#ਚੋਣ ਮੈਦਾਨ #ਸਿਆਸੀ ਤਾਪਮਾਨ #ਸਵਾਲ-ਜਵਾਬ
ਕਿਹੜੀ ਸਿਆਸੀ ਧਿਰ ਨੂੰ ਫ਼ਾਇਦਾ ਹੋਵੇਗਾ ਆਪ ਐਮ ਐਲ ਏਜ਼ ਦੀ ਦਲ ਬਦਲੀ ਨਾਲ ?
ਬਲਜੀਤ ਬੱਲੀ*
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਾਂਗਰਸੀ ਨੇਤਾ ਕੱਛਾਂ ਵਜਾ ਰਹੇ ਨੇ ਆਪਣੀ ਇਕ ਨਵੇਕਲੀ ਪ੍ਰਾਪਤੀ ਤੇ .ਪਹਿਲਾਂ ਮਾਨਸਾ ਦੇ ਆਮ ਆਦਮੀ ਪਾਰਟੀ ਐਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਦਲ ਬਦਲੀ ਕਰਾ ਲਈ . ਤੇ ਹੁਣ ਰੋਪੜ ਦੇ ਆਪ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ 'ਚ ਰਲਾ ਕੇ ਵੱਡਾ ਮਾਅਰਕਾ ਮਾਰਨ ਦਾ ਦਾਅਵਾ ਕਰ ਰਹੇ ਨੇ . ਸਰਸਰੀ ਦੇਖਿਆਂ ਇਹ ਠੀਕ ਹੈ ਕਿ ਲੋਕ ਸਭਾ ਚੋਣਾਂ ਪੱਖੋਂ ਕਾਂਗਰਸੀਆਂ ਦੇ ਹੌਸਲੇ ਵੀ ਵਧਣਗੇ , ਲੋਕਾਂ ਦੇ ਮਨਾਂ ਤੇ ਇਕ ਵਾਰ ਵੀ ਇਸ ਦਾ ਖ਼ਬਰੀ -ਅਸਰ ਪਏਗਾ .
ਇਹ ਵੀ ਠੀਕ ਹੈ ਕਿ ਪੰਜਾਬ ਦੇ ਤਾਜ਼ਾ ਸਿਆਸੀ ਮਾਹੌਲ ਵਿਚ ਕਾਂਗਰਸ ਪਾਰਟੀ ਅਤੇ ਅਕਾਲੀ-ਬੀ ਜੇ ਪੀ ਗੱਠਜੋੜ ਵਿਚਕਾਰ ਇਹ ਦੌੜ ਲੱਗੀ ਹੋਈ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੂੰ ਮਿਲੇ 24 % ਦੇ ਕਰੀਬ ਵੋਟ -ਹਿੱਸੇ ਨੂੰ ਲੱਗ ਰਹੇ ਖੋਰੇ 'ਚੋਂ ਕਿਹੜੀ ਧਿਰ ਵੱਧ ਹਿੱਸਾ ਆਪਣੇ ਵੱਲ ਖਿੱਚਣ 'ਚ ਸਫਲ ਹੁੰਦੀ ਹੈ .ਉਂਜ ਇਸ ਵਿਚੋਂ ਬਹੁਤਾ ਹਿੱਸਾ ਅਕਾਲੀ ਦਲ 'ਚੋਂ ਹੀ ਆਇਆ ਸੀ .
ਦੋ ਅਹਿਮ ਸਵਾਲ ਕਰਨੇ ਜ਼ਰੂਰੀ ਹਨ. ਪਹਿਲਾ ਇਹ ਕਿ ਦਲ ਬਦਲੀ ਕਰਨ ਵਾਲੇ ਵਿਧਾਇਕ ਆਪਣੇ ਵਿਧਾਨ ਸਭਾ ਹਲਕਿਆਂ 'ਚ ਆਪਣੇ ਬਚੇ-ਖੁਚੇ ਵੋਟ ਬੈਂਕ ਨੂੰ ਕਾਂਗਰਸ ਦੇ ਹੱਕ ਵਿਚ ਭੁਗਤਾ ਸਕਣਗੇ ? ਕੀ ਉਨ੍ਹਾਂ ਦੇ ਹਮਾਇਤੀ ਵੋਟਰਾਂ ਦਾ ਇਹ ਹਿੱਸਾ ਭੰਬਲਭੂਸੇ 'ਚ ਨਹੀਂ ਪਵੇਗਾ ?
ਤੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜਿਸ ਹਿਸਾਬ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਝਾੜੂ ਦੇ ਤੀਲ੍ਹੇ ਬੁਰੀ ਤਰ੍ਹਾਂ ਖਿੱਲਰ ਰਹੇ ਨੇ .ਕੀ ਕਾਂਗਰਸ ਦੇ ਤਾਜ਼ਾ ਕਦਮ 'ਆਪ' ਦੇ ਵਜੂਦ ਦੇ ਖ਼ਾਤਮੇ ਦੀ ਰਫ਼ਤਾਰ ਨੂੰ ਹੋਰ ਤੇਜ਼ ਨਹੀਂ ਕਰਨਗੇ ? ਤੇ ਇਸ ਦਾ ਸਿਆਸੀ ਨਤੀਜਾ ਕੀ ਨਿਕਲੇਗਾ ?
ਲੋਕ ਸਭਾ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ , ਸੀਟਾਂ ਪੱਖੋਂ ਜਿੱਤ-ਹਾਰ ਕਿਹੋ ਜਿਹੀ ਵੀ ਹੋਵੇ , ਵੋਟ ਫ਼ੀਸਦੀ ਦੀ ਵੰਡ ਕਿਹੋ-ਜਿਹੀ ਵੀ ਹੋਵੇ , ਜੇਕਰ ਆਪ ਤੇ ਤੀਜੀ ਧਿਰ ਦਾ ਕੋਈ ਪਾਏਦਾਰ ਵਜੂਦ ਨਹੀਂ ਰਹਿੰਦਾ ਤਾਂ ਚੋਣਾਂ ਤੋਂ ਬਾਅਦ ਦਾ ਸਿਆਸੀ ਪਿੜ ਇਹ ਸਪਸ਼ਟ ਸੰਕੇਤ ਦੇਵੇਗਾ ਕਿ ਪੰਜਾਬ ਫੇਰ ਦੋ-ਧਿਰੀਂ ਰਾਜਨੀਤੀ ( ਬਾਈ-ਪੋਲਰ ਪਾਲਿਟਿਕਸ )'ਚ ਪਰਤ ਆਇਆ ਹੈ . ਭਾਵ ਕਾਂਗਰਸ ਦਾ ਬਦਲ ਅਤੇ ਮੁੱਖ ਵਿਰੋਧੀ ਧਿਰ ਅਕਾਲੀ- ਬੀ ਜੇ ਪੀ ਗੱਠਜੋੜ ਹੀ ਹੈ . ਹੁਣ ਤਾਂ ਵਿਧਾਨ ਸਭਾ 'ਚ ਗਿਣਤੀ ਪੱਖੋਂ ਵੀ ਆਪ ਦਾ ਮੁੱਖ ਵਿਰੋਧੀ ਧਿਰ ਬਣੇ ਰਹਿਣਾ ਮੁਸ਼ਕਲ ਹੈ . ਖ਼ੁਦ ਹੀ ਹਿਸਾਬ ਲਾ ਲਵੋ ਕਿ ਅੰਤ ਨੂੰ ਆਪ ਦੀ ਭੰਨ-ਤੋੜ ਅਤੇ ਐਮ ਐਲ ਏਜ਼ ਦੀ ਦਲ ਬਦਲੀ ਦਾ ਲੰਮੇ ਦਾਅ ਤੋਂ ਰਾਜਨੀਤਕ ਲਾਹਾ ਕਿਸ ਨੂੰ ਹੋਵੇਗਾ ? ਜਾਂ ਕੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵੀ ਇਹੋ ਚਾਹੁੰਦੀ ਹੈ ਕਿ ਵਾਰੀ ਵੱਟੇ-ਰਾਜ ਕਰਨ ਲਈ ਚੋਣ -ਰਾਜਨੀਤੀ'ਚ ਸਿਰਫ਼ ਦੋ ਧਿਰਾਂ ਦਾ ਵਜੂਦ ਰਹੇ !!
-----------
*ਸੰਪਾਦਕ ,
ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
5 ਮਈ , 2019
ਸੰਪਰਕ : tirshinazar@gmail.com
+91-9915177722