋ ਰਹੇ ਹਨ, ਉਹਨਾ ਨਾਲ ਰਾਇ ਮਸ਼ਵਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਡੇਢ ਸਾਲ ਵਾਸਤੇ ਮੁਅੱਤਲ ਕਰਨ ਲਈਰਾਜ਼ੀ ਹੋ ਗਈ ਪਰ ਇਹਨਾਂ ਬਿੱਲਾਂ ਨੂੰ ਧੱਕੇ ਨਾਲ ਸੰਸਦ ਵਿਚ ਪਾਸ ਕਰਵਾਇਆ।