ਪੰਜਾਬ ਦੀ ਕੋਈ ਵੀ ਰਾਜਸੀ ਧਿਰ ਜ਼ਾਹਰਾ ਤੌਰ ਤੇ ਡੇਰੇ ਦੀਆਂ ਵੋਟਾਂ ਮੰਗਣ ਲਈ ਤਿਆਰ ਕਿਉਂ ਨਹੀਂ
ਅੰਮ੍ਰਿਤ ਬਰਾੜ, ਵਿਸ਼ੇਸ਼ ਪ੍ਰਤੀਨਿਧ
ਬਠਿੰਡਾ/ 27 ਅਪਰੈਲ 2019
ਵੱਖ ਵੱਖ ਜ਼ਿਲ੍ਹਿਆਂ ’ਚ ਇਕੱਤਰਤਾਵਾਂ ਆਯੋਜਿਤ ਕਰਨ ਉਪਰੰਤ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਉੱਪਰ ਆਪਣੇ ਹੈੱਡਕੁਆਟਰ ਡੇਰਾ ਸਿਰਸਾ ਵਿਖੇ 29 ਅਪ੍ਰੈਲ ਨੂੰ ਜਦੋਂ ਡੇਰਾ ਪ੍ਰੇਮੀ ਆਪਣੀ ਵੋਟ ਸ਼ਕਤੀ ਦਾ ਪ੍ਰਗਟਾਵਾ ਕਰਨ ਜਾ ਰਹੇ ਹਨ, ਠੀਕ ਉਸ ਵੇਲੇ ਪੰਜਾਬ ਦੀ ਕੋਈ ਵੀ ਰਾਜਸੀ ਧਿਰ ਜ਼ਾਹਿਰਾ ਤੌਰ ਤੇ ਡੇਰੇ ਦੀਆਂ ਵੋਟਾਂ ਮੰਗਣ ਲਈ ਤਿਆਰ ਕਿਉਂ ਨਹੀਂ? ਇਹ ਸੁਆਲ ਰਾਜਨੀਤਕ ਵਿਸ਼ਲੇਸ਼ਣਕਾਰਾਂ ਦੀ ਚਰਚਾ ਦਾ ਵਿਸ਼ਲੇਸ਼ਕ ਬਣਿਆ ਹੋਇਆ ਹੈ।
ਆਪਣੀ ਹੋਂਦ ਤੋਂ ਲੈ ਕੇ ਸਾਹ ਸਤਨਾਮ ਦੇ ਦੌਰ ਤੱਕ ਡੇਰਾ ਸੱਚਾ ਸੌਦਾ ਰਾਜਨੀਤੀ ਤੋਂ ਦੂਰ ਹੀ ਰਿਹਾ ਹੈ, ਲੇਕਿਨ ਗੁਰਮੀਤ ਰਾਮ ਰਹੀਮ ਦੇ ਗੱਦੀਨਸ਼ੀਨ ਹੁੰਦਿਆਂ ਹੀ ਡੇਰਾ ਸਿਆਸਤ ਵਿੱਚ ਦਿਲਚਸਪੀ ਲੈਣ ਲੱਗ ਪਿਆ। ਸ਼ੁਰੂ ਸ਼ੁਰੂ ਵਿੱਚ ਮੋਹਨ ਸਿੰਘ ਅਤੇ ਖੱਟਾ ਸਿੰਘ ਵਰਗੇ ਡੇਰਾ ਪ੍ਰਬੰਧਕ ਹੀ ਸਿਆਸੀ ਆਗੂਆਂ ਨਾਲ ਅੱਖ-ਮਟੱਕਾ ਕਰਿਆ ਕਰਦ ਸਨ, ਲੇਕਿਨ 2007 ਵਿੱਚ ਇਹ ਡੇਰਾ ਉਸ ਵੇਲੇ ਰਾਜਸੀ ਖੇਡ ਦਾ ਇੱਕ ਖਿਡਾਰੀ ਹੋ ਤੁਰਿਆ, ਜਦ ਜ਼ਾਹਿਰਾ ਤੌਰ ਤੇ ਇਸ ਦੇ ਅਨੁਆਈ ਧੜੱਲੇ ਨਾਲ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤੇ। ਹਾਲਾਂਕਿ 2007 ਵਿੱਚ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਬਣ ਗਈ ਸੀ, ਲੇਕਿਨ ਅਕਾਲੀ ਦਲ ਦੇ ਗੜ੍ਹ ਸਮਝੇ ਜਾਂਦੇ ਮਾਲਵਾ ਖ਼ਿੱਤੇ ਦੀਆਂ 69 ਵਿੱਚੋਂ 40 ਸੀਟਾਂ ਤੇ ਕਾਂਗਰਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਸੀ।
ਹਾਲਾਂਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿਖੇ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ, ਡੇਰੇ ਦੇ ਸਾਬਕਾ ਸਮਰਥਕ ਰਣਜੀਤ ਸਿੰਘ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲਾਂ ਦੇ ਮੁਕੱਦਮੇ ਚੱਲ ਰਹੇ ਸਨ, ਲੇਕਿਨ ਉਹ ਵੱਡੇ ਵਿਵਾਦ ਵਿੱਚ ਉਦੋਂ ਆ ਗਿਆ ਮਈ 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਦਿਆਂ ਜਦ ਆਪਣੇ ਪ੍ਰੇਮੀਆਂ ਨੂੰ ਰੂਹ-ਅਫ਼ਜ਼ਾ ਵਰਗਾ ਕੋਈ ਤਰਲ ਪਦਾਰਥ ਪਿਲਾ ਕੇ ਪੰਜ ਪਿਆਰਿਆਂ ਦੀ ਤਰਜ਼ ਤੇ ਉਨ੍ਹਾਂ ਨੂੰ ਇਨ੍ਹਾਂ ਬਣਾ ਦਿੱਤਾ।
