ਨਵਾਂਸ਼ਹਿਰ, 12 ਮਈ 2019: ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵਲੋਂ ਅੱਜ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵਿਚ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਵੱਡੇ ਕਾਫਲੇ ਨਾਲ ਸ਼ੇਰਗਿੱਲ ਵਲੋਂ ਰੋਡ ਸ਼ੋਅ ਕੱਢਣ ਨਾਲ ਚੋਣ ਪ੍ਰਚਾਰ ਤੇਜ ਕੀਤਾ ਗਿਆ। ਇਸ ਦੌਰਾਨ ਇਲਾਕਾ ਵਾਸੀਆਂ ਵਲੋਂ ਰੋਡ ਸ਼ੋਅ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਰੋਡ ਸ਼ੋਅ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਕੱਢਿਆ ਗਿਆ। ਇਹ ਰੋਡ ਸ਼ੋਅ ਪਿੰਡ ਬੀਰੂਵਾਲ, ਜਲਵਾਹਾ, ਮੁਜਾਫਤਪੁਰ, ਅਸਮਾਨਪੁਰ, ਜਾਡਲਾ, ਰਾਹੋਂ, ਉੜਾਪੁਰ, ਨਵਾਂਸ਼ਹਿਰ ਤੋਂ ਹੁੰਦਾ ਹੋਇਆ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਪੁੱਜਿਆ। ਇਸ ਦੌਰਾਨ ਨਰਿੰਦਰ ਸਿੰਘ ਸ਼ੇਰਗਿੱਲ ਵਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਸ਼ੇਰਗਿੱਲ ਨੇ ਕਿਹਾ ਕਿ ਪਿਛਲੇ ਦਸ ਸਾਲ ਤੋਂ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਅਤੇ ਹੁਣ ਦੋ ਸਾਲਾਂ ਤੋਂ ਕਾਂਗਰਸ ਸਰਕਾਰ ਵਲੋਂ ਗਰੀਬ ਲੋਕਾਂ ਸਮੇਤ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਗਿਆ ਹੈ ਅਤੇ ਸਿਰਫ ਲਾਰੇ ਲਾਕੇ ਹੀ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਵੋਟਰ ਜਾਗਰੂਕ ਹੋ ਚੁੱਕੇ ਹਨ ਅਤੇ ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਚਾਲਾਂ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਵਲੋਂ ਆਮ ਆਦਮੀ ਪਾਰਟੀ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅੱੱਗੇ ਵੱਧਣ ਤੋਂ ਰੋਕਣ ਲਈ ਸੂਬਾ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ ਅਤੇ ਆਪ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਆਪ ਵਿਧਾਇਕ ਕਾਂਗਰਸ ਦੀਆਂ ਚਾਲਾਂ ਵਿਚ ਨਹੀ ਫੱਸਣਗੇ।ਇਸ ਮੌਕੇ ਹਲਕਾ ਇੰਚਾਰਜ ਸਤਨਾਮ ਸਿੰਘ ਜਲਵਾਹਾ ਦੀ ਅਗਵਾਈ ਹੇਠ ਰੋਡ ਸ਼ੋਅ ਕੱਢਿਆ ਗਿਆ। ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਮਨਦੀਪ ਸਿੰਘ ਅਟਵਾਲ, ਗਗਨ ਅਗਨੀਹੋਤਰੀ ਜਨਰਲ ਸਕੱਤਰ, ਬਲਾਕ ਪ੍ਰਧਾਨ ਸੁਰਿੰਦਰ ਸੰਘਾ, ਵਨੀਤ ਰਾਣਾ ਪ੍ਰਧਾਨ ਚੋਣ ਪ੍ਰਚਾਰਕ ਕਮੇਟੀ, ਕੁਲਦੀਪ ਉੜਾਪੁਰ, ਸੇਵਾ ਸਿੰਘ ਛੀਨਾ, ਗੁਰਦੇਵ ਸਿੰਘ ਮੀਰਪੁਰ, ਕੁਲਵੰਤ ਸਿੰਘ ਰੁਕਾਸਣ, ਮਨਜੀਤ ਸਿੰਘ ਸ਼ਾਹਪੁਰ, ਰਾਜ ਕੁਮਾਰ, ਸ਼ਿਵ ਚਰਨ ਚੇਚੀ, ਜੇਡੀ ਸ਼ਰਮਾ, ਸਤਨਾਮ ਸੇਠੀ, ਡਾ.ਪਲਵਿੰਦਰ ਸਿੰਘ ਆਦਿ ਮੌਜੂਦ ਸਨ।