ਪਟਿਆਲਾ, 17 ਅਪ੍ਰੈਲ 2019: ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਆਪਣੀ ਹਾਰ ਨੂੰ ਦੇਖਦੇ ਹੋਏ ਕਾਂਗਰਸੀ ਅਤੇ ਅਕਾਲੀ ਬੁਖਲਾ ਗਏ ਹਨ, ਜਿਸਦੇ ਚਲਦਿਆਂ ਉਹ ਆਪਣੇ ਵਰਕਰਾਂ ਕੋਲੋਂ ਮੇਰੇ ਫਲੈਕਸ ਬੋਰਡ/ਪੋਸਟਰ ਤੱਕ ਫਾੜ ਰਹੇ ਹਨ ਅਤੇ ਚੋਣ ਕਮਿਸ਼ਨ ਕੋਲ ਮੇਰੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਮੈਂ ਕਾਂਗਰਸੀ ਅਤੇ ਅਕਾਲੀਆਂ ਦੀਆਂ ਇਹਨਾਂ ਕਾਇਰਾਨਾਂ ਹਰਕਤਾਂ ਤੋਂ ਨਹੀਂ ਡਰਦਾ ਕਿਉਂਕਿ ਮੇਰੀ ਤਾਕਤ ਮੇਰੇ ਹਲਕੇ ਦੇ ਸਾਰੇ ਲੋਕ ਹਨ ਜੋ ਮੈਂਨੂੰ ਪਿਆਰ ਕਰਦੇ ਹਨ ਅਤੇ ਮੇਰੇ ਨਾਲ ਚੱਟਾਨ ਵਾਂਗ ਖੜੇ ਹਨ। ਡਾ. ਗਾਂਧੀ ਅੱਜ ਆਪਣੇ ਚੋਣ ਪ੍ਰਚਾਰ ਲਈ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਸੰਬੋਧਨ ਕਰ ਰਹੇ ਸਨ।
ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹਨਾਂ ਦੇ ਚੋਣ ਪ੍ਰਚਾਰ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਦੇ ਮਿਲ ਰਹੇ ਇਸ ਸਹਿਯੋਗ ਨੇ ਮੇਰੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ, ਇਸੇ ਲਈ ਹੀ ਹੁਣ ਮੇਰੇ ਵਿਰੋਧੀ ਉੇਮੀਦਵਾਰਾਂ ਦੀ ਨੀਂਦ ਉੱਡੀ ਪਈ ਹੈ। ਉਹਨਾਂ ਵਿਅੰਗ ਕੱਸਦਿਆਂ ਕਿਹਾ ਕਿ ਮੇਰੇ ਵਿਰੋਧੀ ਉਮੀਦਵਾਰਾਂ ਨੂੰ ਤਾਂ ਸੁਪਨੇ ਵਿੱਚ ਵੀ ਹੁਣ ਡਾਕਟਰ ਗਾਂਧੀ ਹੀ ਦਿਸਦਾ ਹੈ, ਇਸੇ ਲਈ ਉਹ ਮੇਰੇ ਚੋਣ ਪ੍ਰਚਾਰ ਤੋਂ ਘਬਰਾਏ ਪਏ ਹਨ। ਉਹਨਾਂ ਕਿਹਾ ਕਿ ਮੈਂ ਆਪਣੇ ਵੱਲੋਂ ਪਿਛਲੇ ਪੰਜ ਸਾਲਾਂ 'ਚ ਕੀਤੇ ਕੰਮਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਕੇ ਅਪੀਲ ਕਰ ਰਿਹਾ ਹਾਂ ਕਿ ਪਹਿਲਾਂ ਮੇਰੇ ਕੰਮਾਂ ਨੂੰ ਦੇਖੋ ਅਤੇ ਫਿਰ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਹੀ ਮੈਂਨੂੰ ਵੋਟ ਪਾਓ।