84 ਸਿੱਖ ਕਤਲੇਆਮ ਦੇ ਪੀੜਤ ਪਰਿਵਾਰ ਅੱਜ ਪਠਾਨਕੋਟ ਵਿੱਚ ਪ੍ਰਿਯੰਕਾ ਗਾਂਧੀ ਵੱਲੋਂ ਸੁਨੀਲ ਜਾਖੜ ਦੇ ਹੱਕ ਵਿੱਚ ਕੱਢੇ ਗਏ ਰੋਡ ਸ਼ੋਅ ਦੌਰਾਨ ਕਾਂਗਰਸੀ ਆਗੂ ਸੈਮ ਪਿਤਰੌਦਾ ਦੇ ਬਿਆਨ ਖਿਲਾਫ ਆਪਣਾ ਰੋਸ ਜਾਹਿਰ ਕਰਦੇ ਹੋਏ।
ਪਠਾਨਕੋਟ, 14 ਮਈ 2019: ਪਠਾਨਕੋਟ ਢਾਂਗੂ ਰੋਡ ਸਥਿੱਤ ਮਾਡਲ ਟਾਊਨ ਗੁਰਦੁਆਰਾ ਸਾਹਿਬ ਨੇੜੇ ਅੱਜ ਸ਼ਾਮੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਮੌਕੇ '84 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਅਤੇ ਉਨ•ਾਂ ਦੇ ਹਿਮਾਇਤਾਂ ਹੋਰਨਾਂ ਨੇ ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰ ਸੈਮ ਪਿਤਰੌਦਾ ਦੇ ਬਿਆਨ ਖਿਲਾਫ ਰੋਸ ਮੁਜਾਹਰਾ ਕੀਤਾ। ਇਸ ਮੌਕੇ ਸਿੱਖ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਸੈਮ ਪਿਤਰੌਦਾ ਦੇ ਬਿਆਨ ਵਾਲੇ ਪੋਸਟਰ ਹੱਥਾਂ ਵਿੱਚ ਫੜੇ ਹੋਏ ਸਨ। ਜਿਵੇਂ ਹੀ ਪ੍ਰਿਯੰਕਾ ਗਾਂਧੀ ਦਾ ਰੋਡ ਸ਼ੋਅ ਇੱਥੇ ਪੁੱਜਿਆ ਤਾਂ ਪੀੜਤ ਪਰਿਵਾਰਾਂ ਨੇ ਪੁਲੀਸ ਨੂੰ ਝਕਾਨੀ ਦੇ ਇਹ ਪੋਸਟਰ ਗੱਡੀਆਂ 'ਤੇ ਸਵਾਰ ਪ੍ਰਿਯੰਕਾ ਗਾਂਧੀ, ਕਾਂਗਰਸੀ ਉਮੀਦਵਾਰ ਸੁਨੀਲ ਜਾਖੜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ, ਨਵਜੋਤ ਸਿੰਘ ਸਿੱਧੂ ਨੂੰ ਦਿਖਾਏ ਅਤੇ ਜ਼ੋਰ-ਜ਼ੋਰ ਦੀ ਨਾਅਰੇਬਾਜ਼ੀ ਕੀਤੀ।
ਇਹ ਪੀੜਤ ਪਰਿਵਾਰ ਦੀਨਾਨਗਰ, ਗੁਰਦਾਸਪੁਰ ਅਤੇ ਪਠਾਨਕੋਟ ਤੋਂ ਸਨ, ਜਿਨ•ਾਂ ਵਿੱਚ ਰਣਜੀਤ ਸਿੰਘ ਪੁੱਤਰ ਸ਼੍ਰੀ ਸਵਰਣ ਸਿੰਘ, ਰਣਜੀਤ ਸਿੰਘ ਪੁੱਤਰ ਮਿਹਰ ਸਿੰਘ ਲਾਧੋਪੁਰ, ਜਸਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਲਾਧੋਪੁਰ ਅਤੇ ਗੁਰਮੀਤ ਸਿੰਘ ਨਾਨੋਵਾਲ ਆਦਿ ਸ਼ਾਮਲ ਸਨ।