ਚੰਡੀਗੜ੍ਹ, 21 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਉਪਰ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਦੇ ਪੇਡ ਏਜੰਟ ਦੀ ਤਰ੍ਹਾਂ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਕੇਜਰੀਵਾਲ ਵੱਲੋਂ ਇਕ ਵਾਰ ਫਿਰ ਤੋਂ ਉਨ੍ਹਾਂ ਦੇ (ਅਮਰਿੰਦਰ ਦੇ) ਪਰਿਵਾਰਿਕ ਮੈਂਬਰਾਂ ਦੇ ਸਵਿਸ ਬੈਂਕ ਖਾਤਿਆਂ ਬਾਰੇ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਦੋਸ਼ ਲਗਾ ਕੇ ਪੁਰਾਣੇ ਤੇ ਬਗੈਰ ਪੁਸ਼ਟੀ ਦੇ ਦਸਤਾਵੇਜ ਪੇਸ਼ ਕਰਨ ਨੂੰ ਲੈ ਕੇ ਹਾਸਾ ਉਡਾਇਆ ਹੈ।
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੱਲੋਂ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦੇ ਨਾਲ ਗਠਜੋੜ 'ਤੇ ਵੀ ਚੁਟਕੀ ਲਈ ਹੈ। ਜਿਨ੍ਹਾਂ ਨੇ ਕਿਹਾ ਕਿ ਆਪ ਆਗੂ ਸਾਫ ਤੌਰ 'ਤੇ ਪੰਜਾਬ 'ਚ ਉਨ੍ਹਾਂ ਦੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਲਗਾਤਾਰ ਘੱਟ ਹੁੰਦਿਆਂ ਦੇਖ ਨਿਰਾਸ਼ ਹੋ ਚੁੱਕੇ ਹਨ। ਜਿਨ੍ਹਾਂ ਦੀ ਪਾਰਟੀ ਦਾ ਪੰਜਾਬ 'ਚ ਪੂਰੀ ਤਰ੍ਹਾਂ ਨਾਲ ਮੰਦਾ ਪੈ ਜਾਣਾ ਕੰਧ 'ਤੇ ਲਿੱਖਿਆ ਨਜ਼ਰ ਆ ਰਿਹਾ ਹੈ ਅਤੇ ਕੇਜਰੀਵਾਲ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਦਾ ਖੋਹ ਚੁੱਕਾ ਪੱਧਰ ਵਾਪਸ ਹਾਸਿਲ ਕਰਨ ਵਾਸਤੇ ਹਰ ਤਰ੍ਹਾਂ ਦੇ ਨਿਚੇ ਪੱਧਰ ਦਾ ਉਪਾਅ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ 'ਚ 100 ਸੀਟਾਂ ਹਾਸਲ ਕਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਹੁਣ ਗੁਮਨਾਮ ਸਿਆਸੀ ਪਾਰਟੀਆਂ ਨਾਲ ਗਠਜੋੜ ਕਰਨ ਤੱਕ ਡਿੱਗ ਚੁੱਕੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਘੱਟੋਂ ਘੱਟ ਲੜਾਈ 'ਚ ਦਿੱਖਣ ਵਾਸਤੇ ਉਹ ਕਿਸ ਹੱਦ ਤੱਕ ਡਿੱਗ ਸਕਦੇ ਹਨ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਵੱਲੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਉਪਰ ਸਵਿਸ ਖਾਤਿਆਂ ਦਾ ਦੋਸ਼ ਲਗਾਏ ਜਾਣ ਲਈ ਪੁਰਾਣੇ ਦਸਤਾਵੇਜਾਂ ਨੂੰ ਰਿਲੀਜ਼ ਕਰਨ ਲਈ ਮੀਡੀਆ ਦਾ ਸਾਹਮਣਾ ਕਰਨ ਦੀ ਬਜਾਏ ਬਠਿੰਡਾ 'ਚ ਚੋਣ ਰੈਲੀ ਦੇ ਮੰਚ ਦਾ ਪ੍ਰਯੋਗ ਕਰਨ 'ਤੇ ਸਵਾਲ ਕੀਤਾ। ਪ੍ਰਦੇਸ਼ ਕਾਂਗਰਸ ਆਗੂ ਨੇ ਕਿਹਾ ਕਿ ਇਹ ਸਬੂਤ ਤੋਂ ਵੱਧ ਮਜ਼ਬੂਤ ਹੈ ਕਿ ਆਪ ਆਗੂ ਕੋਲ ਮੀਡੀਆ ਦੇ ਸਵਾਲਾਂ ਲਈ ਕੋਈ ਜਵਾਬ ਨਹੀਂ ਹੈ, ਜਿਹੜੇ ਪੁਰਾਣੇ ਦਸਤਾਵੇਜਾਂ ਦੇ ਰਿਲੀਜ਼ 'ਤੇ ਜ਼ਰੂਰ ਪੁੱਛੇ ਜਾਂਦੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਖੁਦ ਹੀ ਪਬਲਿਕ ਰੈਲੀ ਦੌਰਾਨ ਦਸਤਾਵੇਜ ਰਿਲੀਜ ਕਰਨ ਸਬੰਧੀ ਆਪਣੇ ਫੈਸਲੇ ਬਾਰੇ ਦੱਸ ਸਕਦੇ ਹਨ, ਜਿਥੇ ਉਨ੍ਹਾਂ ਨੂੰ ਕੋਈ ਸਵਾਲ ਨਹੀਂ ਕਰ ਸਕਦਾ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਆਗੂ ਵੱਲੋਂ ਲਗਾਏ ਗਏ ਦੋਸ਼ 'ਚ ਦਰਸਾਏ ਗਏ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਕਥਿਤ ਖਾਤਾ ਨੰਬਰ ਓਹੀ ਹਨ, ਜਿਹੜੇ ਉਨ੍ਹਾਂ ਦੇ ਸਾਥੀ ਆਸ਼ੀਸ਼ ਖੇਤਾਨ ਨੇ ਮਾਰਚ, 2016 'ਚ ਜ਼ਾਰੀ ਕੀਤੇ ਸਨ ਅਤੇ ਉਸ ਲਈ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਪਿਆ ਸੀ।
ਪੰਜਾਬ ਕਾਂਗਰਸ ਪ੍ਰਧਾਨ ਨੇ ਨਿਰਾਧਾਰ ਦਸਤਾਵੇਜ ਰਿਲੀਜ਼ ਕਰਨ ਨੂੰ ਪਬਲਿਕ ਸਟੰਟ ਦੱਸਿਆ ਹੈ, ਜਿਨ੍ਹਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਵੀ ਸੱਚੇ ਨਹੀਂ ਸਾਬਤ ਕਰ ਸਕੀਆਂ, ਜਿਨ੍ਹਾਂ ਕੋਲ ਇਸ ਉਦੇਸ਼ ਲਈ ਪੂਰੀ ਸਰਕਾਰੀ ਮਸ਼ੀਨਰੀ ਮੌਜ਼ੂਦ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਸਨੂੰ ਭਾਰਤੀ ਜਨਤਾ ਪਾਰਟੀ-ਸ੍ਰੋਮਣੀ ਅਕਾਲੀ ਦਲ ਗਠਜੋੜ ਤੇ ਆਮ ਆਦਮੀ ਦੀ ਚੋਣਾਂ ਤੋਂ ਪ੍ਰੇਰਿਤ ਮਿਲੀਭੁਗਤ ਕਰਾਰ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਨੂੰ ਝੂਠੇ ਮਾਮਲੇ 'ਚ ਫਸਾਉਂਦਿਆਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ।
ਪੰਜਾਬ 'ਚ ਕਿਸੇ ਵੀ ਤਰ੍ਹਾਂ ਦਾ ਗੰਭੀਰ ਮੁਕਾਬਲਾ ਦੇਣ 'ਚ ਅਸਫਲ ਰਹੇ, ਪ੍ਰਧਾਨ ਮੰਤਰੀ ਨਰਿੰਰਦ ਮੋਦੀ ਨੇ ਬਾੜਮੇਰ 'ਚ ਚੋਣ ਰੈਲੀ ਦੌਰਾਨ ਉਨ੍ਹਾਂ ਦੇ (ਅਮਰਿੰਦਰ ਦੇ) ਪਰਿਵਾਰਿਕ ਮੈਂਬਰਾਂ ਉਪਰ ਨਿਰਾਧਾਰ ਦੋਸ਼ ਲਗਾਏ ਸਨ। ਜਿਨ੍ਹਾਂ ਨੂੰ ਜੇਤਲੀ ਨੇ ਅੰਮ੍ਰਿਤਸਰ 'ਚ ਆਪਣੇ ਚੋਣ ਪ੍ਰਚਾਰ ਲਈ ਇਸਤੇਮਾਲ ਕੀਤਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਚੋਣਾਂ ਦੌਰਾਨ ਜੇਤਲੀ ਨੂੰ ਮਿਲੀ ਕਰਾਰੀ ਹਾਰ ਸਪੱਸ਼ਟ ਕਰਦੀ ਹੈ ਕਿ ਅਜਿਹੇ ਨਿਰਾਧਾਰ ਦੋਸ਼ਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਜਿਨ੍ਹਾਂ ਨੂੰ ਵਿੱਤ ਮੰਤਰੀ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਈ.ਡੀ. ਸਾਬਤ ਕਰਨ 'ਚ ਅਸਫਲ ਰਹੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਕੇਜਰੀਵਾਲ ਨੂੰ ਪੰਜਾਬ ਦੇ ਵੋਟਰਾਂ ਨੂੰ ਭਰਮ 'ਚ ਪਾਉਣ ਲਈ ਖੇਡਾਂ ਖੇਡਣ ਦੀ ਬਜਾਏ ਐਸ.ਵਾਈ.ਐਲ ਮੁੱਦੇ 'ਤੇ ਆਪਣਾ ਪੱਖ ਸਪੱਸ਼ਟ ਕਰਨ ਵਾਸਤੇ ਕਿਹਾ ਹੈ, ਜਿਹੜੇ ਉਨ੍ਹਾਂ ਦੀਆਂ ਨੋਟੰਕੀਆਂ ਤੋਂ ਧੋਖਾ ਨਹੀਂ ਖਾ ਸਕਦੇ। ਉਹ ਉਕਤ ਮੁੱਦੇ 'ਤੇ ਆਪ ਆਗੂ ਦੀ ਚੁੱਪੀ ਉਪਰ ਵੀ ਵਰ੍ਹੇ, ਜਿਹੜਾ ਪੰਜਾਬ ਭਰ ਦੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ 'ਤੇ ਪ੍ਰਭਾਵ ਪਾ ਸਕਦਾ ਹੈ।