ਜਗਦੀਸ਼ ਥਿੰਦ
ਗੁਰ ਹਰਸਹਾਏ / ਫ਼ਿਰੋਜ਼ਪੁਰ 04ਅਪ੍ਰੈਲ
ਪੰਜਾਬ ਦੀਆਂ ਵਕਾਰੀ ਲੋਕ ਸਭਾ ਸੀਟਾਂ ਵਿੱਚੋਂ ਇੱਕ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਉਸ ਵੇਲੇ ਵੱਡੀ ਹਲਚਲ ਮੱਚ ਗਈ ਜਦੋਂ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਐਮ ਪੀ ਸ਼ੇਰ ਸਿੰਘ ਘੁਬਾਇਆ ਪਿਛਲੀਆਂ ਚੋਣਾਂ ਵਿੱਚ ਜਿੱਤ ਲਈ ਕਰੋੜਾਂ ਰੁਪਏ ਖ਼ਰਚ ਕਰਨ ਦੀ ਗੱਲ ਕਰਦੇ ਦਿਖਾਈ ਦਿੱਤੇ ।
ਤੇਜ਼ੀ ਨਾਲ ਵਾਇਰਲ ਹੋਈ ਇਸ ਵੀਡੀਓ ਨੇ ਉਨ੍ਹਾਂ ਨੂੰ ਮਿਲਣ ਵਾਲੀ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਥੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਉੱਥੇ ਘੁਬਾਇਆ ਦੇ ਕਾਂਗਰਸ ਦੇ ਅੰਦਰਲੇ ਅਤੇ ਬਾਹਰਲੇ ਵਿਰੋਧੀਆਂ ਨੂੰ ਉਸ ਤੇ ਸਿਆਸੀ ਹਮਲੇ ਕਰਨ ਦਾ ਮੌਕਾ ਦੇ ਦਿੱਤਾ ਹੈ . ਅਕਾਲੀ ਤਾਂ ਖ਼ੂਬ ਕੱਛਾਂ ਵਜਾ ਰਹੇ ਨੇ .
ਕੁਝ ਵਿਰੋਧੀਆਂ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ।
ਇਸੇ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਕੈਬਨਿਟ ਦੇ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ , ਸਾਬਕਾ ਪ੍ਰਧਾਨ ਪੰਜਾਬ ਯੂਥ ਕਾਂਗਰਸ ਰਮਿੰਦਰ ਸਿੰਘ ਆਂਵਲਾ , ਸਾਬਕਾ ਮੰਤਰੀ ਹੰਸ ਰਾਜ ਜੋਸਨ ' ਗੁਰਭੇਜ ਸਿੰਘ ਟਿੱਬੀ ਦੇ ਨਾਮ ਚਰਚਾ ਵਿੱਚ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੋਂ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਚੋਣ ਲੜਨ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਅੱਜ ਉਸ ਵਕਤ ਨਵਾਂ ਮੋੜ ਆ ਗਿਆ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਸ੍ਰ ਸ਼ੇਰ ਸਿੰਘ ਘੁਬਾਇਆ ਕਥਿਤ ਤੌਰ ਤੇ ਇਹ ਕਹਿੰਦੇ ਸੁਣੇ , ਦੇਖੇ ਗਏ ਕਿ ਉਨ੍ਹਾਂ ਪਿਛਲੀ ਲੋਕ ਸਭਾ ਚੋਣ ਵਿੱਚ 20 - 22 ਕਰੋੜ ਰੁਪਏ ਖ਼ਰਚ ਕੀਤੇ ਸਨ । ਹੁਣ ਵਾਲੀ ਚੋਣ ਵਿੱਚ ਕਿਉਂਕਿ ਸਾਹਮਣੇ ਹਰਸਿਮਰਤ ਕੌਰ ਬਾਦਲ ਆ ਸਕਦੀ ਹੈ , ਇਸ ਲਈ ਤੀਹ - ਪੈਂਤੀ ਕਰੋੜ ਰੁਪਏ ਖ਼ਰਚ ਕਰਨੇ ਪੈ ਸਕਦੇ ਹਨ ।
ਸਟਿੰਗ ਆਪ੍ਰੇਸ਼ਨ ਕਰਨ ਵਾਲੇ ਮੀਡੀਆ ਕਰਮੀਆਂ ਦੇ ਪੁੱਛਣ ਤੇ ਸਾਬਕਾ ਐਮ ਪੀ ਕਹਿ ਰਹੇ ਹਨ ਕਿ ਉਨ੍ਹਾਂ ਦੇ ਖੇਤਰ ਵਿੱਚ 9 ਵਿਧਾਨ ਸਭਾ ਹਲਕੇ ਹਨ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਕਰੋੜ ਰੁਪਏ ਨਗਦ , ਸ਼ਰਾਬ ਅਤੇ ਗੱਡੀਆਂ ਦਾ ਖਰਚਾ ਅਲੱਗ ਤੋਂ ਪ੍ਰਬੰਧ ਕਰਨਾ ਪੈਂਦਾ ਹੈ । ਸਟਿੰਗ ਅਪ੍ਰੇਸ਼ਨ ਕਰਨ ਵਾਲਿਆਂ ਨੇ ਮੈਡੀਕਲ ਕਾਲਜ ਦੀ ਅੈਫੀਲੇਸ਼ਨ ਲੈਣ ਲਈ ਘੁਬਾਇਅਾ ਨੂੰ ਚੋਣ ਲੜਣ ਲਈ ਕਾਲਾ ਧੰਨ ਦੇਣ ਦੀ ਗੱਲ ਕਹਿਕੇ ਭਰਮਾਇਅਾ ਸੀ ।
ਚੱਲੇ ਵਰਤਾਰੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਿਚਲੇ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਜਿੱਥੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਰਾਹੀਂ ਵੱਡੇ ਤੌਰ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਸੀ ਉੱਥੇ ਮੌਜੂਦਾ ਕਾਂਗਰਸ ਪਾਰਟੀ ਵੱਲੋਂ ਵੀ ਇਸ ਨੂੰ ਰਾਸ਼ਟਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਅਹੁਦੇਦਾਰਾਂ ਦੀਆਂ ਈ ਮੇਲ ਆਈਡੀਜ਼ ਉੱਪਰ ਪਹੁੰਚਾ ਕੇ ਸ਼ੇਰ ਸਿੰਘ ਘੁਬਾਇਆ ਦੀ ਉਮੀਦਵਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਇਹ ਵਰਤਾਰਾ ਅੱਜ ਤਿਰਛੀ ਨਜ਼ਰ ਮੀਡੀਆ ਗਰੁੱਪ ਨੇ ਜ਼ਾਹਿਰਾ ਤੌਰ ਤੇ ਉਸ ਸਮੇਂ ਦੇਖਿਆ ਜਦੋਂ ਕਾਂਗਰਸ ਪਾਰਟੀ ਦੇ ਮੋਹਰੀ ਦਾਅਵੇਦਾਰ ਨੇ ਖ਼ੁਦ ਬਾਬੂ ਸ਼ਾਹੀ ਦੇ ਸੰਪਾਦਕ ਨੂੰ ਭੇਜੀ .
ਇਸ ਸਬੰਧੀ ਪੱਖ ਜਾਣਨ ਲਈ ਸ਼ੇਰ ਸਿੰਘ ਘੁਬਾਇਆ ਦੇ ਫ਼ੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ । ਉਨ੍ਹਾਂ ਦੇ ਇੱਕ ਹਮਾਇਤੀ ਨੇ ਇਸ ਸਬੰਧੀ ਕਿਹਾ ਕਿ ਚੋਣਾਂ ਦੇ ਦਿਨਾਂ ਵਿੱਚ ਜਿੱਤ ਵੱਲ ਵਧ ਰਹੇ ਉਮੀਦਵਾਰਾਂ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਪਹਿਲਾਂ ਵੀ ਘੜੀਆਂ ਜਾਂਦੀਆਂ ਰਹੀਆਂ ਹਨ । ਸ਼ੇਰ ਸਿੰਘ ਘੁਬਾਇਆ ਦੇ ਹਮਾਇਤੀ ਨੇ ਕਿਹਾ ਕਿ ਅਸੀਂ ਲੜਾਂਗੇ ਵੀ ਅਤੇ ਜਿੱਤਾਂਗੇ ਵੀ ।
ਚੇਤੇ ਰਹੇ ਕਿ ਪਿਛਲੀ ਪੰਜਾਬ ਵਿਧਾਨ ਸਭਾ ਚੋਣ ਦੇ ਮੌਕੇ ਜਦੋਂ ਘੁਬਾਇਆ ਦਾ ਪੁੱਤਰ ਕਾਂਗਰਸ ਵਿਚ ਸ਼ਾਮਲ ਹੋਇਆ ਅਤੇ ਘੁਬਾਇਆ ਖ਼ੁਦ ਅਕਾਲੀ ਦਲ ਤੋਂ ਬਾਗ਼ੀ ਹੋਇਆ ਤਾਂ ਉਦੋਂ ਵੀ
ਘੁਬਾਇਆ ਦੇ ਨਾਂ ਨਾਲ ਜੋੜ ਕੇ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ .
ਹੁਣ ਦੇਖਣਾ ਇਹ ਹੈ ਤਾਜ਼ਾ ਵੀਡੀਓ ਉਨ੍ਹਾਂ ਦੀ ਟਿਕਟ ਦੀ ਉਮੀਦ ਤੇ ਪਾਣੀ ਫੇਰਦੀ ਹੈ ਕਿ ਨਹੀਂ ?