ਚੰਡੀਗੜ੍ਹ/30 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋਣ ਮਗਰੋਂ ਕਾਂਗਰਸ ਦੀ ਪਤਲੀ ਹੋ ਚੁੱਕੀ ਹਾਲਤ ਸਾਫ ਦਿਖਾਈ ਦੇਣ ਲੱਗੀ ਹੈ। ਇੱਕ ਪਾਸੇ ਤਾਂ ਇਸ ਨੂੰ ਚੋਣ ਪਿੜ ਅੰਦਰ ਪੂਰੀ ਤਰ੍ਹਾਂ ਹਮਲਾਵਾਰ ਅਤੇ ਭਾਰੂ ਹੋ ਚੁੱਕੇ ਅਕਾਲੀ-ਭਾਜਪਾ ਗਠਜੋੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਪਾਰਟੀ ਅੰਦਰਲੀ ਧੜੇਬੰਦੀ ਨੇ ਇਸ ਦੇ ਸਾਹ ਸੂਤ ਰੱਖੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਮੁਖੀ ਸੁਨੀਲ ਜਾਖੜ ਦਾ ਮਿਸ਼ਨ-13 ਪੂਰੀ ਤਰ੍ਹਾਂ ਪੁੱਠਾ ਘੁੰਮ ਗਿਆ ਹੈ, ਕਿਉਂਕਿ ਪੰਜਾਬ ਅੰਦਰ ਕਾਂਗਰਸ ਵਿਰੋਧੀ ਲਹਿਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਚੋਣ ਮੈਦਾਨ ਵਿਚ ਸੰਨੀ ਦਿਓਲ ਦੇ ਆ ਜਾਣ ਮਗਰੋਂ ਜਾਖੜ ਦੇ ਹੱਥ ਪੈਰ ਫੁੱਲ ਗਏ ਹਨ ਅਤੇ ਉਹ ਮਿਸ਼ਨ-13 ਨੂੰ ਪੂਰੀ ਤਰ੍ਹਾਂ ਭੁਲਾ ਕੇ ਗੁਰਦਾਸਪੁਰ ਹਲਕੇ ਅੰਦਰ ਆਪਣੀ ਇੱਜ਼ਤ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਹੈ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਹੁਣ ਜਾਖੜ ਚੋਣ ਪ੍ਰਚਾਰ ਵਾਸਤੇ ਆਪਣੇ ਹਲਕੇ ਤੋਂ ਬਾਹਰ ਨਹੀਂ ਨਿਕਲ ਪਾਵੇਗਾ ਅਤੇ ਬਤੌਰ ਕਾਂਗਰਸ ਪ੍ਰਧਾਨ ਇਹਨਾਂ ਚੋਣਾਂ ਵਿਚ ਉਸ ਦੀਆਂ ਗਤੀਵਿਧੀਆਂ ਠੱਪ ਹੋ ਕੇ ਰਹਿ ਜਾਣਗੀਆਂ।
ਸਰਦਾਰ ਮਜੀਠੀਆ ਨੇ ਕਿਹਾ ਕਿ 2014 ਵਿਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਹਾਰ ਜਾਣ ਅਤੇ ਦੋ ਸਾਲ ਮਗਰੋਂ ਅਬੋਹਰ ਵਿਧਾਨ ਸਭਾ ਹਲਕੇ ਤੋਂ ਹਾਰ ਜਾਣ ਮਗਰੋਂ ਜਾਖੜ ਦਾ ਸਿਆਸੀ ਭਵਿੱਖ ਬਹੁਤ ਹੀ ਡਾਵਾਂਡੋਲ ਹੋ ਚੁੱਕਿਆ ਹੈ। ਇਸ ਵਾਰ ਗੁਰਦਾਸਪੁਰ ਤੋਂ ਹਾਰਨ ਮਗਰੋ ਉਸ ਨੂੰ ਕਿਤੇ ਜਾਣ ਲਈ ਥਾਂ ਨਹੀਂ ਲੱਭੇਗੀ। ਉਹਨਾਂ ਕਿਹਾ ਕਿ ਬਹੁਤ ਸਾਰੇ ਕਾਂਗਰਸੀ ਆਗੂ ਪਾਰਟੀ ਨੂੰ ਛੱਡ ਚੁੱਕੇ ਹਨ ਜਦਕਿ ਬਹੁਤ ਸਾਰੇ ਟਿਕਟਾਂ ਦੀ ਵੰਡ ਮਗਰੋਂ ਆਪਣੇ ਹਲਕਿਆਂ ਅੰਦਰ ਹਰਕਤਹੀਣ ਹੋ ਗਏ ਜਾਪਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਵਿਚ ਸਭ ਤੋਂ ਉੱਪਰ ਸਾਬਕਾ ਕਾਂਗਰਸ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਹੈ, ਜਿਸ ਨੇ ਆਪਣੇ ਪਰਿਵਾਰ ਜਾਂ ਭਾਈਚਾਰੇ ਨੂੰ ਟਿਕਟ ਨਾ ਦਿੱਤੇ ਜਾਣ ਦੇ ਰੋਸ ਵਜੋਂ ਫਤਿਹਗੜ੍ਹ ਸਾਹਿਬ ਤੋਂ ਪਹਿਲਾਂ ਆਪਣੀ ਪਤਨੀ ਨੂੰ ਅਤੇ ਫਿਰ ਆਪਣੇ ਮੁੰਡੇ ਨੂੰ ਆਪ ਦਾ ਉਮੀਦਵਾਰ ਬਣਾ ਦਿੱਤਾ ਹੈ।
ਉਹਨਾਂ ਕਿਹਾ ਕਿ ਇਸ ਬਾਰੇ ਭਲੀਭਾਂਤ ਜਾਣਦਿਆਂ ਕਿ ਦੂਲੋ ਆਪਣਾ ਫੈਸਲਾ ਵਾਪਸ ਨਹੀਂ ਲਵੇਗਾ, ਪ੍ਰਚਾਰ ਕਮੇਟੀ ਦੇ ਪ੍ਰਧਾਨ ਲਾਲ ਸਿੰਘ ਨੇ ਉਸ ਨੂੰ ਪਾਰਟੀ ਛੱਡਣ ਅਤੇ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਲਈ ਕਿਹਾ ਹੈ। ਪਰ ਦੂਲੋ ਉਸ ਦੇ ਨਿਰਦੇਸ਼ ਨੂੰ ਬਿਲਕੁੱਲ ਨਹੀਂ ਮੰਨੇਗਾ।
ਸਰਦਾਰ ਮਜੀਠੀਆ ਨੇ ਅੱਗੇ ਕਿਹਾ ਕਿ ਬੇਸ਼ੱਕ ਅਮਰਿੰਦਰ ਸਿੰਘ ਅਤੇ ਹੋਰਾਂ ਆਗੂਆਂ ਨੇ ਮਿਲਕੇ ਸਾਬਕਾ ਹੁਸ਼ਿਆਰਪੁਰ ਸਾਂਸਦ ਸੰਤੋਸ਼ ਚੌਧਰੀ ਅਤੇ ਜਲੰਧਰ ਸਾਂਸਦ ਮਹਿੰਦਰ ਸਿੰਘ ਕੇਪੀ ਨੂੰ ਚੋਣਾਂ ਨਾਲ ਲੜਣ ਲਈ ਮਨਾ ਲਿਆ ਹੈ, ਪਰ ਇਹ ਦੋਵੇਂ ਆਗੂ ਪਾਰਟੀ ਲਈ ਪ੍ਰਚਾਰ ਕਰਨ ਤੋਂ ਟਾਲਾ ਵੱਟ ਰਹੇ ਹਨ। ਉਹਨਾਂ ਕਿਹਾ ਕਿ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਹਨ ਅਤੇ ਉਹ ਪ੍ਰਚਾਰ ਦੌਰਾਨ ਕਾਂਗਰਸ ਦੀ ਬੇੜੀ ਵਿਚ ਵੱਟੇ ਪਾਉਣ ਦਾ ਹੀ ਕੰਮ ਕਰਨਗੇ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਦਿੱਤੀ ਇਹ ਧਮਕੀ ਕਿ ਉਹਨਾਂ ਦੇ ਹਲਕਿਆਂ ਵਿਚ ਕਾਂਗਰਸੀ ਉਮੀਦਵਾਰ ਦੇ ਹਾਰਨ ਉੱਤੇ ਉਹਨਾਂ ਦੀ ਵਜ਼ੀਰੀਆਂ ਖੋਹ ਲਈਆਂ ਜਾਣਗੀਆਂ, ਵੀ ਕਾਂਗਰਸ ਦਾ ਨੁਕਸਾਨ ਕਰੇਗੀ।
ਅਕਾਲੀ ਆਗੂ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਅੰਦਰਲੀ ਘਬਰਾਹਟ ਦਾ ਸਬੂਤ ਹੈ, ਕਿਉਂਕਿ ਲਗਭਗ ਸਾਰੀਆਂ ਹੀ ਸੀਟਾਂ ਉੱਤੇ ਕਾਂਗਰਸ ਹਾਰ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਚੋਣ ਪ੍ਰਚਾਰ ਤੋਂ ਦੂਰ ਰਹਿਣਾ ਇਹੀ ਸਾਬਿਤ ਕਰਦਾ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਇਸ ਨੂੰ ਚੋਣਾਂ ਵਿਚ ਹਰਾਏਗੀ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਇੱਕਲੇ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਨਹੀਂ ਸੁੱਟਣੀ ਚਾਹੀਦੀ, ਸਗੋਂ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਕਿ ਕਾਂਗਰਸ ਅੰਦਰ ਹੁਣ ਕਲੇਸ਼ ਵਧਦਾ ਹੀ ਜਾਵੇਗਾ, ਕਿਉਂਕਿ ਇਹ ਪਾਰਟੀ ਚੋਣਾਂ ਵਿਚ ਬੜੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਜਾ ਰਹੀ ਹੈ।