ਬਟਾਲਾ, 12 ਮਈ 2019: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਪਾਰਟੀ ਦੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਇਥੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਿਆ ਹੈ ਕਿ ਉਸ ਦੀ ਸਰਕਾਰ ਨੇ ਅਕਤੂਬਰ ੨੦੧੫ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਵਿਰੱਧ ਕੋਈ ਕਾਰਵਾਈ ਕਿਉਂ ਨਹੀਂ ਸੀ ਕੀਤੀ। ਉਹਨਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਆਗੂ ਕਹਾਉਣ ਵਾਲਾ ਸੁਖਬੀਰ ਸਿੰਘ ਬਾਦਲ ਉਸ ਵੇਲੇ ਸੂਬੇ ਦਾ ਗ੍ਰਹਿ ਮੰਤਰੀ ਹੋਣ ਕਰ ਕੇ ਇਹਨਾਂ ਘਟਨਾਵਾਂ ਉੱਤੇ ਕੋਈ ਕਾਰਵਾਈ ਨਾ ਕੀਤੇ ਜਾਣ ਲਈ ਬਰਾਬਰ ਦਾ ਜਵਾਬਦੇਹ ਹੈ।
ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਇੱਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਸ਼੍ਰੀ ਜਾਖੜ ਨੇ ਕਿਹਾ ਕਿ ਨੈਤਿਕ ਹੌਸਲਾ ਵਿਖਾਉਂਦਿਆਂ ਬਾਦਲਾਂ ਨੂੰ ਇਹਨਾਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਕਰ ਕੇ ਦੋਸ਼ੀਆਂ ਦੀ ਮਦਦ ਕਰਨ ਦੀ ਆਪਣੀ ਗਲਤੀ ਕਬੂਲ ਲੈਣੀ ਚਾਹੀਦੀ ਹੈ। ਉਹਨਾਂ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੇ ਦੋਸ਼ੀ ਫੜ ਕੇ ਜੇਲ੍ਹਾਂ ਵਿਚ ਬੰਦ ਕੀਤੇ ਗਏ ਹਨ ਉਹ ਅਕਾਲੀ ਸਰਕਾਰ ਦੇ ਰਾਜ ਵਿਚ ਕਿਉਂ ਨਹੀਂ ਫੜੇ ਗਏ। ਬਾਦਲਾਂ ਦੀ ਤਿੱਖੀ ਨੁਕਤਾਚੀਨੀ ਕਰਦਿਆਂ, ਸ਼੍ਰੀ ਜਾਖੜ ਨੇ ਕਿਹਾ ਕਿ ਕੇਂਦਰ ਵਿਚ ਆਪਣੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਉੱਤੇ ਜੀ.ਐਸ.ਟੀ. ਲਾਗੂ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਬੇਸ਼ਰਮੀ ਦੀ ਹੱਦ ਇਹ ਹੈ ਕਿ ਦੋਵੇਂ ਆਗੂ ਆਪੇ ਲਵਾਇਆ ਜੀ.ਐਸ.ਟੀ. ਹਟਾ ਕੇ ਬੜੀ ਢੀਠਤਾਈ ਨਾਲ ਕਹਿੰਦੇ ਰਹੇ ਕਿ ਮੋਦੀ ਸਰਕਾਰ ਨੇ ਲੰਗਰ ਉੱਤੇ ਟੈਕਸ ਮੁਆਫ ਕਰ ਦਿੱਤਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਵਲੋਂ ਉਸ ਵਿਰੁੱਧ ਫਿਲਮ ਐਕਟਰ ਸਨੀ ਦਿਉਲ ਨੂੰ ਚੋਣ ਮੈਦਾਨ ਵਿਚ ਉਰਤਨ ਤੋਂ ਸਪਸ਼ਟ ਹੈ ਕਿ ਉਸ ਨੂੰ ਪੰਜਾਬ ਵਿਚੋਂ ਇੱਕ ਵੀ ਸਿਆਸੀ ਆਗੂ ਨਹੀਂ ਲੱਭਿਆ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੀ ਪਿਛਲੇ ਪੰਜਾਂ ਸਾਲਾਂ ਵਿਚ ਜ਼ੀਰੋ ਕਾਰਗੁਜ਼ਾਰੀ ਕਾਰਨ ਹੀ ਉਸ ਨੂੰ ਵਾਰ ਵਾਰ ਫਿਲਮੀ ਦੁਨੀਆਂ ਵੱਲ ਭੱਜਣਾ ਪੈ ਰਿਹਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜਿਹੜਾ ਵਿਅਕਤੀ ਲੋਕਾਂ ਵਿਚ ਦੋ ਸ਼ਬਦ ਵੀ ਨਹੀਂ ਬੋਲ ਸਕਦਾ ਉਹ ਲੋਕ ਸਭਾ ਵਿਚ ਇਸ ਸਰਹੱਦੀ ਇਲਾਕੇ ਦੀਆਂ ਮੁਸ਼ਕਲਾਂ ਕਿਵੇਂ ਪੇਸ਼ ਕਰੇਗਾ।
ਸ਼੍ਰੀ ਜਾਖੜ ਨੇ ਡਰ ਪ੍ਰਗਟ ਕਰਦਿਆਂ ਕਿਹਾ ਕਿ ਪਰਧਾਨ ਮੰਤਰੀ ਮੋਦੀ ਵਲੋਂ ਪਾਕਿਸਤਾਨ ਤੋਂ ਮੁਲਕ ਨੂੰ ਖਤਰੇ ਦਾ ਪਾਇਆ ਜਾ ਰਿਹਾ ਰੌਲਾ ਭਾਜਪਾ ਤੇ ਆਰ.ਐਸ.ਐਸ. ਦੀਆਂ ਫੁੱਟਪਾਊ ਨੀਤੀਆਂ ਕਾਰਨ ਦੇਸ਼ ਦੀ ਏਕਤਾ-ਅਖੰਡਤਾ ਨੂੰ ਖੜੇ ਹੋ ਰਹੇ ਅਸਲ ਖਤਰੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਮੋਦੀ ਵਲੋਂ ਬਹੁਗਿਣਤੀ ਦੀਆਂ ਵੋਟਾਂ ਲੈਣ ਲਈ ਪਾਏ ਜਾ ਰਹੇ ਇਸ ਰੌਲੇ ਨਾਲ ਸ਼੍ਰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਅੱਧ ਵਿਚਾਲੇ ਲਟਕ ਸਕਦਾ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਸ਼੍ਰੀ ਕਰਤਾਪੁਰ ਸਾਹਿਬ ਦੇ ਪਾਕਿਸਤਾਨ ਵਿਚ ਰਹਿ ਜਾਣ ਲਈ ਕਾਂਗਰਸ ਨੂੰ ਜ਼ਿਮੇਂਵਾਰ ਠਹਿਰਾ ਕੇ ਮੋਦੀ ਇਤਿਹਾਸ ਨੂੰ ਤਰੋੜ ਮਰੋੜ ਰਿਹਾ ਹੈ ਜਿਸ ਦੀ ਸਿੱਖਿਆ ਉਸ ਨੂੰ ਆਰ.ਐਸ.ਐਸ. ਦਾ ਪ੍ਰਚਾਰਕ ਹੁੰਦਿਆਂ ਦਿੱਤੀ ਗਈ ਹੈ।
ਇਸ ਮੌਕੇ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨੇ ਕਾਂਗਰਸ ਨੂੰ ਕਿਸਾਨ ਪੱਖੀ ਪਾਰਟੀ ਕਰਾਰ ਦਿੰਦਿਆਂ ਪੰਜਾਬ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਹਿਮਾਇਤ ਦੇਣ ਦਾ ਭਰੋਸਾ ਦੁਆਇਆ।
ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਸੰਬੋਧਨ ਕੀਤਾ।