ਇਹ ਘਟਨਾ¬ਕ੍ਰਮ ਬਹੁਤ ਵੱਡੇ ਵਿਵਾਦ ਵਿੱਚ ਬਦਲ ਗਿਆ, ਕਿਉਂਕਿ ਸਮੁੱਚੇ ਪੰਜਾਬ ਵਿੱਚ ਨਾ ਸਿਰਫ਼ ਸਿੱਖ ਹਲਕਿਆਂ ਅਤੇ ਡੇਰਾ ਪ੍ਰੇਮੀਆਂ ਵਿੱਚ ਟਕਰਾ ਹੋਣੇ ਸ਼ੁਰੂ ਹੋ ਗਏ, ਬਲਕਿ ਕਈ ਥਾਈਂ ਸਾੜੂ ਅਤੇ ਜਾਨੀ ਨੁਕਸਾਨ ਵਾਲੀਆਂ ਹਿੰਸਕ ਘਟਨਾਵਾਂ ਵੀ ਵਾਪਰ ਗਈਆਂ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ ਇੱਕ ਕਨਵੈੱਨਸ਼ਨ ਦੌਰਾਨ ਜਦ ਕੁੱਝ ਸਿੱਖ ਸੰਸਥਾਵਾਂ ਨੇ ਕਰੋ ਜਾਂ ਮਰੋਂ ਦਾ ਪੈਂਤੜਾ ਅਪਣਾ ਲਿਆ, ਤਾਂ ਕਾਫ਼ੀ ਹਿਚਕਚਾਹਟ ਤੋਂ ਬਾਅਦ ਸਿੱਖ ਸਾਹਿਬਾਨ ਨੇ ਡੇਰਾ ਮੁਖੀ ਨੂੰ ਪੰਥ ਚੋਂ ਸੇਕ ਦਿੱਤਾ।
2009 ਦੀ ਪਾਰਲੀਮੈਂਟ ਦੀ ਚੋਣ ਸਮੇਂ ਸਾਰੀਆਂ ਧਿਰਾਂ ਨੂੰ ਖ਼ੁਸ਼ ਕਰਨ ਦੇ ਮਕਸਦ ਨਾਲ ਭਾਵੇਂ ਡੇਰੇ ਵਾਲਿਆਂ ਨੇ ਵੱਖ ਵੱਖ ਹਲਕਿਆਂ ਤੋਂ ਵੱਖ ਵੱਖ ਪਾਰਟੀਆਂ ਦੀਆਂ ਵੱਡੀਆਂ ਹਸਤੀਆਂ ਦ ਹੱਕ ਵਿੱਚ ਵੋਟਾਂ ਭੁਗਤਾਈਆਂ, ਲੇਕਿਨ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਸਿੱਖ ਭਾਵਨਾਵਾਂ ਨੂੰ ਠੇਸ ਮਾਰਨ ਦੇ ਦੋਸ਼ ਹੇਠ ਥਾਣਾ ਕੋਤਵਾਲੀ ਬਠਿੰਡਾ ਵਿਖੇ ਰਾਮ ਰਹੀਮ ਵਿਰੁੱਧ ਜੋ ਮੁਕੱਦਮਾ ਦਰਜ਼ ਹੋਇਆ ਸੀ, ਉਹਨੂੰ ਰੱਦ ਕਰਵਾਉਣ ਲਈ ਪੁਲਿਸ ਨੇ ਅਦਾਲਤ ਵਿਖੇ ਰਿਪੋਰਟ ਪੇਸ਼ ਕਰ ਦਿੱਤੀ ਤੇ ਡੇਰੇ ਦੀਆਂ ਕਰੀਬ ਕਰੀਬ ਸਾਰੀਆਂ ਵੋਟਾਂ ਅਕਾਲੀ ਦਲ ਦੇ ਹੱਕ ਵਿੱਚ ਭੁਗਤ ਗਈਆਂ।
1 ਜੂਨ 2015 ਤੋਂ ਲੈ ਕੇ 14 ਅਕਤੂਬਰ 2015 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਵਿਖੇ ਰੋਸ ਪ੍ਰਗਟਾ ਰਹੇ ਲੋਕਾਂ ਉੱਪਰ ਵਹਿਸ਼ੀ ਤਸ਼ੱਦਦ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀਆਂ ਪੁਲਿਸ ਗੋਲੀਆਂ ਨਾਲ ਹੋਈਆਂ ਮੌਤਾਂ ਦੀਆਂ ਘਟਨਾਵਾਂ ਨੇ ਪੰਜਾਬ ਦੀ ਸਮਾਜਿਕ ਤੇ ਰਾਜਸੀ ਫ਼ਿਜ਼ਾ ਨੂੰ ਇਸ ਕਦਰ ਗਰਮਾ ਦਿੱਤਾ ਕਿ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ ਚੰਡੀਗੜ੍ਹ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ।
