ਕਿਸਾਨ ਮੋਰਚੇ 'ਚ ਔਰਤਾਂ ਦੀ ਸ਼ਮੂਲੀਅਤ ਤੋਂ ਡਰੀ ਹਕੂਮਤ :ਨਵਸ਼ਰਨ
ਮੇਧਾ ਪਾਟੇਕਰ ਨੇ ਟਿੱਕਰੀ ਮੋਰਚੇ 'ਚ ਕੀਤੀ ਸ਼ਮੂਲੀਅਤ
ਅਸ਼ੋਕ ਵਰਮਾ
ਨਵੀਂ ਦਿੱਲੀ ,18 ਜਨਵਰੀ 2021: ਸੁਪਰੀਮ ਕੋਰਟ ਚੰਗੀ ਤਰਾਂ ਜਾਣਦਾ ਕਿ ਔਰਤਾਂ ਕਿਸਾਨ ਮੋਰਚੇ ਦਾ ਅਟੁੱਟ ਅੰਗ ਹਨ। ਪਰ ਔਰਤਾਂ ਨੂੰ ਘਰ ਭੇਜ ਦਿਓ ਦੀ ਟਿਪਣੀ ਸਾਫ ਜਾਹਰ ਕਰਦੀ ਹੈ ਕਿ ਮੋਦੀ ਹਕੂਮਤ ਔਰਤਾਂ ਦੀ ਜਨਤਕ ਪਿੜ ਵਿੱਚ ਵਿਸ਼ਾਲ ਸ਼ਮੂਲੀਅਤ ਤੋਂ ਡਰਦੀ ਹੈ ਤੇ ਦੇਸ਼ ਦੀ ਅੱਧੀ ਆਬਾਦੀ ਨੂੰ ਘਰਾਂ ਵਿੱਚ ਡੱਕ ਦੇਣਾ ਚਾਹੁੰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੀ ਸਮਾਜਿਕ ਕਾਰਕੁੰਨ ਡਾਕਟਰ ਨਵਸ਼ਰਨ ਵੱਲੋਂ ਟਿੱਕਰੀ ਬਾਰਡਰ 'ਤੇ ਬੀਕੇਯੂ ਏਕਤਾ ਉਗਰਾਹਾਂ ਦੇ ਪੰਡਾਲ 'ਚ ਪੰਜਾਬ ਤੇ ਹਰਿਆਣਾ ਦੀਆਂ ਜੁੜੀਆਂ ਹਜ਼ਾਰਾਂ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਭਾਜਪਾ ਹਕੂਮਤ ਅਦਾਲਤ ਰਾਹੀਂ ਔਰਤਾਂ ਦਾ ਜਨਤਕ ਸੰਘਰਸ਼ ਵਿੱਚ ਦਾਖਲਾ ਅਤੇ ਜਵਾਬਦੇਹੀ ਦਾ ਹੱਕ ਨਕਾਰਨਾ ਚਾਹੁੰਦੀ ਹੈ। ਪਰ ਔਰਤਾਂ ਇਹ ਹੱਕ ਕਿਸੇ ਵੀ ਹਾਲ ਖੁੱਸਣ ਨਹੀਂ ਦੇਣਗੀਆਂ।
ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਜਾਨਹੁਲਵੇ ਘੋਲ 'ਚ ਸਾ਼ਮਲ ਸਮੂਹ ਜਥੇਬੰਦੀਆਂ ਦੇ ਸੱਦੇ ਤਹਿਤ ਮਨਾਏ ਮਹਿਲਾ ਕਿਸਾਨ ਦਿਵਸ ਮੌਕੇ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੀ ਉੱਘੀ ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਨੇ ਕਿਹਾ ਕਿ ਮੋਦੀ ਸਰਕਾਰ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਰਾਹੀਂ ਖੇਤੀ ਖੇਤਰ ਤੋਂ ਇਲਾਵਾ ਜਲ, ਜੰਗਲ, ਸਿੱਖਿਆ, ਬਿਜਲੀ ਤੇ ਰੇਲਵੇ ਸਮੇਤ ਦੇਸ਼ ਦੇ ਅਮੀਰ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਰਾਹੀਂ ਦੇਸ਼ ਨੂੰ ਗਹਿਣੇ ਪਾ ਰਹੀ ਹੈ। ਉਨ੍ਹਾਂ ਔਰਤਾਂ ਦੀ ਵਿਸ਼ਾਲ ਸ਼ਮੂਲੀਅਤ 'ਤੇ ਤਸੱਲੀ ਜ਼ਾਹਰ ਕਰਦਿਆਂ ਆਖਿਆ ਕਿ ਇਹ ਘੋਲ ਕਿਸਾਨਾਂ ਤੋਂ ਵਧਕੇ ਸਮੂਹ ਲੋਕਾਂ ਦੇ ਘੋਲ 'ਚ ਵਟ ਗਿਆ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਮੋਦੀ ਸਰਕਾਰ , ਦੇਸੀ-ਵਿਦੇਸੀ ਕਾਰਪੋਰੇਟਾ ਅਤੇ ਸਾਮਰਾਜੀਆ ਦੇ ਗੱਠਜੋੜ ਖਿਲਾਫ ਤੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਔਰਤ ਸ਼ਕਤੀ ਦਾ ਖੌਲਦਾ ਰੋਹ ਭਾਜਪਾ ਹਕੂਮਤ ਤੇ ਕਾਰਪੋਰੇਟ ਘਰਾਣਿਆਂ ਦੀਆਂ ਕਿਸਾਨ ਤੇ ਲੋਕ ਦੋਖੀ ਆਸਾਂ ਨੂੰ ਬੂਰ ਨਹੀਂ ਪੈਣ ਦੇਵੇਗਾ । ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੇ ਜ਼ੋਸ਼ੀਲੇ ਭਾਸ਼ਨ ਰਾਹੀਂ ਕਿਹਾ ਕਿ ਸਾਮਰਾਜੀ ਵਿੱਤੀ ਸੰਸਥਾ 'ਕੌਮਾਤਰੀ ਮੁਦਰਾ ਫੰਡ' ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਪੱਖ 'ਚ ਦਾਗੇ ਗਏ ਬਿਆਨ ਨੇ ਭਾਜਪਾ ਹਕੂਮਤ, ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਵਿੱਤੀ ਸੰਸਥਾਵਾਂ ਦੇ ਲੁਟੇਰੇ ਗੱਠਜੋੜ ਦੀ ਗੂੜ੍ਹੀ ਸਾਂਝ ਨੂੰ ਸ਼ਰੇਆਮ ਨੰਗਾ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਕਿਸਾਨਾਂ ਦਾ ਮੱਥਾ ਸਿਰਫ਼ ਮੋਦੀ ਹਕੂਮਤ ਨਾਲ ਹੀ ਨਹੀਂ ਸਗੋਂ ਸੰਸਾਰ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ ਵਰਗੀਆਂ ਸਾਮਰਾਜੀ ਵਿੱਤੀ ਸੰਸਥਾਵਾਂ ਨਾਲ਼ ਲੱਗਿਆ ਹੈ ਇਸ ਲਈ ਲੰਮਾ ਦਮ ਰੱਖਕੇ ਤੇ ਵਿਸ਼ਾਲ ਲੋਕਾਈ ਨੂੰ ਸੰਘਰਸ਼ ਦੇ ਮੈਦਾਨ 'ਚ ਲਿਆਉਣਾ ਅਣਸਰਦੀ ਲੋੜ ਹੈ।
ਔਰਤ ਆਗੂ ਪਰਮਜੀਤ ਕੌਰ ਪਿੱਥੋਂ ਨੇ ਐਲਾਨ ਕੀਤਾ ਕਿ 19 ਜਨਵਰੀ ਨੂੰ ਟਿੱਕਰੀ ਤੇ ਚੱਲ ਰਹੇ ਮੌਰਚੇ 'ਚ ਇਨ੍ਹਾਂ ਸ਼ਾਮਰਾਜੀ ਸੰਸਥਾਵਾਂ 'ਕੌਮੰਤਰੀ ਮੁਦਰਾ ਫੰਡ' ਅਤੇ ਸੰਸਾਰ ਵਪਾਰ ਸੰਸਥਾ' ਦੇ ਪੁਤਲੇ ਫੂਕੇ ਜਾਣਗੇ। ਉਹਨਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਪੂਰੇ ਦੇਸ਼ ਵਿੱਚ ਸਾਰੀਆਂ ਫਸਲਾਂ ਦੀ ਐਮ ਐੱਸ ਪੀ ਉਪਰ ਖਰੀਦ ਦਾ ਕਾਨੂੰਨੀ ਹੱਕ ਲੈਣ ਦੇ ਨਾਲ ਹੀ ਸਰਵਜਨਕ,ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ।
ਇਸ ਮੌਕੇ ਅਖਿਲ ਭਾਰਤੀ ਮਹਿਲਾ ਸੁਰੱਖਿਆ ਮੰਚ ਹਰਿਆਣਾ ਦੀ ਆਗੂ ਸ਼ੰਮੀ ਇਲਹਾਵਤ, ਗੁੜਗਾਓਂ ਤੋਂ ਪਿੰਰਸੀਪਾਲ ਊਸ਼ਾ, ਹਿਸਾਰ ਤੋਂ ਮਹਿਲਾ ਆਗੂ ਪੂਨਮ ਤੇ ਰੋਹਤਕ ਤੋਂ ਮਹਿਲਾ ਆਗੂ ਪੂਜਾ ਤੋਂ ਇਲਾਵਾ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਬੀਕੇਯੂ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਆਗੂ ਕਮਲ ਨਿਆਲ, ਕੁਲਦੀਪ ਕੌਰ ਕੋਠਾਗੁਰੂ, ਬਚਿੱਤਰ ਕੌਰ ਤੇ ਪਰਮਜੀਤ ਕੌਰ ਸਮੂਰਾ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਇੱਕ ਸੁਰ ਹੁੰਦਿਆਂ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ 'ਚ ਪੂਰਾ ਜ਼ਬਤ ਰੱਖ ਕੇ ਸ਼ਾਂਤੀ ਪੂਰਨ ਰੱਖਣ ਦੀ ਅਪੀਲ ਕੀਤੀ।
ਸੁਚੇਤਕ ਰੰਗਮੰਚ ਮੁਹਾਲੀ ਦੀ ਟੀਮ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ 'ਜੇ ਹੁਣ ਵੀ ਨਾ ਬੋਲ਼ੇ'' ਖੇਡਿਆ ਗਿਆ ਜਿਸ ਨੇ ਦਰਸ਼ਕਾਂ ਨੂੰ ਧੁਰ ਅੰਦਰੋਂ ਹਲੂਣ ਕੇ ਅਹਿਸਾਸ ਕਰਾਇਆ ਕਿ ਸੰਘਰਸ਼ ਬਿਨਾਂ ਕੋਈ ਗੁਜ਼ਾਰਾ ਨਹੀਂ।