ਚੰਡੀਗੜ੍ਹ, 22 ਅਪ੍ਰੈਲ 2019: ਸੀਨੀਅਰ ਅਕਾਲੀ ਨੇਤਾ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਵੱਲੋਂ 1984 ਦੇ ਸਿੱਖ ਕਾਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਲੋਕ ਸਭਾ ਦੀ ਟਿਕਟ ਦੇਣ ਤੇ ਵਿਰੋਧ ਕਰਦਿਆਂ ਕਿਹਾ ਕਿ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਲੋਕਾਂ ਦੇ ਸਾਹਮਣੇ ਆ ਗਿਆ ਹੈ।
ਇੱਥੇ ਜਾਰੀ ਇਕ ਬਿਆਨ 'ਚ ਲੋਕ ਸਭਾ ਮੈਂਬਰ ਪ੍ਰੋ. ਚੰਦੂਮਾਰਜਾ ਨੇ ਕਿਹਾ ਕਿ ਅਦਾਲਤਾਂ ਵੱਲੋਂ ਦੋਸ਼ ਆਇਦ ਕੀਤੇ ਜਾਣ ਅਤੇ ਕਾਂਗਰਸੀ ਆਗੂਆਂ ਨੂੰ ਜੇਲ੍ਹਾਂ 'ਚ ਡੱਕੇ ਜਾਣ ਦੇ ਬਾਵਜੂਦ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਦੇਸ਼ ਦੀ ਸਰਵਉੱਚ ਜਮਹੂਰੀ ਸੰਸਥਾ ਵਿਚ ਭੇਜਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਜੋ ਇਨ੍ਹਾਂ ਨੂੰ ਕਾਨੂੰਨੀ ਕਰਵਾਈ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 1984 'ਚ ਵਾਪਰੀਆਂ ਕਤਲੇਆਮ ਦੀਆਂ ਇਨ੍ਹਾਂ ਘਟਨਾਵਾਂ ਦਾ ਕੋਈ ਤਿੰਨ ਦਹਾਕੇ ਬੀਤ ਜਾਣ ਤੇ ਵੀ ਜ਼ਿੰਮੇਵਾਰ ਕਾਤਲਾਂ ਨੂੰ ਕਾਨੂੰਨ ਦੇ ਘੇਰੇ 'ਚ ਨਹੀਂ ਲਿਆਦਾ ਗਿਆ, ਸਿਰਫ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਨ੍ਹਾਂ ਕੇਸਾਂ ਦੀ ਦੁਬਾਰਾ ਜਾਂਚ ਸ਼ੁਰੂ ਕਰਵਾਈ। ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਾਰ ਵਾਰ ਮੁੱਦਾ ਪਾਰਲੀਮੈਂਟ ਵਿਚ ਵੀ ਉਠਾਇਆ ਅਤੇ ਕਾਂਗਰਸ ਨੇ ਇਵੇਂ ਅੱਖਾਂ ਪੂੰਝਣ ਲਈ ਕਮਿਸ਼ਨ ਵੀ ਬਣਾਏ ਪਰ ਕਿਸੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਦਹਾਕਿਆ ਬੱਧੀ ਇਨਸਾਫ਼ ਨਾ ਦੇਣ ਲਈ ਕਾਂਗਰਸ ਸਰਕਾਰਾਂ ਜ਼ਿੰਮੇਵਾਰ ਹਨ। ਅਕਾਲੀ ਨੇਤਾ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਤੋਂ ਤੁਰੰਤ ਬਾਅਦ ਜਦ 1985 ਦੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਨੇ ਸਿੱਖਾਂ ਦੇ ਸਾਰੇ ਵੱਡੇ ਕਾਤਲਾਂ ਐਚ.ਕੇ.ਐਲ. ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਲਲਿਤ ਮਾਕਨ ਨੂੰ ਲੋਕ ਸਭਾ 'ਚ ਭੇਜਿਆ ਅਤੇ ਕੇਂਦਰ ਵਿਚ ਵਜ਼ੀਰ ਬਣਾਇਆ ਜਿਸ ਕਾਰਨ ਇਨ੍ਹਾਂ ਨੂੰ ਕਈ ਸਾਲ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ ਜਾ ਸਕਿਆ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਸਜ਼ਾ ਭੁਗਤ ਰਹੇ ਨੇਤਾ ਸੱਜਣ ਕੁਮਾਰ ਦੇ ਭਰਾ ਨੂੰ ਪਾਰਟੀ ਟਿਕਟ ਦੇ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਜਿਸ ਦਾ ਜੁਆਬ ਸਾਰੇ ਇਨਸਾਫ਼ ਪਸੰਦ ਭਾਰਤੀ ਜਰੂਰ ਦੇਣਗੇ।