ਪਰਨੀਤ ਕੌਰ, ਦੀਪਇੰਦਰ ਢਿਲੋਂ ਕਾਂਗਰਸ ਵਿੱਚ ਸ਼ਾਮਲ ਹੋਏ ਅਕਾਲੀ ਆਗੂਆਂ ਨਾਲ
ਜੀ ਐੱਸ ਪੰਨੂ
ਪਟਿਆਲਾ, 05 ਮਈ 2019 : ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ-ਉਵੇਂ ਹੀ ਕਾਂਗਰਸ ਪਾਰਟੀ ਵਿੱਚ ਵਿਰੋਧੀ ਪਾਰਟੀ ਦੇ ਆਗੂਆਂ ਦਾ ਨਿਰੰਤਰ ਸ਼ਾਮਲ ਹੋਣਾ ਜਾਰੀ ਹੈ। ਅੱਜ ਉਸ ਵੇਲੇ ਅਕਾਲੀ ਦਲ ਨੂੰ ਬਹੁਤ ਵੱਡਾ ਝੱਟਕਾ ਲੱਗਾ ਜਦੋਂ ਡੇਰਾਬਸੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿਲੋਂ ਦੀ ਪ੍ਰੇਰਨਾ ਸਦਕਾ ਅਤੇ ਪਰਨੀਤ ਕੌਰ ਦੇ ਹੱਕ ਵਿੱਚ ਡੇਰਾਬਸੀ ਹਲਕਾ ਸ਼ਹਿਰੀ ਅਕਾਲੀ ਦਲ ਦਾ ਪ੍ਰਧਾਨ ਅਤੇ ਵਾਰਡ ਨੰ: 6 ਤੋਂ ਮੌਜੂਦਾ ਕੌਂਸਲਰ ਜਸਪ੍ਰੀਤ ਸਿੰਘ ਲੱਕੀ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਪਰਨੀਤ ਕੌਰ ਨੇ ਪ੍ਰਧਾਨ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਭਰਵਾਂ ਸੁਆਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪਾਰਟੀ ਆਗੂਆਂ ਦਾ ਮੋਹ ਪੂਰੀ ਤਰਾਂ ਭੰਗ ਹੋ ਚੁੱਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅਨਦੇਸ਼ੀ ਸੋਚ ਸਦਕਾ ਕਈ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਦੀ ਵੱਡੀ ਗਿਣਤੀ ਵਿੱਚ ਇਸ ਸ਼ਮੂਲੀਅਤ ਨਾਲ ਡੇਰਾਬਸੀ ਹਲਕੇ ਵਿੱਚ ਕਾਂਗਰਸ ਹੋਰ ਮਜਬੂਤ ਹੋ ਜਾਵੇਗੀ। ਇਸ ਤੋਂ ਪਹਿਲਾਂ ਪਿੰਡ ਭਬਾਤ ਅਤੇ ਛੱਤ ਵਿਖੇ ਹੋਈਆਂ ਭਰਵੀਂਆਂ ਮੀਟਿੰਗਾਂ ਦੌਰਾਨ ਅਕਾਲੀ ਦਲ ਦੇ ਕਈ ਆਗੂ ਜਿਹਨਾਂ ਵਿੱਚ ਸਤਨਾਮ ਸਿੰਘ, ਭਪਿੰਦਰ ਸਿੰਘ ਹੀਰਾ, ਰਘਵੀਰ ਸਿੰਘ ਛੱਤ, ਮੱਖਣ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਅਤੇ ਅਮਰਜੀਤ ਸਿੰਘ ਆਦਿ ਸ਼ਾਮਲ ਹੋਏ।