ਅੱਖਾਂ ਪੂੰਝਣ ਲਈ ਭਾਵੇਂ ਜਸਟਿਸ ਜ਼ੋਰਾਂ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਲੇਕਿਨ ਉਸਦੀ ਰਿਪੋਰਟ ਨੂੰ ਵੇਲੇ ਦੀ ਹਕੂਮਤ ਨੇ ਵਿਚਾਰਨਾ ਵੀ ਮੁਨਾਸਬ ਨਾ ਸਮਝਿਆ। ਉਸ ਵੇਲੇ ਦੇ ਹਾਕਮਾਂ ਦੀ ਸ਼ਾਇਦ ਇਹ ਸਮਝ ਬਣੀ ਹੋਵੇਗੀ ਕਿ ਸਮੇਂ ਦੇ ਵਹਾਅ ਨਾਲ ਮੁੱਦਾ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ, ਲੇਕਿਨ ਬੇਅਦਬੀ ਦੀਆਂ ਘਟਨਾਵਾਂ ਨੇ ਦਿਹਾਤੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੋਇਐ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਰੀਬ ਸੌ ਸਾਲ ਦੇ ਇਤਿਹਾਸ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਅਜਿਹੀ ਲੱਕ-ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਅੱਜ ਤੱਕ ਉਸਦੀ ਲੀਡਰਸ਼ਿਪ ਸਥਿਤੀ ਨੂੰ ਸੰਭਾਲਣ ਵਿੱਚ ਸਫਲ ਨਹੀਂ ਹੋ ਸਕੀ।
ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਜਨਤਕ ਤੌਰ ਤੇ ਕਈ ਹਫ਼ਤੇ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੇਰੇ ਤੋਂ ਉਹ ਵੋਟ ਮੰਗਣ ਨਹੀਂ ਜਾਣਗੇ। ਕੁੱਝ ਪੰਥਕ ਧਿਰਾਂ ਵੱਲੋਂ ਅਕਾਲੀ ਦਲ ਖ਼ਿਲਾਫ਼ ਲਾਏ ਜਾ ਰਹੇ ਇਸ ਦੋਸ਼ ਕਿ ਵੋਟ ਰਾਜਨੀਤੀ ਦੀ ਰਣਨੀਤੀ ਦੇ ਚਲਦਿਆਂ ਬੇਅਦਬੀ ਲਈ ਉਸਦੀ ਲੀਡਰਸ਼ਿਪ ਦੀ ਜ਼ੁੰਮੇਵਾਰੀ ਦੇ ਬਾਵਜੂਦ ਸ੍ਰ: ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਹਨ, ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਪਾਬੰਦ ਹਨ।
ਅੰਦਰਖਾਤੇ ਤਾਂ ਭਾਵੇਂ ਯਤਨ ਜਾਰੀ ਹੋਣ ਪਰੰਤੂ ਜ਼ਾਹਿਰਾ ਤੌਰ ਤੇ ਰਾਜ ਦੀ ਕੋਈ ਵੀ ਪ੍ਰਮੁੱਖ ਸਿਆਸੀ ਪਾਰਟੀ ਡੇਰੇ ਤੋਂ ਵੋਟਾਂ ਮੰਗਣ ਦਾ ਹੀਆ ਨਹੀਂ ਕਰ ਰਹੀ। ਹਾਲਾਂਕਿ ਭਾਜਪਾ ਡੇਰੇ ਸਮੇਤ ਸਭ ਤੋਂ ਵੋਟਾਂ ਮੰਗਣ ਦੀ ਦਬਵੀਂ ਜੀਭ ਨਾਲ ਗੱਲ ਕਰਦੀ ਹੈ, ਲੇਕਿਨ ਡੇਰੇ ਵੱਲੋਂ ਸ਼ਰੇਆਮ ਕੀਤੀ ਮਦਦ ਦੇ ਬਾਵਜੂਦ 2017 ਦੀ ਵਿਧਾਨ ਸਭਾ ਚੋਣ ਲਈ ਅਕਾਲੀ ਦਲ ਦੀ ਹੋਈ ਦੁਰਦਸ਼ਾ ਦੋਵਾਂ ਪ੍ਰਮੁੱਖ ਪਾਰਟੀਆਂ ਨੂੰ ਡੇਰੇ ਦੇ ਦਰ ਤੇ ਦਸਤਕ ਦੇਣ ਤੋਂ ਰੋਕ ਰਹੀ ਜਾਪਦੀ ਹੈ। (amritbrar2012@gmail.com 9814313405)