ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 17 ਜਨਵਰੀ 2021 - ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਹੈਂ। ਇਸੇ ਸੰਬੰਧ ਵਿੱਚ ਐਤਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਵਿਸ਼ਾਲ ਟ੍ਰੈਕਟਰ ਅਤੇ ਕਾਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋ ਕੇ ਡਡਵਿੰਡੀ ,ਰੇਲ ਕੋਚ ਫੈਕਟਰੀ ਹੁਸੈਨਪੁਰ ,ਭੁਲਾਨਾ ,ਖੇੜਾ ਮੰਦਰ ਤੋਂ ਹੁੰਦਾ ਹੋਇਆ ਕਪੂਰਥਲਾ ਦੀ ਦਾਣਾ ਮੰਡੀ ਵਿੱਚ ਪਹੁੰਚਕੇ ਸਮਾਪਤ ਹੋਇਆ।
ਇਸ ਮੌਕੇ ਕਿਸਾਨ ਨੇਤਾ ਸੁਖਜਿੰਦਰ ਸਿੰਘ ਲੋਧੀ ਵਾਲ, ਬਲਕਾਰ ਸਿੰਘ ਹਰਨਾਮਪੁਰ, ਪ੍ਰਤਾਪ ਸਿੰਘ ਮੋਮੀ, ਸੁਖਵਿੰਦਰ ਸਿੰਘ ਮਾਹਲ, ਤੇਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਕਾਰਪੋਰੇਟ ਪੱਖੀ ਨੀਤੀਆਂ ਲੲੀ ਇਹ ਤਿੰਨੇ ਕਾਲੇ ਕਾਨੂੰਨ ਪਾਸ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ। ਦੇਸ਼ ਭਰ ਦੇ ਕਿਸਾਨ ਪਿਛਲੇ ਦੋ ਮਹੀਨਿਅਾਂ ਤੋਂ ਦਿੱਲੀ ਵਿਚ ਮੋਦੀ ਸਰਕਾਰ ਖਿਲਾਫ ਅੰਦੋਲਨ ਚਲਾ ਰਹੇ ਹਨ । ਪ੍ਰੰਤੂ ਮੋਦੀ ਸਰਕਾਰ ਇਨ੍ਹਾਂ ਬਿੱਲਾਂ ਨੂੰ ਕਿਉ ਨਹੀਂ ਰੱਦ ਕਰ ਰਹੀ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਮੋਦੀ ਸਰਕਾਰ ਵੱਡੇ ਕਾਰਪੋਰੇਟ ਘਰਾਨਿਆਂ ਦੇ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਕਦੇ ਵੀ ਆਪਣੇ ਖੇਤ ਵਿਕਦੇ ਹੋਏ ਨਹੀਂ ਦੇਖ ਸਕਦੇ ਅਤੇ ਉਹ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਉਣਗੇ। ਇਸ ਮੌਕੇ ਤੇ ਉਹਨਾਂ ਕੇਂਦਰ ਸਰਕਾਰ ਵਿਰੁੱਧ ਡਟ ਕੇ ਨਾਹਰੇਬਾਜੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਦੇ ਦਿਨ ਕੱਢੇ ਜਾਣ ਵਾਲੇ ਟ੍ਰੈਕਟਰ ਮਾਰਚ ਦਾ ਇਹ ਸਿਰਫ ਇੱਕ ਟ੍ਰੇਲਰ ਹੈ। ਜੇ ਕਾਨੂੰਨ ਰੱਦ ਨਾ ਹੋਏ ਤਾਂ ਪੂਰੀ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਜਾਵੇਗਾ । ਇਸ ਮੌਕੇ ਜਸਵਿੰਦਰ ਸਿੰਘ ,ਹਰਸਿਮਰਨ ਸਿੰਘ ਜੱਜ, ਪ੍ਰਤਾਪ ਸਿੰਘ ਮੋਮੀ, ਬਲਕਾਰ ਸਿੰਘ ਹਰਨਾਮਪੁਰ, ਸੁਖਵੰਤ ਸਿੰਘ ਸੁਖੀ, ਨਿਹਾਲ ਸਿੰਘ ਚੀਮਾ, ਜਸਕਰਣ ਸਿੰਘ ਚੀਮਾ ,ਰਾਜਾ ਢਿੱਲੋ ,ਗੁਰਵਿੰਦਰ ਸਿੰਘ ,ਅਮਰੀਕ ਸਿੰਘ ,ਚਰਣਜੀਤ ਸਿੰਘ, ਹਰਮਨ ਭੁਲਾਨਾ, ਜਸਬੀਰ ਸਿੰਘ ਆਦਿ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।