ਫਰੀਦਕੋਟ 09 ਮਈ, 2019 (ਪਰਵਿੰਦਰ ਸਿੰਘ ਕੰਧਾਰੀ) ਪੰਜਾਬ ਸਰਕਾਰ ਵੱਲੋਂ ਰਾਜ ਦੇ ਨਾਗਰਿਕਾਂ ਖਾਸ ਕਰਕੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ, ਆਇਲੈਟਸ ਸੈਂਟਰਾਂ, ਵੀਜ਼ਾ ਸਲਾਹਕਾਰ ਸੈਂਟਰਾਂ/ ਏਜੰਸੀਆਂ ਵਿਰੁੱਧ ਸ਼ਿਕੰਜਾ ਕੱਸਣ ਅਤੇ ਇਸ ਗੈਰ ਕਾਨੂੰਨੀ ਵਰਤਾਰੇ ਨੂੰ ਰੋਕਣ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਹਨ ਅਤੇ ਸਾਰੇ ਜਿਲ੍ਹਿਆਂ ਵਿੱਚ ਕੰਮ ਕਰ ਰਹੇ ਟ੍ਰੈਵਲ ਏਜੰਟਾਂ, ਆਇਲੈਟਸ ਸੈਂਟਰਾਂ ਸਬੰਧੀ ਵਿਸਥਾਰ ਸਹਿਤ ਰਿਪੋਰਟ ਮੰਗੀ ਹੈ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ ਨੇ ਦੱਸਿਆ ਕਿ ਜਿਲ੍ਹੇ ਵਿਚਲੇ ਟਰੈਵਲ ਏਜੰਟਾਂ, ਆਇਲੈਟਸ ਸੈਂਟਰਾਂ ਅਤੇ ਹੋਰ ਵਿਦੇਸ਼ ਭੇਜਣ ਵਾਲੀਆਂ ਏਜੰਸੀਆਂ ਦੀ ਚੈਕਿੰਗ ਤੇ ਗੈਰ ਕਾਨੂੰਨੀ ਵਰਤਾਰੇ ਨੂੰ ਰੋਕਣ ਲਈ ਜਿਲ੍ਹਾ ਪੱਧਰ ਤੇ ਸਹਾਇਕ ਕਮਿਸ਼ਨਰ (ਜ) ਸ: ਹਰਦੀਪ ਸਿੰਘ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਸੈਂਟਰਾਂ ਆਦਿ ਬਾਰੇ ਇਕ ਹਫਤੇ ਵਿੱਚ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਅਜਿਹੀਆਂ ਕਈ ਸ਼ਿਕਾਇਤਾਂ ਪੁੱਜੀਆਂ ਹਨ ਕਿ ਕਈ ਟਰੈਵਲ ਏਜੰਟ ਗੈਰ ਕਾਨੂੰਨੀ ਗਤੀਵਿਧੀਆਂ, ਧੋਖਾਧੜੀ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਹਨ ਜਿਸ ਕਾਰਨ ਅਜਿਹੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਪਰੋਕਤ ਜਾਂਚ ਦਾ ਮਕਸਦ ਅਜਿਹੇ ਗੈਰ ਕਾਨੂੰਨੀ ਵਰਤਾਰੇ ਨੂੰ ਰੋਕਣਾ ਹੈ।
ਇਸ ਸਬੰਧ ਵਿੱਚ ਅੱਜ ਸਹਾਇਕ ਕਮਿਸ਼ਨਰ (ਜ) ਸ: ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ, ਤਹਿਸੀਲਦਾਰ ਫਰੀਦਕੋਟ, ਡੀ.ਸੀ.ਐਫ.ਏ., ਫੁੱਟਕਲ ਸ਼ਾਖਾ ਆਦਿ ਸਮੇਤ ਵੱਖ ਵੱਖ ਆਇਲੈਟਸ ਸੈਂਟਰਾਂ, ਵੀਜਾ ਸਲਾਹਕਾਰ, ਟਰੈਵਲ ਏਜੰਟਾਂ ਦੇ ਦਫਤਰਾਂ ਦੀ ਚੈਕਿੰਗ ਕੀਤੀ ਤੇ ਉਨ੍ਹਾਂ ਦੇ ਰਿਕਾਰਡ ਦੀ ਛਾਣਬੀਨ ਕੀਤੀ। ਸ: ਹਰਦੀਪ ਸਿੰਘ ਨੇ ਦੱਸਿਆ ਕਿ ਫੁੱਟਕਲ ਸ਼ਾਖਾ ਡੀ.ਸੀ. ਦਫਤਰ ਵੱਲੋਂ ਜਿਲ੍ਹੇ ਦੇ ਟਰੈਵਲ ਏਜੰਟਾਂ, ਆਇਲੈਟਸ ਸੈਂਟਰਾਂ ਤੋਂ ਰਿਕਾਰਡ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਕਮੇਟੀ ਵੱਲੋਂ ਆਪਣੇ ਤੌਰ ਤੇ ਵੀ ਸੈਂਟਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਰੀ ਰਿਪੋਰਟ ਡਿਪਟੀ ਕਮਿਸ਼ਨਰ ਜੀ ਕੋਲ ਪੇਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2014 ਪਾਸ ਕੀਤਾ ਗਿਆ ਹੈ । ਜਿਸ ਤਹਿਤ ਹਰੇਕ ਟਰੈਵਲ ਏਜੰਟ ਲਈ ਜਿਲ੍ਹਾ/ ਸੂਬਾ ਪੱਧਰ ਤੇ ਰਜਿ: ਹੋਣਾ ਲਾਜਮੀ ਹੈ ਅਤੇ ਇਸ ਐਕਟ ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਵਿਰੁੱਧ ਪੰਜਾਬ ਪ੍ਰਵੈਨਸ਼ਨ ਆਫ ਹਿਊਮੈਨ ਸਮਗਲਿੰਗ ਰੂਲ-2013 ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਿਲ੍ਹੇ ਦੇ ਸਮੂਹ ਟਰੈਵਲ ਏਜੰਟਾਂ/ ਆਇਲੈਟਸ ਸੈਟਰਾਂ, ਵੀਜ਼ਾ ਸਲਾਹਕਾਰ ਏਜੰਸੀਆਂ ਨੂੰ ਕਿਹਾ ਕਿ ਉਹ ਆਪਣੀ ਰਜਿਸਟ੍ਰੇਸ਼ਨ ਸਮੇਤ ਹਰ ਜਾਣਕਾਰੀ ਐਮ.ਏ. ਬਰਾਚ, ਡੀ.ਸੀ. ਦਫਤਰ ਫਰੀਦਕੋਟ ਵਿਖੇ ਤੁਰੰਤ ਜਮ੍ਹਾਂ ਕਰਵਾਉਣ।