ਇੱਕ ਰਾਜ-ਸਭਾ ਮੈਂਬਰ, 3 ਮੰਤਰੀ ਅਤੇ 4 ਵਿਧਾਇਕ ਵੀ ਨਹੀਂ ਬਚਾ ਸਕੇ ਪੰਜਾਬ ਦੀ ਇਹ ਸੀਟ
ਲੋਕੇਸ਼ ਰਿਸ਼ੀ
ਗੁਰਦਾਸਪੁਰ, 24 ਮਈ 2019-ਚੋਣਾਂ ਵਿੱਚ ਜਿੱਤ ਹਾਰ ਹੋਣਾ ਸੁਭਾਵਿਕ ਹੈ ਅਤੇ ਇੱਕ ਦੇ ਜਿੱਤਣ ਲਈ ਦੂਸਰੇ ਦਾ ਹਾਰਨਾ ਵੀ ਲਾਜ਼ਮੀ ਹੈ। ਪਰ ਇਸ ਵਾਰ ਲੋਕ-ਸਭਾ ਹਲਕਾ ਗੁਰਦਾਸਪੁਰ ਤੋਂ ਆਏ ਚੋਣ ਨਤੀਜਿਆਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਕਿਉਂ ਕੀ ਇਸ ਲੋਕ ਸਭਾ ਹਲਕੇ ਵਿਖੇ ਕੁੱਲ 9 ਵਿਧਾਨ ਸਭਾ ਸੀਟਾਂ ਵਿੱਚੋਂ 7 'ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ ਅਤੇ ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੰਤਰੀ ਅਰੁਣਾ ਚੌਧਰੀ ਸਮੇਤ ਰਾਜ-ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇਸੇ ਹਲਕੇ ਦੇ ਹਨ। ਬਾਵਜੂਦ ਇਸ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਉਲ ਵੱਲੋਂ ਆਪਣੇ ਵਿਰੋਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ 82,459 ਦੀ ਲੀਡ ਨਾਲ ਹਰਾ ਕੇ ਇਸ ਸੀਟ 'ਤੇ ਆਪਣਾ ਕਬਜ਼ਾ ਕਰ ਲਿਆ ਗਿਆ।
ਹਾਲਾਂ ਕਿ ਬਹੁਤ ਸਾਰੇ ਵੱਡੇ ਮੀਡੀਆ ਅਦਾਰਿਆਂ ਵੱਲੋਂ ਸੰਨੀ ਦਿਉਲ ਦੀ ਫ਼ਿਲਮੀ ਪਛਾਣ ਦਾ ਹਵਾਲਾ ਦਿੰਦਿਆਂ ਪਹਿਲਾਂ ਹੀ ਗੁਰਦਾਸਪੁਰ ਸੀਟ 'ਤੇ ਭਾਜਪਾ ਦਾ ਕਬਜ਼ਾ ਦੱਸਿਆ ਜਾ ਰਿਹਾ ਸੀ। ਪਰ ਕਿਤੇ ਨਾ ਕਿਤੇ ਆਮ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਜ਼ਿਲ੍ਹੇ ਅੰਦਰ ਅੰਦਰ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਵੱਡੇ ਚਿਹਰਿਆਂ ਦੀ ਮੌਜੂਦਗੀ ਅਤੇ ਸੁਨੀਲ ਜਾਖੜ ਦੀ ਆਪਣੀ ਪਛਾਣ ਕਾਰਨ ਇਹ ਸੀਟ ਕਾਂਗਰਸ ਦੀ ਝੋਲੀ ਵਿੱਚ ਹੋਣੀ ਚਾਹੀਦੀ ਸੀ। ਪਰ 23 ਮਈ ਨੂੰ ਸਾਹਮਣੇ ਆਏ ਚੋਣ ਨਤੀਜਿਆਂ ਮਗਰੋਂ ਇਹ ਸਾਫ਼ ਹੋ ਗਿਆ ਕਿ ਇਹਨਾਂ ਚੋਣਾਂ ਦੌਰਾਨ ਜ਼ਿਲ੍ਹੇ ਅੰਦਰ ਇੱਕ ਰਾਜ ਸਭਾ ਮੈਂਬਰ, ਤਿੰਨ ਮੰਤਰੀ ਅਤੇ ਚਾਰ ਵਿਧਾਇਕਾਂ ਦਾ ਪ੍ਰਭਾਵ ਵੀ ਗੁਰਦਾਸਪੁਰ ਸੀਟ ਨੂੰ ਨਹੀਂ ਬਚਾ ਸਕਿਆ।
