ਲੁਧਿਆਣਾ, 14 ਮਈ 2019: ਗਿੱਲ ਹਲਕੇ ਦੇ ਅੰਦਰ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਅਤੇ ਕਾਲੋਨੀਆਂ ਵਿੱਚ ਵੱਡੀਆਂ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀ ਸੀਮਾ ਤੋਂ ਇੱਕ ਕਿਲੋਮੀਟਰ ਘੇਰੇ ਦੇ ਅੰਦਰ ਆਉਂਦੀਆਂ ਸਾਰੀਆਂ ਕਾਲੋਨੀਆਂ ਅਤੇ ਪਿੰਡਾਂ ਨੂੰ 6 ਮਹੀਨਿਆਂ ਅੰਦਰ ਕਾਰਪੋਰੇਸ਼ਨ ਦੀ ਹੱਦ ਵਿੱਚ ਲਿਆਂਦਾ ਜਾਵੇਗਾ ਅਤੇ ਇਨਾਂ ਇਲਾਕਿਆਂ ਵਿੱਚ ਸ਼ਹਿਰੀ ਖੇਤਰਾਂ ਦੇ ਬਰਾਬਰ ਸੜਕਾਂ, ਸੀਵਰੇਜ, ਐਲਈਡੀ ਲਾਈਟਾਂ, ਸ਼ਾਨਦਾਰ ਪਾਰਕਾਂ ਆਦਿ ਦੀਆਂ ਸਾਰੀਆਂ ਸਹੂਤਲਾਂ ਦਿੱਤੀਆਂ ਜਾਣਗੀਆਂ।
ਸ. ਬਿੱਟੂ ਨੇ ਫੁੱਲਾਂਵਾਲ, ਬਸੰਤ ਐਵਿਨਿਊ, ਸ਼ਹੀਦ ਭਾਗਤ ਸਿੰਘ ਨਗਰ, ਧਾਂਦਰਾ ਰੋਡ, ਹਿੰਮਤ ਸਿੰਘ ਨਗਰ, ਮਾਣਕਵਾਲ, ਬਚਿੱਤਰ ਨਗਰ ਅਤੇ ਮਹਿਮੂਦਪੁਰਾ ਵਿਖੇ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਆਯੋਜਿਤ 7 ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਉਨਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਇਨਾਂ ਸਾਰੀਆਂ ਚੋਣ ਸਭਾਵਾਂ ਵਿੱਚ ਹਾਜ਼ਰ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਸ. ਬਿੱਟੂ ਨੂੰ ਇਸ ਹਲਕੇ ਤੋਂ ਵੱਡੇ ਫਰਕ ਨਾਲ ਜਿਤਾਉਣ ਦਾ ਯਕੀਨ ਦਿਵਾਇਆ।
ਬਸੰਤ ਐਵਿਨਿਊ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਸਾਰੇ ਵਰਗਾਂ ਦੀ ਜਿਊਣਾ ਮੁਹਾਲ ਕਰ ਦਿੱਤਾ ਹੈ ਅਤੇ ਇਨਾਂ ਚੋਣਾਂ ਵਿੱਚ ਗੁੱਸਾਏ ਲੋਕ ਮੋਦੀ ਸਰਕਾਰ ਦਾ ਖਾਤਮਾ ਕਰਨਗੇ ਅਤੇ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਗਠਿਤ ਹੋਵੇਗੀ। ਉਨਾਂ ਦਾਅਵਾ ਕੀਤਾ ਕਿ ਸ. ਬਿੱਟੂ ਦੇ ਹੱਕ ਵਿੱਚ ਸਮੁੱਚੇ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਜ਼ੋਰਦਾਰ ਲਹਿਰ ਚੱਲ ਰਹੀ ਹੈ ਅਤੇ ਬਿੱਟੂ ਭਾਰੀ ਫਰਕ ਨਾਲ ਚੋਣ ਜਿੱਤਣਗੇ।
ਸ. ਬਿੱਟੂ ਨੇ ਬੋਲਦੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਰਾਜਨੀਤੀ ਕਰਕੇ ਆਪਣੇ ਪਰਿਵਾਰ ਦੀ ਰਵਾਇਤ ਨੂੰ ਅੱਗੇ ਵਧਾ ਰਹੇ ਹਨ ਅਤੇ ਸ. ਬੇਅੰਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਪੰਜਾਬ ਨੂੰ ਅੱਤਵਾਦ ਦੀ ਭੱਠੀ ਤੋਂ ਬਾਹਰ ਲਿਆਂਦਾ।
ਉਨਾਂ ਕਿਹਾ ਕਿ ਕੇਂਦਰ ਵਿੱਚ ਯੂਪੀਏ ਸਰਕਾਰ ਬਣਨ 'ਤੇ ਸਾਰੇ ਗਰੀਬ ਪਰਿਵਾਰਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਮਿਲੇਗਾ। ਗਰੀਬ, ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਮਿਲੇਗੀ ਅਤੇ ਲੜਕੀਆਂ ਨੂੰ ਮੁਫਤ ਉੱਚ ਸਿੱਖਿਆ ਮਿਲੇਗੀ। ਇਸ ਤੋਂ ਇਲਾਵਾ ਹਰ ਵਿਅਕਤੀ ਦੇ ਸਾਰੀਆਂ ਬਿਮਾਰੀਆਂ ਦੇ ਟੈਸਟ ਵੀ ਮੁਫਤ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ।
ਆਪਣੇ ਵਿਰੋਧੀ ਉਮੀਦਵਾਰ ਬਾਰੇ ਬੋਲਦੇ ਉਨਾਂ ਕਿਹਾ ਕਿ ਸਿਮਰਜੀਤ ਬੈਂਸ ਸਟਿੰਗ ਅਪ੍ਰੇਸ਼ਨਾਂ ਰਾਹੀਂ ਮੁਲਾਜ਼ਮਾਂ ਨੂੰ ਬਲੈਕਮੇਲ ਕਰਕੇ ਜਬਰੀ ਉਗਰਾਹੀ ਕਰਨ ਲਈ ਬਦਨਾਮ ਹੋ ਚੁੱਕੇ ਹਨ ਅਤੇ ਉਨਾਂ 'ਤੇ ਜਮੀਨਾਂ ਹਥਿਆਉਣ ਦੇ ਦੋਸ਼ ਲੱਗ ਰਹੇ ਹਨ। ਇਸ ਤੋਂ ਇਲਾਵਾ ਉਨਾਂ ਖਿਲਾਫ ਹੱਤਿਆ ਦੀ ਕੋਸ਼ਿਸ਼ ਵਰਗੇ ਸੰਗੀਨ ਦੋਸ਼ਾਂ ਸਮੇਤ 60 ਅਪਰਾਧਿਕ ਮਾਮਲੇ ਦਰਜ ਹਨ।
ਇਸੇ ਤਰਾਂ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਪਿਛਲੇ 10 ਸਾਲ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਭ੍ਰਿਸ਼ਟਾਚਾਰ ਅਤੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਬਾਦਲਾਂ ਦੇ ਨਾਲ ਬਰਾਬਰ ਦੇ ਜਿੰਮੇਵਾਰ ਹਨ ਅਤੇ ਹੁਣ ਹਾਰ ਸਾਹਮਣੇ ਦੇਖ ਕੇ ਮਾਸੂਮਾਂ ਦੇ ਕਾਤਲ ਖਤਰਨਾਕ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਤੋਂ ਮਦਦ ਦੀਆਂ ਅਪੀਲਾਂ ਕਰਵਾ ਰਹੇ ਹਨ। ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਨਾਂ (ਬਿੱਟੂ) ਦੀ ਪਿਛਲੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮੁੱਖ ਰੱਖਕੇ ਵੋਟਾਂ ਪਾਉਣ ਤਾਂ ਕਿ ਉਹ ਸ਼ਹਿਰ ਦੇ ਦੁਆਲੇ ਵਿਕਾਸ ਨੂੰ ਤਰਸ ਰਹੇ ਸਾਰੇ ਪਿੰਡਾਂ ਅਤੇ ਕਾਲੋਨੀਆਂ ਦੀ ਕਾਇਆ-ਕਲਪ ਕਰਵਾ ਸਕਣ।
ਵਿਧਾਇਕ ਸ. ਵੈਦ ਨੇ ਦਾਅਵਾ ਕੀਤਾ ਕਿ ਗਿੱਲ ਹਲਕੇ ਦੇ ਵੋਟਰ ਸ. ਬਿੱਟੂ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਵੋਟਾਂ ਵਾਲੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ। ਇਨਾਂ ਚੋਣ ਸਭਾਵਾਂ ਵਿੱਚ ਹੋਰਨਾਂ ਤੋਂ ਇਲਾਵਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ, ਸਰਪੰਚ ਫੁੱਲਾਂਵਾਲ ਸੰਨੀ ਸੇਖੋਂ, ਕੁਲਵੰਤ ਸਿੰਘ ਸਿੱਧੂ, ਸਿੰਮੀ ਪਾਸ਼ਾਨ, ਗੁਰਜੀਤ ਧਾਂਦਰਾ, ਹਰਦੀਪ ਬਿੱਟਾ, ਖਾਮਿਦ ਅਲੀ, ਇੰਦਰਜੀਤ ਸੇਖੋਂ, ਗੁਰਜਿੰਦਰ ਸੇਖੋਂ, ਮਮਤਾ ਮਿੱਤਲ, ਸਰਪੰਚ ਰਿਚਾ ਮਹਿਤਾ, ਗੁਰਭੇਜ ਸਿੰਘ ਛਾਬੜਾ, ਸੰਨੀ ਕੈਂਥ, ਰਿੱਤੂ ਗਿੱਲ, ਵਿਭੌਰ ਗਰਗ ਵੀ ਸ਼ਾਮਲ ਸਨ।