ਪਟਿਆਲਾ, 12 ਮਈ 2019: ਧਰਮਵੀਰ ਗਾਂਧੀ ਵਲੋਂ ਆਪਣੇ ਕਾਰਜਕਾਲ ਦੌਰਾਨ ਲੋਕ ਸਭਾ ਤੋਂ ਆਨੰਦ ਮੈਰਿਜ ਐਕਟ ਪਾਸ ਕਰਾਉਣ ਦਾ ਜੋ ਝੂਠਾ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉਸ ਦੀ ਸਖ਼ਤ ਅਲੋਚਨਾ ਕਰਦਿਆਂ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਬਨੂੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਨੰਦ ਮੈਰਿਜ ਐਕਟ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਕਾਂਗਰਸ ਸਰਕਾਰ ਵੇਲੇ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਕੇ.ਪੀ. ਤਰਲੋਚਨ ਸਿੰਘ ਨੇ ਇਸ ਸਬੰਧੀ ਮਤਾ ਪੇਸ਼ ਕੀਤਾ ਸੀ ਜਦੋਂ ਉਹ ਕੇਂਦਰ ਵਿੱਚ ਵਿਦੇਸ਼ ਰਾਜ ਮੰਤਰੀ ਅਤੇ ਸਲਮਾਨ ਖੁਰਸ਼ੀਦ ਵਿਦੇਸ਼ ਮੰਤਰੀ ਸਨ। ਉਹਨਾਂ ਦੱਸਿਆ ਕਿ ਉਸ ਸਮੇਂ ਪੰਜਾਬ ਅਤੇ ਹੋਰ ਰਾਜਾਂ ਦੇ ਮੈਂਬਰ ਪਾਰਲੀਮੈਂਟ ਨੇ ਸਰਬ ਸੰਮਤੀ ਨਾਲ ਇਸ ਮਤੇ ਨੂੰ ਪਾਸ ਕਰਨ ਦੀ ਪ੍ਰੋੜਤਾ ਕੀਤੀ ਸੀ ਅਤੇ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਆਨੰਦ ਮੈਰਿਜ ਐਕਟ ਨੂੰ ਪਾਸ ਕਰਵਾ ਦਿੱਤਾ ਸੀ। ਜਦੋਂ ਕਿ ਧਰਮਵੀਰ ਗਾਂਧੀ ਉਸ ਵੇਲੇ ਐਮ.ਪੀ. ਤਾਂ ਕੀ ਸਗੋਂ ਰਾਜਨੀਤੀ ਵਿੱਚ ਵੀ ਨਹੀਂ ਸਨ ਆਏ।
ਪਰਨੀਤ ਕੌਰ ਨੇ ਇਹ ਵੀ ਖੁਲਾਸਾ ਕੀਤਾ ਕਿ ਧਰਮਵੀਰ ਗਾਂਧੀ ਵਲੋਂ ਜੋ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਅੰਬਾਲਾ ਤੋਂ ਧੂਰੀ ਅਤੇ ਧੂਰੀ ਤੋਂ ਬਠਿੰਡਾ ਰੇਲਵੇ ਲਾਈਨ ਨੂੰ ਡਬਲ ਕਰਾਉਣ ਅਤੇ ਬਿਜਲੀਕਰਨ ਕਰਵਾਇਆ ਹੈ, ਜੋ ਕਿ ਕੋਰਾ ਝੂਠ ਦਾ ਪੁਲੰਦਾ ਅਤੇ ਗੁੰਮਰਾਹਕੁਨ ਬਿਆਨ ਹੈ। ਅਜਿਹੇ ਕੋਝੇ ਅਤੇ ਬੇਬੁਨਿਆਦ ਬਿਆਨ ਦੇ ਕੇ ਧਰਮਵੀਰ ਗਾਂਧੀ ਪਟਿਆਲਾ ਹਲਕੇ ਦੇ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਉਹਨਾਂ ਸਚਾਈ ਜਾਹਰ ਕਰਦਿਆਂ ਦੱਸਿਆ ਕੀ ਇਹ ਪ੍ਰੋਜੈਕਟ ਵੀ ਕੇਂਦਰ ਵਿੱਚ ਕਾਂਗਰਸ ਸਰਕਾਰ ਦੇ ਹੁੰਦਿਆਂ ਹੀ ਪਾਸ ਹੋਇਆ ਸੀ ਜਦੋਂ ਕੀ ਕੇਂਦਰ ਵਿੱਚ ਰੇਲਵੇ ਮੰਤਰੀ ਪਵਨ ਬਾਂਸਲ ਸਨ ਅਤੇ ਉਹਨਾਂ ਸਮੇਤ ਪੰਜਾਬ ਦੇ ਹੋਰ ਮੈਂਬਰ ਪਾਰਲੀਮੈਂਟ ਵਲੋਂ ਸਮੂਹਕ ਤੌਰ ਤੇ ਅੰਬਾਲਾ ਤੋਂ ਧੂਰੀ ਅਤੇ ਧੂਰੀ ਤੋਂ ਬਠਿੰਡਾ ਰੇਲਵੇ ਲਾਈਨ ਨੂੰ ਡਬਲ ਕਰਾਉਣ ਅਤੇ ਬਿਜਲੀਕਰਨ ਕਰਵਾਉਣ ਦੇ ਪ੍ਰੋਜੈਕਟ ਦੀ ਮੰਗ ਨੂੰ ਮੁੱਖ ਰੱਖਦਿਆਂ ਉਸ ਵੇਲੇ ਦੇ ਰੇਲਵੇ ਮੰਤਰੀ ਨੇ ਮਨਜੂਰੀ ਦੁਆਈ ਸੀ।
ਇਸੇ ਤਰ੍ਹਾਂ ਧਰਮਵੀਰ ਗਾਂਧੀ ਵਲੋਂ ਪਟਿਆਲਾ ਵਿਖੇ ਪਾਸਪੋਰਟ ਦਫ਼ਤਰ ਬਣਾਉਣ ਦੇ ਝੂਠੇ ਦਾਅਵੇ ਦੀ ਪੋਲ ਖੋਲਦਿਆਂ ਪਰਨੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਸਕੀਮ ਨੂੰ ਵੀ ਜੂਨ 2012 ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਪਹਿਲਾਂ 17 ਪਾਸਪੋਰਟ ਦਫ਼ਤਰ ਅਤੇ ਸੇਵਾ ਕੇਂਦਰ ਖੋਲਣ ਅਤੇ ਬਾਅਦ ਵਿੱਚ ਇਹਨਾਂ ਦੀ ਗਿਣਤੀ ਵਧਾ ਕੇ 86 ਕਰਕੇ ਮਨਜੂਰੀ ਦੇ ਦਿੱਤੀ ਗਈ ਸੀ। ਉਹਨਾਂ ਹੋਰ ਦੱਸਿਆ ਕਿ ਪਹਿਲਾਂ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਤੇ ਸੇਵਾ ਕੇਂਦਰ ਖੋਲੇ ਗਏ ਸਨ। ਜਦੋਂ ਕਿ ਪਟਿਆਲਾ ਛੋਟਾ ਸ਼ਹਿਰ ਹੋਣ ਕਾਰਨ ਇਥੇ ਇਹ ਦਫ਼ਤਰ ਵਾਰੀ ਆਉਣ ਤੇ ਖੋਲਿਆ ਗਿਆ। ਇਸ ਮੌਕੇ ਵਿਧਾਇਕ ਹਰਦਿਆਲ ਕੰਬੋਂਜ, ਸੁਖਜਿੰਦਰ ਮਾਨਸ਼ਾਹੀਆ, ਗੁਰਮੀਤ ਕੌਰ ਕੰਬੋਂਜ, ਪ੍ਰਧਾਨ ਨਗਰ ਕੌਂਸਲ ਭਜਨ ਲਾਲ, ਸ਼ਹਿਰੀ ਯੂਥ ਪ੍ਰਧਾਨ ਕੁਲਵਿੰਦਰ ਭੋਲਾ, ਯੂਥ ਆਗੂ ਗਗਨਦੀਪ ਸਿੰਘ, ਸੁਖਵੀਰ ਜੁਨੇਜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।