ਭਾਜਪਾ ਉਮੀਦਵਾਰ ਸੰਨੀ ਦਿਉਲ ਨੂੰ ਕੈਬਨਟ ਮੰਤਰੀ ਤ੍ਰਿਪਤ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਧਾਨ ਸਭਾ ਹਲਕਿਆਂ ਵਿੱਚੋਂ ਹਾਰ ਦਾ ਮੂੰਹ ਵੇਖਣਾ ਪਿਆ। ਜਦ ਕਿ ਬਟਾਲਾ ਵਿਖੇ ਵੀ ਸੰਨੀ ਦਿਉਲ ਦਾ ਜਾਦੂ ਕੋਈ ਖ਼ਾਸ ਅਸਰ ਨਹੀਂ ਵਿਖਾ ਸਕਿਆ ਅਤੇ ਇੱਥੋਂ ਸੰਨੀ ਨੂੰ ਸਿਰਫ਼ 956 ਵੋਟਾਂ ਨਾਲ ਜਿੱਤ ਪ੍ਰਾਪਤ ਹੋ ਸਕੀ। ਪਰ ਬਾਕੀ ਦੇ 6 ਵਿਧਾਨਸਭਾ ਹਲਕਿਆਂ 'ਚ ਸੰਨੀ ਦਿਉਲ ਨੇ ਭਾਰੀ ਬਹੁਮਤ ਪ੍ਰਾਪਤ ਕਰ ਕੇ ਗੁਰਦਾਸਪੁਰ ਸੀਟ ਨੂੰ ਆਪਣੇ ਹੱਕ ਵਿੱਚ ਕਰ ਲਿਆ।
ਇਨ੍ਹਾਂ ਵਿਧਾਨਸਭਾ ਹਲਕਿਆਂ ਵਿੱਚੋਂ ਜਿੱਤੇ ਅਤੇ ਹਾਰੇ ਸੰਨੀ
ਜੇਕਰ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਵਿਧਾਨਸਭਾ ਸੀਟਾਂ ਉੱਪਰ ਹੋਈ ਜਿੱਤ ਹਾਰ ਨੂੰ ਵੇਖੀਏ ਤਾਂ ਸੁਜਾਨ ਪੁਰ ਤੋਂ ਕੁੱਲ 34034, ਭੋਆ 29423, ਪਠਾਨਕੋਟ ਤੋਂ 29381, ਗੁਰਦਾਸਪੁਰ ਤੋਂ 1149, ਦੀਨਾਨਗਰ ਤੋਂ 20522 ਅਤੇ ਕਾਦੀਆਂ 1183 ਵੋਟਾਂ ਨਾਲ ਭਾਜਪਾ ਉਮੀਦਵਾਰ ਸੰਨੀ ਦਿਉਲ ਨੇ ਕਾਂਗਰਸੀ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੂੰ ਹਰਾਇਆ।
ਜਦ ਕਿ ਪੇਂਡੂ ਵਿਕਾਸ ਅਤੇ ਸ਼ਹਿਰੀ ਮੰਤਰੀ ਤ੍ਰਿਪਤ ਬਾਜਵਾ ਦੇ ਵਿਧਾਨਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ 20859 ਵੋਟਾਂ ਨਾਲ ਸੰਨੀ ਦਿਉਲ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਏਸੇ ਤਰਾਂ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਵੀ ਸੰਨੀ ਨੂੰ 18780 ਵੋਟਾਂ ਨਾਲ ਹਾਰ ਪ੍ਰਾਪਤ ਹੋਈ। ਇਸੇ ਤਰਾਂ ਜੇਕਰ ਗੱਲ ਇੱਥੋਂ ਦੇ ਵਿਧਾਨ ਸਭਾ ਹਲਕਾ ਬਟਾਲਾ ਦੀ ਕੀਤੀ ਜਾਵੇ ਤਾਂ ਇਸ ਹਲਕੇ ਵਿਖੇ ਸੰਨੀ ਅਤੇ ਜਾਖੜ ਵਿਚਾਲੇ ਸਖ਼ਤ ਟੱਕਰ ਦੇ ਚਲਦਿਆਂ ਸੰਨੀ ਦਿਉਲ ਇਸ ਸੀਟ ਤੋਂ ਸਿਰਫ 956 ਵੋਟਾਂ ਨਾਲ ਜਿੱਤ ਸਕੇ।