ਬਠਿੰਡਾ, 10 ਅਪ੍ਰੈਲ 2019: ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਵਲੋਂ ਲੋਕ ਸਭਾ ਚੋਣਾਂ-2019 ਦੇ ਪ੍ਰਬੰਧਾਂ ਸਬੰਧੀ ਜ਼ਿਲੇ ਵਿੱਚ ਪੈਂਦੇ ਵਿਧਾਨ ਸਭਾ ਹਲਕਿਆਂ ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਤਲਵੰਡੀ ਸਾਬੋ, ਮੌੜ, ਭੁੱਚੋ, ਮਾਨਸਾ, ਬੁਢਲਾਡਾ, ਸਰਦੂਲਗੜ, ਲੰਬੀ ਅਤੇ ਰਾਮਪੁਰਾ ਦੇ ਏ.ਆਰ.ਓਜ਼ ਅਤੇ ਜ਼ਿਲਾ ਪੱਧਰੀ ਚੋਣ ਕਮੇਟੀਆਂ ਦੇ ਨੋਡਲ ਅਫ਼ਸਰ ਅਤੇ ਜ਼ਿਲਾ ਅਧਿਕਾਰੀਆਂ ਨਾਲ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੌਕੇ ਉਨਾਂ ਵਲੋਂ ਲੋਕ ਸਭਾ ਹਲਕੇ ਨਾਲ ਸਬੰਧਤ ਮੌਜੂਦ ਸਮੂਹ ਏ.ਆਰ.ਓਜ਼ ਅਤੇ ਵੱਖ-ਵੱਖ ਚੋਣ ਕਮੇਟੀਆਂ ਦੇ ਨੋਡਲ ਅਫ਼ਸਰਾਂ ਕੋਲੋਂ ਚੋਣ ਪ੍ਰਕਿਰਿਆ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕੀਤੀ ਗਈ। ਉਨਾਂ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਲੱਗੀਆਂ ਆਪੋ-ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉੁਣ ਲਈ ਕਿਹਾ। ਉਨਾਂ ਚੋਣ ਪ੍ਰਕਿਰਿਆ ਵਿਚ ਲੱਗੇ ਚੋਣ ਅਮਲੇ ਨੂੰ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਅਣਗਹਿਲੀ ਕਰਨ ਵਾਲਿਆਂ ਖਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਤੇ ਤਰੁੰਤ ਕਾਰਵਾਈ ਹੋਵੇਗੀ।
ਜ਼ਿਲਾ ਚੋਣਕਾਰ ਅਫ਼ਸਰ ਵਲੋਂ ਮੀਟਿੰਗ ਦੌਰਾਨ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਚੋਣ ਅਮਲੇ ਨੂੰ ਦਿੱਤੀ ਜਾਣ ਵਾਲੀ ਸਿਖਲਾਈ, ਈ.ਵੀ.ਐਮ. ਮਸ਼ੀਨਾਂ ਦੀ ਸਟੋਰਜ਼, ਪੋਲਿੰਗ ਬੂਥਾਂ, ਮੈਕਰੋ ਆਬਜ਼ਰਵਰਾਂ, ਬੈਲਟ ਪੇਪਰਾਂ ਅਤੇ ਮਾਸਟਰ ਟੇ੍ਰਨਰਾਂ ਆਦਿ ਵਲੋਂ ਕੀਤੀ ਜਾਣ ਵਾਲੀ ਪ੍ਰਕਿਰਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਬਣਾਈਆਂ ਗਈ ਵੱਖ-ਵੱਖ ਕਮੇਟੀਆਂ ਵਲੋਂ ਹੁਣ ਤੱਕ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ।
ਮੀਟਿੰਗ ਦੌਰਾਨ ਬੀ. ਸ਼੍ਰੀਨਿਵਾਸਨ ਵਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਖ਼ਾਸ ਹਦਾਇਤਾਂ ਦਿੱਤੀਆਂ ਗਈਆਂ। ਉਨਾਂ ਲੋਕ ਸਭਾ ਚੋਣਾਂ ਨੂੰ ਬੇਹਤਰ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਕਿਹਾ ਕਿ ਇਸ ਸਬੰਧੀ ਇਕ ਮੀਟਿੰਗ ਹਰ ਹਫ਼ਤੇ ਵਿਚ ਇੱਕ ਵਾਰ ਕਰਨਾ ਲਾਜ਼ਮੀ ਬਣਾਇਆ ਜਾਵੇਗਾ। ਇਸ ਹਫ਼ਤਾਵਾਰੀ ਮੀਟਿੰਗ ਦੌਰਾਨ ਚੋਣ ਅਮਲੇ ਵਲੋਂ ਕੀਤੇ ਗਏ ਕਾਰਜਾਂ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਜ਼ਿਲਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ-ਕਮ-ਏ.ਆਰ.ਓ. ਲੰਬੀ ਡਾ. ਰਿਚਾ, ਏ.ਆਰ.ਓ ਮੌੜ ਸ਼੍ਰੀ ਰਾਜਪਾਲ ਸਿੰਘ, ਏ.ਆਰ.ਓ ਰਾਮਪੁਰਾ ਸ਼੍ਰੀ ਖੁਸ਼ਦਿਲ ਸਿੰਘ, ਏ.ਆਰ.ਓ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਏ.ਆਰ.ਓ. ਬਠਿੰਡਾ ਸ਼ਹਿਰੀ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਏ.ਆਰ.ਓ. ਬਠਿੰਡਾ ਦਿਹਾਤੀ ਸ਼੍ਰੀ ਬਿਕਰਮ ਸਿੰਘ ਸ਼ੇਰਗਿੱਲ ਤੋਂ ਇਲਾਵਾ ਵੱਖ-ਵੱਖ ਚੋਣ ਕਮੇਟੀਆਂ ਦੇ ਨੋਡਲ ਅਫ਼ਸਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।