ਪਟਿਆਲਾ, 11 ਮਈ 2019: ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਤੱਕ ਨਿੱਜੀ ਪਹੁੰਚ ਬਣਾਉਦਿਆਂ ਕਾਂਗਰਸ ਦੇ ਸੀਨੀਅਰ ਆਗੂ ਗੁਰਬੰਸ ਸਿੰਘ ਪੂਨੀਆ ਦੀ ਇਥੇ ਸਥਿਤ ਮਾਲਵਾ ਕਲੌਨੀ ਵਿਖੇ ਰਿਹਾਇਸ਼ 'ਤੇ ਹਲਕਾ ਸਨੌਰ ਅਤੇ ਹੋਰ ਪਿੰਡਾਂ ਦੇ ਸਾਬਕਾ ਤੇ ਮੌਜ਼ੂਦਾ ਪੰਚ, ਸਰਪੰਚ ਅਤੇ ਹੋਰ ਮੋਹਤਬਰਾਂ ਨਾਲ ਇੱਕ ਭਰਵੀ ਮੀਟਿੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਭਰੋਸਾ ਦਿੱਤਾ ਉਹ ਖੁਦ ਅਤੇ ਉਹਨਾਂ ਦਾ ਪਰਿਵਾਰ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਦੁਖ ਤਕਲੀਫਾਂ ਦੂਰ ਕਰਨ ਲਈ ਹਾਜ਼ਰ ਹੋਣਗੇ।
ਪਰਨੀਤ ਕੌਰ ਨੇ ਕਿਹਾ ਕਿ ਸਿਆਸੀ ਜੁਮਲਿਆਂ ਦੇ ਸਹਾਰੇ ਸਰਕਾਰ ਬਣਾ ਕੇ ਪਿਛਲੇ 5 ਸਾਲ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾ ਕੇ ਨਰਿੰਦਰ ਮੋਦੀ ਅਗਲੇ 5 ਸਾਲ ਮੁੜ ਤੋਂ ਲੋਕਾਂ ਮੂਰਖ ਬਣਾਉਣਾ ਚਾਹੁੰਦੇ ਹਨ। ਪ੍ਰੰਤੂ ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਮੋਦੀ ਨੇ ਆਮ ਲੋਕਾ ਤੇ ਗਰੀਬਾਂ ਦੀ ਬਜਾਏ ਆਪਣੇ ਕਰੀਬੀ ਵੱਡੇ ਅਮੀਰ ਘਰਾਣਿਆਂ ਨੂੰ ਹੀ ਲਾਭ ਪਹੁੰਚਾਇਆ। ਉਹਨਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਭਾਈਵਾਲ ਪਾਰਟੀ ਅਕਾਲੀ ਦਲ ਨੇ ਆਪਣੀ ਸਰਕਾਰ ਦੌਰਾਨ 10 ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਪਰ ਪੰਜਾਬ ਲਈ ਨੋਟਾਂ ਦੇ ਟਰੱਕ ਕੇਂਦਰ ਤੋਂ ਲਿਆਉਣ ਸਮੇਤ ਕੋਈ ਹੋਰ ਇੱਕ ਵੀ ਵਾਅਦਾ ਪੂਰਾ ਨਾ ਕਰ ਸਕੇ। ਇਸ ਲਈ ਹੁਣ ਵੇਲਾ ਆ ਗਿਆ ਕਿ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਲੋਕ ਹਿੱਤੂ ਸਰਕਾਰ ਬਣਾਉਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਇਸ ਮੌਕੇ ਗੁਰਬੰਸ ਸਿੰਘ ਪੂਨੀਆ ਅਤੇ ਹੋਰ ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪਰਨੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ।