ਮਿੱਤਰ ਸੈਨ ਸ਼ਰਮਾ
ਮਾਨਸਾ 15 ਮਈ 2019 : 17ਵੀਆਂ ਲੋਕ ਸਭਾ ਚੋਣਾਂ ਵਿੱਚ ਸੂਬੇ ਦੀ ਚਰਚਿਤ ਸੀਟ ਲੋਕ ਸਭਾ ਹਲਕਾ ਬਠਿੰਡਾ 'ਚ ਜਿਉਂ-ਜਿਉਂ ਵੋਟਾਂ ਦੀ ਤਾਰੀਖ ਨਜ਼ਦੀਕ ਆ ਰਹੀ ਹੈ, ਤਿਉਂ-ਤਿਉਂ ਚੋਣ ਪ੍ਰਚਾਰ ਸਿਖ਼ਰ ਵੱਲ ਜਾ ਰਿਹੈ। ਜਿੱਥੇ ਸਾਰੇ ਹੀ ਸਿਆਸੀ ਦਲਾਂ ਦੇ ਉਮੀਦਵਾਰ ਪਸੀਨਾ ਵਹਾਅ ਰਹੇ ਹਨ। ਅਕਾਲੀ ਦਲ ਜਿੱਥੇ ਦੇਸ਼ ਦੀ ਸੁਰੱਖਿਆ ਅਤੇ ਵਿਦੇਸ਼ਾਂ 'ਚ ਭਾਰਤ ਦੀ ਵਧੀ ਧਾਕ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਨਾਮ 'ਤੇ ਵੋਟਾਂ ਮੰਗ ਰਿਹਾ ਹੈ, ਉੱਥੇ ਕਾਂਗਰਸ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਨਫ਼ਰਤ ਤੇ ਫਿਰਕਾਪ੍ਰਸਤੀ ਦੀ ਰਾਜਨੀਤੀ ਨੂੰ ਠੱਲ੍ਹਣ ਲਈ ਆਧਾਰ ਬਣਾ ਕੇ ਲੋਕ ਕਚਹਿਰੀ 'ਚ ਜਾ ਰਹੇ ਹਨ।
ਲੋਕ ਸਭਾ ਹਲਕਾ ਬਠਿੰਡਾ 1957 ਤੋਂ ਲੈ ਕੇ 14ਵੀਂ ਲੋਕ ਸਭਾ 2004 ਤੱਕ ਰਾਖਵਾਂ ਰਿਹਾ ਹੈ। ਪਹਿਲੀ ਵਾਰ 2009 'ਚ 15ਵੀਂ ਲੋਕ ਸਭਾ ਲਈ ਇਸ ਹਲਕੇ ਨੂੰ ਜਨਰਲ ਕੀਤਾ ਗਿਆ, ਤਦ ਤੋਂ ਇਸ ਹਲਕੇ 'ਤੇ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਪਰਿਵਾਰਾਂ ਨੇ ਚੋਣ ਲੜੀ ਅਤੇ ਦੋਵੇਂ ਵਾਰ ਹੀ ਅਕਾਲੀ ਦਲ ਸਫ਼ਲ ਰਿਹਾ। ਸਾਲ 2009 ਦੀਆਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਪੰਜਾਬ ਦੇ ਸਪੁੱਤਰ ਰਣਇੰਦਰ ਸਿੰਘ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਸੀ, ਜਦਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਫਿਰ ਬੀਬਾ ਬਾਦਲ ਨੇ ਆਪਣੇ ਹੀ ਪਰਿਵਾਰ 'ਚੋਂ ਬਗ਼ਾਵਤ ਕਰ ਕੇ ਗਏ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜੇਤੂ ਰਹੇ। ਹੁਣ ਹੋ ਰਹੀਆਂ ਇੰਨ੍ਹਾਂ ਸੰਸਦੀ ਚੋਣਾਂ 'ਚ ਮੁਕਾਬਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਹੈ।
ਇੱਥੇ ਦਿਲਚਸਪ ਗੱਲ ਇਹ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਉਮੀਦਵਾਰ ਐਲਾਨਣ ਤੋਂ ਬਾਅਦ ਹੀ ਬੀਬਾ ਬਾਦਲ ਨੂੰ ਉਮੀਦਵਾਰ ਐਲਾਣਿਆ, ਜਿਸ ਤੋਂ ਜਾਪਦਾ ਹੈ ਕਿ ਅਕਾਲੀ ਦਲ ਦੇ ਅੰਦਰ ਕਿਤੇ ਨਾ ਕਿਤੇ ਭੈਅ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਇੰਨ੍ਹਾਂ ਚੋਣਾਂ 'ਚ 26 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ਪਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਵਿੱਚ ਹੀ ਵਿਖਾਈ ਦੇ ਰਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਪੈਦਾ ਹੋਈ ਸਥਿਤੀ ਕਰਕੇ ਸੂਬੇ ਦੇ ਸਿਆਸੀ ਹਾਲਾਤਾਂ 'ਚ ਆਏ ਬਦਲਾਅ ਕਾਰਨ ਅਕਾਲੀ ਦਲ ਨੂੰ ਵੀ ਇਹ ਸੀਟ ਆਪਣੇ ਕੋਲ ਰੱਖਣ ਲਈ ਬੇਹੱਦ ਸਖਤ ਲੜਾਈ ਲੜਨੀ ਪੈ ਰਹੀ ਹੈ।
ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸੁਖਪਾਲ ਸਿੰਘ ਖਹਿਰਾ ਨੇ ਕੁਝ ਸਮਾਨ ਵਿਚਾਰਧਾਰਾ ਵਾਲੇ ਦਲਾਂ ਨਾਲ ਮਿਲ ਕੇ ਪੰਜਾਬ ਜਮਹੂਰੀ ਗੱਠਜੋੜ ਕੀਤਾ ਅਤੇ ਬਠਿੰਡਾ ਤੋਂ ਲੋਕ ਸਭਾ ਦੇ ਉਮੀਦਵਾਰ ਬਣੇ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਲੋਕ ਸਭਾ ਉਮੀਦਵਾਰ ਪ੍ਰੋ: ਬਲਜਿੰਦਰ ਕੌਰ ਤੱਕ ਹੀ ਸੀਮਿਤ ਹੋ ਗਿਆ ਹੈ। ਇੰਨ੍ਹਾਂ ਦੀ ਦੌੜ ਸਿਰਫ਼ ਇੱਕ ਦੂਸਰੇ ਨੂੰ ਪਛਾੜਨ ਤੱਕ ਹੀ ਵਿਖਾਈ ਦੇ ਰਹੀ ਹੈ।
ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਸੀ.ਪੀ. ਆਈ. (ਐੱਮ.ਐੱਲ.) ਦਾ ਸਵਾਲ ਹੈ ਇਹ ਦਲ ਸਿਰਫ਼ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਹੀ ਚੋਣ ਲੜ ਰਹੇ ਹਨ।
ਇਸ ਤਰ੍ਹਾਂ ਪੈਦਾ ਹੋਏ ਤਾਜ਼ਾ ਰਾਜਨੀਤਿਕ ਹਾਲਾਤਾਂ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਇੰਨ੍ਹਾਂ ਲੋਕ ਸਭਾ ਚੋਣਾਂ 'ਚ ਟੱਕਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਹੀ ਹੈ। ਨਤੀਜਾ ਕੁਝ ਵੀ ਹੋ ਸਕਦਾ ਹੈ।