ਪਟਿਆਲਾ, 13 ਅਪ੍ਰੈਲ 2019: ਸੀ.ਬੀ.ਐਸ.ਈ ਵੱਲੋਂ ਕੇਂਦਰੀ ਵਿਦਿਆਲਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਗੈਰ ਜ਼ਰੂਰੀ ਕਰਾਰ ਦੇ ਕੇ ਪੰਜਾਬੀ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਤੋਂ ਵਾਂਝਿਆਂ ਕਰਨ ਦੀ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਜਿੰਨਾਂ ਨੁਕਸਾਨ ਸੀ.ਬੀ.ਐਸ.ਈ ਅਦਾਰਾ ਕਰ ਰਿਹਾ ਹੈ ਉਨਾਂ ਸ਼ਾਇਦ ਹੀ ਕੋਈ ਅਦਾਰਾ ਕਰ ਰਿਹਾ ਹੋਵੇ। ਇਹ ਅਦਾਰਾ ਸਿੱਖਿਆ ਦੀ ਇੱਕ ਬਿਲਕੁਲ ਗੈਰ ਵਿਗਿਆਨਿਕ ਵਿਧੀ ਪੂਰੇ ਦੇਸ਼ ਵਿੱਚ ਸਥਾਪਿਤ ਕਰੀ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਦੀ ਸਿੱਖਿਆ ਦਾ ਘਾਣ ਹੋ ਰਿਹਾ ਹੈ। ਡਾ. ਗਾਂਧੀ ਨੇ ਕਿਹਾ ਕਿ ਦੇਸ਼ ਦੇ ਬੱਚਿਆਂ ਨੂੰ ਆਪਣੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਵਾਝਿਆਂ ਕਰਨ ਤੋਂ ਵੱਡਾ ਦੇਸ਼-ਧ੍ਰੋਹ ਨਹੀਂ ਹੋ ਸਕਦਾ, ਦੇਸ਼ ਦੇ ਸਿੱਖਿਆ ਅਦਾਰਿਆਂ ਦੀ ਜ਼ਿੰਮੇਵਾਰੀ ਦੇਸ਼ ਦੀਆਂ ਰਾਸ਼ਟਰੀ ਭਾਸ਼ਾਵਾਂ, ਸਭਿਆਚਾਰਾਂ, ਗਿਆਨ-ਵਿਗਿਆਨ ਅਤੇ ਤਕਨੀਕ ਦੇ ਵਿਕਾਸ ਨੂੰ ਪ੍ਰਫੁੱਲਤ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਸੀ.ਬੀ.ਐਸ.ਸੀ ਦਾ ਹਰ ਕਦਮ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਦਾ ਦੁਸ਼ਮਣ ਬਣਿਆ ਹੋਇਆ ਹੈ। ਸੀ.ਬੀ.ਐਸ.ਈ ਮਾਂ ਬੋਲੀਆਂ ਦਾ ਕਤਲੇਆਮ ਕਰਕੇ ਦੇਸ਼ ਦੇ ਲੋਕਾਂ ਦੀਆਂ ਸੰਵੇਦਨਾਵਾਂ ਨਾਲ ਵੀ ਖਿਲਵਾੜ ਕਰ ਰਿਹਾ ਹੈ, ਇਸ ਲਈ ਸੀ.ਬੀ.ਐਸ.ਈ ਦੇ ਇਨ੍ਹਾਂ ਕਦਮਾਂ ਦੀ ਸਖਤ ਨਿਖੇਧੀ ਅਤੇ ਦੇਸ਼ ਭਰ ਵਿੱਚ ਸਰਗਰਮ ਵਿਰੋਧ ਜ਼ਰੂਰੀ ਕਦਮ ਬਣ ਗਿਆ ਹੈ ਅਤੇ ਦੇਸ਼ ਦੇ ਲੋਕਾਂ ਨੂੰ ਇਸ ਵਿੱਚ ਪੂਰੀ ਸਰਗਰਮੀ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ।