ਨਵੀਂ ਦਿੱਲੀ, 25 ਮਈ 2019 - ਅੱਜ ਬੀਜੇਪੀ ਦੀ ਹੋਈ ਮੀਟਿੰਗ ਦੌਰਾਨ ਨਰਿੰਦਰ ਮੋਦੀ ਨੂੰ ਸਰਬਸੰਮਤੀ ਨਾਲ ਬੀਜੇਪੀ ਪਾਰਲੀਮਾਨੀ ਲੀਡਰ ਅਤੇ ਐਨਡੀਏ ਦੇ ਆਗੂ ਵੱਜੋਂ ਚੁਣ ਲਿਆ ਗਿਆ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਇਸ ਸਬੰਧੀ ਮੋਦੀ ਦਾ ਨਾਂਅ ਪੇਸ਼ ਕੀਤਾ ਗਿਆ, ਜਿਸ ਨੂੰ ਸੀਨੀਅਰ ਆਗੂਆਂ ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਨੇ ਆਪਣਾ ਸਮਰਥਨ ਦਿੱਤਾ।
ਇਸ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਐਨ.ਡੀ.ਏ. ਦੇ ਆਗੂ ਵਜੋਂ ਵੀ ਮੋਦੀ ਦਾ ਨਾਂਅ ਪੇਸ਼ ਕੀਤਾ ਅਤੇ ਜਨਤਾ ਦਲ (ਯੂ) ਦੇ ਮੁਖੀ ਨਿਤੀਸ਼ ਕੁਮਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਐਲਜੇਪੀ ਦੇ ਮੁਖੀ ਰਾਮ ਵਿਲਾਸ ਪਾਸਵਾਨ, ਏਆਈਏਡੀਐੱਮਕੇ ਦੇ ਕੋ-ਕਨਵੀਨਰ ਐਡਾਪਾਦੀ ਪਾਲਨੀਸਵਾਮੀ ਅਤੇ ਹੋਰ ਸਹਿਯੋਗੀ ਮੁਖੀਆਂ ਨੇ ਵੀ ਇਸ ਲਈ ਮੋਦੀ ਦੇ ਨਾਂਅ ਦਾ ਸਮਰਥਨ ਕੀਤਾ। ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਮੋਦੀ ਨੂੰ ਪਾਰਲੀਮਾਨੀ ਲੀਡਰ ਚੁਣੇ ਜਾਣ 'ਤੇ ਵਧਾਈ ਦਿੱਤੀ।