ਚੰਡੀਗੜ 02 ਅਪ੍ਰੈਲ 2019: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਨੂੰ ਉਸੇ ਠੱਗੀ ਦਾ ਇੱਕ ਨਵਾਂ ਪ੍ਰਾਜੈਕਟ ਕਰਾਰ ਦਿੱਤਾ ਹੈ, ਜਿਹੜੀ ਕਾਂਗਰਸ ਨੇ ਦੋ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਮਾਰੀ ਸੀ।
ਜਾਰੀ ਕੀਤੇ ਕਾਂਗਰਸੀ ਮੈਨੀਫੈਸਟੋ ਉੱਤੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਅਤੇ ਇਸ ਦਾ ਪ੍ਰਧਾਨ ਪੰਜਾਬ ਵਿਚ ਚਲਾਈ ਝੂਠ ਅਤੇ ਫਰੇਬ ਦੀ ਰਣਨੀਤੀ ਨਾਲ ਹੁਣ ਰਾਸ਼ਟਰੀ ਪੱਧਰ ਉੱਤੇ ਲੋਕਾਂ ਨੂੰ ਠੱਗਣ ਲਈ ਤੁਰ ਪਏ ਹਨ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਲੋਕ ਇਸ ਮੈਨੀਫੈਸਟੋ ਦੀ ਅਸਲੀਅਤ ਨੂੰ ਪਹਿਚਾਣ ਲੈਣਗੇ, ਜਿਸ ਦਾ ਉਦੇਸ਼ ਲੋਕਾਂ ਨਾਲ ਅਜਿਹੇ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰਨਾ ਹੈ, ਜਿਹਨਾਂ ਨੂੰ ਪੂਰੇ ਕਰਨ ਦੀ ਕਾਂਗਰਸ ਪਾਰਟੀ ਦੀ ਬਿਲਕੁੱਲ ਵੀ ਕੋਈ ਨੀਅਤ ਨਹੀਂ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਲੋਕਾਂ ਨੂੰ ਚੰਨ ਦੇਣ ਦਾ ਵਾਅਦਾ ਵੀ ਕਰ ਸਕਦਾ ਹੈ, ਪਰ ਉਸ ਉੱਤੇ ਕੋਈ ਵੀ ਭਰੋਸਾ ਨਹੀੰ ਕਰੇਗਾ। ਉਹਨਾਂ ਕਿਹਾ ਕਿ ਕਾਂਗਰਸ ਦਾ ਪਿਛਲਾ ਰਿਕਾਰਡ ਸਭ ਦੇ ਸਾਹਮਣੇ ਹੈ। ਇਸੇ ਵਜ•ਾ ਕਰਕੇ ਇਸ ਪਾਰਟੀ ਅਤੇ ਇਸ ਦੇ ਪ੍ਰਧਾਨ ਦੀ ਲੋਕਾਂ ਵਿਚ ਭਰੋਸੇਯੋਗਤਾ ਜ਼ੀਰੋ ਹੈ। ਇਹੀ ਕਾਰਣ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਨਕਾਰ ਕੇ ਦੁਬਾਰਾ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਚੁਣਨਾ ਚਾਹੁੰਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰਦੇ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਸੰਬੰਧੀ ਬਹੁਤ ਜ਼ਿਆਦਾ ਗੱਲਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਮੈਂ ਉਸ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਡੇ ਲਈ ਵਾਅਦੇ ਪੂਰਾ ਕਰਨਾ ਇੰਨਾ ਅਹਿਮ ਹੈ ਤਾਂ ਤੁਸੀਂ ਅਤੇ ਤੁਹਾਡੀ ਪਾਰਟੀ ਨੇ ਤੁਹਾਡੇ 2017 ਦੇ ਚੋਣ ਮੈਨੀਫੈਸਟੋ ਰਾਹੀਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਕਿਉਂ ਨਹੀਂ ਪੂਰੇ ਕੀਤੇ? ਉਹਨਾਂ ਕਿਹਾ ਕਿ ਜਿਸ ਢੰਗ ਨਾਲ ਕਾਂਗਰਸ ਪਾਰਟੀ ਪੰਜਾਬ ਵਿਚ ਕੀਤੇ ਆਪਣੇ ਵਾਅਦਿਆਂ ਤੋਂ ਭੱਜੀ ਹੈ, ਉਹ ਬਹੁਤ ਹੀ ਅਫਸੋਸਨਾਕ ਹੈ, ਕਿਉਂਕਿ ਇੱਕ ਤਾਂ ਉਸ ਮੈਨੀਫੈਸਟੋ ਨੂੰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਪ੍ਰਵਾਨਗੀ ਹਾਸਿਲ ਸੀ ਅਤੇ ਦੂਜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਿਆਂ ਨੂੰ ਪੂਰਾ ਕਰਨ ਦਾ ਵਚਨ ਦਿੱਤਾ ਸੀ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਪੰਜਾਬ ਵਿਚ ਗੁਟਕਾ ਸਾਹਿਬ ਦੀਆਂ ਸਹੁੰਾਂ ਖਾਣ ਮਗਰੋਂ ਵੀ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਤਾਂ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਇਹ ਅੱਜ ਦਿੱਲੀ ਵਿਚ ਆਮ ਘੋਸ਼ਣਾਵਾਂ ਰਾਹੀਂ ਕੀਤੇ ਵਾਅਦਿਆਂ ਨੂੰ ਪੂਰਾ ਕਰੇਗੀ।
ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਵੱਲੋਂ ਕੀਤੇ ਮਾੜੇ ਕੰਮਾਂ ਉੱਤੇ ਆਤਮ ਚਿੰਤਨ ਕਰਨ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਨਾਕਾਮੀ ਕਰਕੇ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ 900 ਤੋਂ ਟੱਪ ਚੁੱਕਿਆ ਹੈ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਰਾਹੁਲ ਨੂੰ ਅਜੇ ਤਕ ਇੱਕ ਵੀ ਖੁਦਕੁਸ਼ੀ ਪੀੜਤ ਪਰਿਵਾਰ ਦਾ ਦੁੱਖ ਵੰਡਾਉਣ ਲਈ ਸਮਾਂ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ ਹੈ। ਨੌਜਵਾਨਾਂ ਨੂੰ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਦੇ ਵਾਅਦੇ ਕਰਕੇ ਬੇਵਕੂਫ ਬਣਾਇਆ ਗਿਆ ਸੀ, ਪਰੰਤੂ ਇਹਨਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਐਲਾਨ ਕਰਕੇ ਗਰੀਬਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਉਹਨਾਂ ਦੀ ਭਲਾਈ ਲਈ ਕੰਮ ਕਰੇਗੀ ਜਦਕਿ ਇਹ ਚੰਗੀ ਤਰ•ਾਂ ਜਾਣਦੀ ਹੈ ਕਿ ਇਹ ਇੰਦਰਾ ਗਾਂਧੀ ਦੇ ਸਮੇਂ ਤੋਂ ਲੈ ਕੇ ਗਰੀਬੀ ਮਿਟਾਉਣ ਦੇ ਨਾਂ ਉੱਤੇ ਵੋਟਾਂ ਮੰਗਦੀ ਆ ਰਹੀ ਹੈ। ਉਹਨਾਂ ਕਿਹਾ ਕਿ ਰਾਹੁਲ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਤਰ•ਾਂ ਉਸ ਦੀ ਪਾਰਟੀ ਗਰੀਬਾਂ ਨਾਲ ਵਾਅਦੇ ਕਰ ਸਕਦੀ ਹੈ ਜਦਕਿ ਇਸ ਨੇ ਪੰਜਾਬ ਵਿਚ ਦਲਿਤਾਂ ਅਤੇ ਗਰੀਬਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ? ਉਹਨਾਂ ਕਿਹਾ ਕਿ ਪੰਜਾਬ ਵਿਚ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਹੁਣ ਤਾਂ ਸਥਿਤੀ ਇਹ ਹੈ ਕਿ ਸੂਬਾ ਸਰਕਾਰ ਵੱਲੋਂ ਕੇਂਦਰੀ ਗਰਾਂਟ ਹਾਸਿਲ ਕਰਨ ਤੋਂ ਬਾਅਦ ਵੀ ਗਰੀਬ ਬੱਚਿਆਂ ਨੂੰ ਸਰਦੀਆਂ ਦੀਆਂ ਸਕੂਲੀ ਵਰਦੀਆਂ ਨਹੀਂ ਦਿੱਤੀਆਂ ਗਈਆਂ।
ਇਹ ਕਹਿੰਦਿਆਂ ਕਿ ਪੰਜਾਬੀ ਅਤੇ ਪੂਰੇ ਦੇਸ਼ ਦੇ ਲੋਕ ਝੂਠੇ ਵਾਅਦਿਆਂ ਨਾਲ ਵਰਗਲਾਏ ਨਹੀਂ ਜਾਣਗੇ, ਡਾਕਟਰ ਚੀਮਾ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਜੁਆਬ ਦੇਵੇ ਕਿ ਉਸ ਨੇ ਹੁਣ ਤਕ ਘੱਟੋ ਘੱਟ ਆਮਦਨ ਗਾਰੰਟੀ ਸਕੀਮ ਕਿਸੇ ਵੀ ਕਾਂਗਰਸ ਸਾਸ਼ਿਤ ਸੂਬੇ ਅੰਦਰ ਕਿਉਂ ਨਹੀਂ ਲਾਗੂ ਕੀਤੀ ਹੈ? ਉਹਨਾਂ ਕਿਹਾ ਕਿ ਇਹ ਕੋਝੇ ਹਥਕੰਡੇ ਬੰਦ ਕਰ ਦਿਓ। ਲੋਕ ਕਾਂਗਰਸ ਪਾਰਟੀ ਦਾ ਅਸਲੀ ਰੰਗ ਵੇਖ ਚੁੱਕੇ ਹਨ ਅਤੇ ਉਹ ਕਦੇਂ ਵੀ ਇਸ ਪਾਰਟੀ ਨੂੰ ਆਪਣਾ ਸਮਰਥਨ ਨਹੀਂ ਦੇਣਗੇ।