ਚੰਡੀਗੜ੍ਹ, 23 ਮਈ 2019 - ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਉੱਤੇ ਬੋਲਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ 13 ਵਿੱਚੋਂ 8 ਸੀਟਾਂ ਦੀ ਸ਼ਾਨਦਾਰ ਜਿੱਤ ਨਾਲ ਅਮਰਿੰਦਰ ਸਿੰਘ ਪੰਜਾਬ ਦੇ ਅਸਲ ਕਪਤਾਨ ਸਾਬਤ ਹੋਏ ਹਨ। ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਛਾੜਨ ਵਿੱਚ ਸਫਲਤਾ ਹਾਸਲ ਕੀਤੀ।
ਰੰਧਾਵਾ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਇਕ ਵਾਰ ਸਿੱਧ ਕਰ ਦਿੱਤਾ ਕਿ ਉਨ੍ਹਾਂ ਦੀ ਕਪਤਾਨੀ ਹੇਠ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਕਿਲ੍ਹਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਦੋ ਤਿਹਾਈ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਾਬਲੀਅਤ ਸਿੱਧ ਕੀਤੀ ਸੀ ਅਤੇ ਹੁਣ ਲੋਕ ਸਭਾ ਚੋਣਾਂ ਵਿੱਚ 8 ਸੀਟਾਂ ਦੀ ਜਿੱਤ ਨਾਲ ਕਾਂਗਰਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਨਾਲ਼ੋਂ ਦੋ ਗੁਣਾ ਬਿਹਤਰ ਪ੍ਰਦਰਸ਼ਨ ਕਰ ਕੇ ਦਿਖਾਇਆ ਹੈ।
ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਵੱਡੀ ਜਿੱਤ ਨਾਲ ਅਕਾਲੀ ਦਲ ਤੇ ਆਪ ਖ਼ਾਤਮੇ ਵੱਲ ਵਧੇ ਹਨ। ਅਕਾਲੀ ਦਲ 4 ਵਿੱਚੋਂ 2 ਅਤੇ ਆਪ 4 ਵਿੱਚੋਂ 1 ਸੀਟ ਉੱਤੇ ਸਿਮਟ ਗਿਆ। ਬਾਦਲਾਂ ਨੇ ਆਪਣੇ ਪਰਿਵਾਰ ਪਿੱਛੇ ਪੂਰੇ ਅਕਾਲੀ ਦਲ ਨੂੰ ਛਿੱਕੇ ਟੰਗ ਦਿੱਤਾ ਅਤੇ ਨਤੀਜੇ ਵੀ ਇਹੋ ਸਾਬਿਤ ਕਰਦੇ ਹਨ।