ਰੂਪਨਗਰ , 18 ਮਈ 2019 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ : ਸੁਮੀਤ ਜਾਰੰਗਲ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਕੁੱਲ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਲਈ 19 ਮਈ ਨੂੰ 16 ਲੱਖ 89 ਹਜ਼ਾਰ 933 ਵੋਟਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦੇ ਮਹਾ ਤਿਉਹਾਰ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਮੱਤਦਾਨ ਹੋਵੇਗਾ ਅਤੇ ਇਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਬਿਨ੍ਹਾਂ ਡਰ ਅਤੇ ਲਾਲਚ ਦੇ ਮੱਤਦਾਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ 08 ਲੱਖ 80 ਹਜ਼ਾਰ 778 ਮਰਦ ਅਤੇ 08 ਲੱਖ 09 ਹਜ਼ਾਰ 113 ਮਹਿਲਾ ਵੋਟਰ ਸ਼ਾਮਲ ਹਨ ਜਦਕਿ 42 ਥਰਡ ਜੈਂਡਰ ਵੋਟਰ ਹਨ। ਉਨਾਂ ਦੱਸਿਆ ਕਿ ਲੋਕ ਸਭਾ ਹਲਕੇ ਵਿੱਚ 09 ਵਿਧਾਨ ਸਭਾ ਹਲਕੇ ਪੈਂਦੇ ਹਨ। ਵਿਧਾਨ ਸਭਾ ਹਲਕਾ ਗੜਸ਼ੰਕਰ ਵਿੱਚ ਕੁੱਲ 01 ਲੱਖ 72 ਹਜ਼ਾਰ 147 ਵੋਟਰ ਹਨ। ਇਸੇ ਤਰਾਂ ਵਿਧਾਨ ਸਭਾ ਹਲਕਾ ਬੰਗਾ ਵਿੱਚ ਕੁੱਲ 01 ਲੱਖ 65 ਹਜ਼ਾਰ 163 ਵੋਟਰ ਹਨ। ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿੱਚ ਕੁੱਲ 01 ਲੱਖ 73 ਹਜ਼ਾਰ 99 ਵੋਟਰ ਹਨ। ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਕੁੱਲ 01 ਲੱਖ 52 ਹਜ਼ਾਰ 301 ਵੋਟਰ ਹਨ। ਇਸੇ ਤਰਾਂ ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਕੁੱਲ 01 ਲੱਖ 88 ਹਜ਼ਾਰ 603 ਵੋਟਰ ਹਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਕੁੱਲ 01 ਲੱਖ 76 ਹਜ਼ਾਰ 941 ਵੋਟਰ ਹਨ। ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿੱਚ 01 ਲੱਖ 93 ਹਜ਼ਾਰ 819 ਵੋਟਰ ਹਨ। ਵਿਧਾਨ ਸਭਾ ਹਲਕਾ ਖਰੜ ਵਿੱਚ 02 ਲੱਖ 42 ਹਜ਼ਾਰ 530 ਵੋਟਰ ਹਨ। ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ (ਮੋਹਾਲੀ) ਵਿੱਚ ਕੁੱਲ 02 ਲੱਖ 25 ਹਜ਼ਾਰ 330 ਵੋਟਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਦਿਵਆਂਗਜਨ ਦੀ ਮਦਦ ਲਈ ਵਲੰਟੀਅਰਜ਼, ਵੀਲ੍ਹਚੇਅਰਜ਼ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿਵਆਂਗਜਨ ਨੂੰ ਪੋਲਿੰਗ ਬੂਥਾਂ ’ਤੇ ਲਿਆਉਣ ਅਤੇ ਲਿਜਾਣ ਲਈ ਵੀ ਵਾਹਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 07 ਪਿੰਕ ਪੋਲਿੰਗ ਬੂਥ ਬਣਾਏ ਗਏ ਹਨ, ਜਿਥੇ ਸਾਰਾ ਚੋਣ ਅਮਲਾ ਮਹਿਲਾਵਾਂ ਦਾ ਹੋਵੇਗਾ। ਇਸ ਤੋਂ ਇਲਾਵਾ 10 ਮਾਡਲ ਪੋਲਿੰਗ ਸਥਾਪਤ ਕੀਤੇ ਗਏ ਹਨ।
ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਆਨੰਦਪੁਰ ਲੋਕ ਸਭਾ ਹਲਕੇ ਵਿੱਚ 1943 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਲਈ ਪੋਲਿੰਗ ਪਾਰਟੀਆਂ, ਪੋਲਿੰਗ ਬੂਥਾਂ ਲਈ ਰਵਾਨਾ ਹੋ ਚੁੱਕੀਆਂ ਹਨ। ਉਨ੍ਹਾਂ ਪੋਲਿੰਗ ਪਾਰਟੀਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਡਿਊਟੀ ਨਿਭਾਉਣ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦਾ ਕੁੱਲ 7772 ਪੋਲਿੰਗ ਸਟਾਫ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹੇਗਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰ ਪਹਿਚਾਣ ਦੇ ਸਬੂਤ ਵਜੋਂ 12 ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸ਼ਨਾਖਤੀ ਕਾਰਡ ਤੋਂ ਇਲਾਵਾ ਜਿਹੜੇ 11 ਦਸਤਾਵੇਜ਼ ਜੋ ਮੱਤਦਾਨ ਕੇਂਦਰ ’ਤੇ ਸ਼ਨਾਖਤ ਲਈ ਵਰਤੇ ਜਾ ਸਕਦੇ ਹਨ, ਉਨ੍ਹਾਂ ਵਿੱਚ ਸਰਕਾਰੀ ਸ਼ਨਾਖਤੀ ਕਾਰਡ, ਸਰਵਿਸ ਸ਼ਨਾਖਤੀ ਕਾਰਡ, ਮਗਨਰੇਗਾ ਜਾਬ ਕਾਰਡ, ਪਾਸਪੋਰਟ, ਪੈਨ ਕਾਰਡ, ਫੋਟੋ ਸਮੇਤ ਪਾਸ ਬੁੱਕ, ਪੈਨਸ਼ਨ ਦਸਤਾਵੇਜ਼, ਅਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਸਮਾਰਟ ਕਾਰਡ ਅਤੇ ਸਿਹਤ ਬੀਮਾ ਸਮਾਰਟ ਕਾਰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ 12 ਵਿਚੋਂ ਕੋਈ ਵੀ ਇਕ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪੋਲ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪਹਿਲੀ ਵਾਰ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਲਿਜਾਣ ਵਾਲੇ ਵਾਹਨਾਂ ’ਤੇ ਜੀ.ਪੀ.ਐਸ. ਡਿਵਾਈਸ ਲਗਾਏ ਗਏ ਹਨ, ਤਾਂ ਜੋ ਮਸ਼ੀਨਾਂ ਲਿਜਾਣ ਵਾਲੇ ਵਾਹਨਾਂ ਦੀ ਨਜ਼ਰਸਾਨੀ ਕੀਤੀ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਆਪਣੇ ਬੂਥ ਪੋਲਿੰਗ ਸਟੇਸ਼ਨਾਂ ਤੋਂ 200 ਮੀਟਰ ਦੀ ਦੂਰੀ ’ਤੇ ਲਗਾਉਣ, ਜਿਥੇ ਇਕ ਟੇਬਲ ਅਤੇ ਦੋ ਕੁਰਸੀਆਂ ਹੀ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨ ਅੰਦਰ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਇਲਾਵਾ ਕਿਸੇ ਨੂੰ ਵੀ ਮੋਬਾਇਲ ਫੋਨ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸ਼ਨਾਖਤੀ ਕਾਰਡ ਦੇ ਕਾਊਂਟਿੰਗ ਏਜੰਟ ਨੂੰ ਕਾਊਂਟਿੰਗ ਸੈਂਟਰ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ 19 ਮਈ ਸ਼ਾਮ 6 ਵਜੇ ਮੱਤਦਾਨ ਵਾਲੇ ਦਿਨ ਤੱਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 23 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਪੂਰਾ ਦਿਨ ਡਰਾਈ ਡੇਅ ਰਹੇਗਾ। ਉਨ੍ਹਾਂ ਦੱਸਿਆ ਕਿ 19 ਮਈ ਨੂੰ ਪੋਲਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਮਾਕ ਪੋਲ ਸਵੇਰੇ 6 ਵਜੇ ਸ਼ੁਰੂ ਹੋਵੇਗੀ, ਇਸ ਲਈ ਰਾਜਨੀਤਿਕ ਪਾਰਟੀਆਂ ਪੋਲਿੰਗ ਏਜੰਟਾਂ ਨੂੰ ਮਾਕ ਪੋਲ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਭੇਜਣਾ ਯਕੀਨੀ ਬਣਾਉਣ, ਤਾਂ ਜੋ ਮੌਕੇ ’ਤੇ ਮਾਕ ਪੋਲ ਦੀ ਪ੍ਰਕ੍ਰਿਆ ਦੇਖ ਸਕਣ।
ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੀ.ਵੀ.ਪੀ.ਏ.ਟੀ. (ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ) ਛੋਟੇ ਜਿਹੇ ਪਿ੍ਰੰਟਰ ਵਰਗੀ ਮਸ਼ੀਨ ਹੈ, ਜੋ ਈ.ਵੀ.ਐਮ. (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਨਾਲ ਜੁੜੀ ਹੁੰਦੀ ਹੈ। ਵੀ.ਵੀ.ਪੀ.ਏ.ਟੀ. ਰਾਹੀਂ ਵੋਟਰ ਸਬੰਧਤ ਉਮੀਦਵਾਰ ਦਾ ਲੜੀ ਨੰਬਰ, ਨਾਮ ਅਤੇ ਚੋਣ ਚਿੰਨ੍ਹ 7 ਸੈਕਿੰਡ ਲਈ ਡਿਸਪਲੇਅ ਫਰੇਮ ਵਿੱਚ ਦੇਖ ਸਕਦਾ ਹੈ, ਜਿਸਨੂੰ ਉਸਨੇ ਵੋਟ ਪਾਈ ਹੈ। ਉਪਰੰਤ ਇਹ ਸਲਿੱਪ ਮਸ਼ੀਨ ਨਾਲ ਲੱਗੇ ਡੱਬੇ ਵਿੱਚ ਡਿੱਗ ਪਵੇਗੀ, ਜੋ ਡੱਬੇ ਵਿੱਚ ਸੀਲਡ ਰਹੇਗੀ ਅਤੇ ਕੋਈ ਵੀ ਹੋਰ ਉਸਨੂੰ ਦੇਖ ਨਹੀਂ ਸਕੇਗਾ।