ਬੰਗਾ ਵਿਖੇ ਗੁਰੂ ਨਾਨਕ ਕਾਲਜ ਵਿਖੇ ਚੋਣ ਅਮਲੇ ਦੀ ਪਹਿਲੀ ਰੀਹਰਸਲ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਚੋਣ
ਬੰਗਾ, 28 ਅਪਰੈਲ,2019: ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਅੱਜ ਸਥਾਨਕ ਗੁਰੂ ਨਾਨਲ ਕਾਲਜ ਵਿਖੇ ਚੋਣ ਅਮਲੇ ਦੀ ਪਹਿਲੀ ਰੀਹਰਸਲ ਦੌਰਾਨ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਰੀਹਸਰਲਾਂ ਪੋਲਿੰਗ ਸਟਾਫ਼ ਲਈ ਚੋਣ ਡਿਊਟੀ ਦੀਆਂ ਬਾਰੀਕੀਆਂ ਨੂੰ ਸਮਝਣ ਦਾ ਵਧੀਆ ਮੌਕਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪ੍ਰੀਜ਼ਾਇਡਿੰਗ ਅਫ਼ਸਰਾਂ ਅਤੇ ਸਹਾਇਕ ਪ੍ਰੀਜ਼ਾਇਡਿੰਗ ਅਫ਼ਸਰਾਂ ਦੀ ਟਰੇਨਿੰਗ ਦਾ ਮਕਸਦ ਉਨ੍ਹਾਂ ਨੂੰ ਮਤਦਾਨ ਵਾਲੇ ਦਿਨ ਮਤਦਾਨ ਪ੍ਰਕਿਰਿਆ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ-ਕਾਨੂੰਨਾਂ ਦੀ ਸੀਮਾ ’ਚ ਰਹਿ ਕੇ ਕੰਮ ਕਰਨ ਦੀ ਸਿਖਲਾਈ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਹਲਕੇ ’ਚ ਚਾਰ ਰੀਹਰਸਲਾਂ ਕਰਵਾਏ ਜਾਣ ਦੀ ਲੜੀ ’ਚ ਅੱਜ ਸਮੁੱਚੇ ਜ਼ਿਲ੍ਹੇ ’ਚ ਵਿਧਾਨ ਸਭਾ ਹਲਕਾ ਪੱਧਰ ’ਤੇ ਪਹਿਲੀ ਰੀਹਰਸਲ ਸ਼ੁਰੂ ਕਰਵਾਈ ਗਈ ਹੈ।
ਸ੍ਰੀ ਬਬਲਾਨੀ ਨੇ ਕਿਹਾ ਕਿ ਇਸ ਵਾਰ ਹਰੇਕ ਮਤਦਾਨ ਕੇਂਦਰ ’ਤੇ ਈ ਵੀ ਐਮ ਮਸ਼ੀਨ ਨਾਲ ਵੀ ਵੀ ਪੀ ਏ ਟੀ ਜੋੜਨ ਕਾਰਨ ਪੋਲਿੰਗ ਸਟਾਫ਼ ਲਈ ਚਣੌਤੀਆਂ ਵੀ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਵੱਲੋਂ ਸਵੇਰੇ 7 ਵਜੇ ਸ਼ੁਰੂ ਹੋਣ ਵਾਲੀ ਪੋਲਿੰਗ ਤੋਂ ਪਹਿਲਾਂ ਮਸ਼ੀਨਾਂ ਦਾ ਸਹੀ ਢੰਗ ਨਾਲ ਸੈਟ ਅੱਪ, ਉਨ੍ਹਾਂ ਦੀ ਕਾਰਜ ਪ੍ਰਾਣਲੀ ’ਚ ਸਭਨਾਂ ਪਾਰਟੀਆਂ ਦੇ ਪੋਲਿੰਗ ਏਜੰਟਾਂ ਨੂੰ ਪਾਰਦਰਸ਼ਤਾ ਦਿਖਾਉਣ ਲਈ ਮੋਕ ਪੋਲਿੰਗ ਮਤਦਾਨ ਵਾਲੇ ਦਿਨ ਦੀ ਸਭ ਤੋਂ ਅਹਿਮ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਇੱਕ ਵੋਟ 7 ਸਕਿੰਟ ਲਈ ਵੀ ਵੀ ਪੀ ਏ ਟੀ ਦੀ ਸਕ੍ਰੀਨ ’ਤੇ ਵੋਟਰ ਨੂੰ ਨਜ਼ਰ ਆਵੇਗੀ, ਜਿਸ ਨਾਲ ਉਸ ਨੂੰ ਇਹ ਸੁਨਿਸ਼ਚਿਤ ਹੋ ਸਕੇਗਾ ਕਿ ਉਸ ਵੱਲੋਂ ਦਬਾਏ ਗਏ ਬਟਨ ਨਾਲ ਉਸ ਦੇ ਪਸੰਦ ਦੇ ਚੋਣ ਨਿਸ਼ਾਨ ਅਤੇ ਉਮੀਦਵਾਰ ਨੂੰ ਹੀ ਵੋਟ ਪਈ ਹੈ। ਉਨ੍ਹਾਂ ਚੋਣ ਅਮਲੇ ਨੂੰ ਈ ਵੀ ਐਮਜ਼ ਅਤੇ ਵੀ ਵੀ ਪੀ ਏ ਟੀ ਮਸ਼ੀਨਾਂ ਬਹੁਤ ਹੀ ਸੈਂਸੇਟਿਵ ਹੋਣ ਕਾਰਨ, ਇਨ੍ਹਾਂ ਨੂੰ ਓਪਰੇਟ ਕਰਨ ਦੇ ਤਰੀਕੇ ਦੀ ਚੰਗੀ ਤਰ੍ਹਾਂ ਸਿਖਲਾਈ ਹਾਸਲ ਕਰਨ ਲਈ ਆਖਿਆ ਤਾਂ ਜੋ ਪੋਲਿੰਗ ਦੌਰਾਨ ਮਸ਼ੀਨ ਦੀ ਨਿਰਵਿਘਨਤਾ ਬਣੀ ਰਹੇ।
ਉਨ੍ਹਾਂ ਸਮੂਹ ਸੈਕਟਰ ਅਫ਼ਸਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਅਧੀਨ ਪੈਂਦੇ ਚੋਣ ਬੂਥਾਂ ਦੇ ਪੋੋਲਿੰਗ ਸਟਾਫ਼ ਨਾਲ ਪੂਰਾ ਤਾਲਮੇਲ ਰੱਖਣ ਤਾਂ ਜੋ ਚੋਣ ਕਮਿਸ਼ਨ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ’ਚ ਨਿਰੰਤਰਤਾ ਬਣੀ ਰਹਿ ਸਕੇ।
ਇਸ ਮੌਕੇ ਪੋਲਿੰਗ ਸਟਾਫ਼ ਵਜੋਂ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਖੁਦ ਦੀ ਵੋਟ ਪਾਉਣ ਲਈ ਫ਼ਾਰਮ ਨੰ. 12 (ਜਿਨ੍ਹਾਂ ਦੀ ਵੋਟ ਸ੍ਰੀ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ’ਚ ਨਹੀਂ) ਭਰਵਾਏ ਗਏ ਜਦਕਿ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਜਿਨ੍ਹਾਂ ਦੀ ਵੋਟ ਸ੍ਰੀ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ’ਚ ਹੀ ਹੈ, ਪਾਸੋਂ ਫ਼ਾਰਮ ਨੰ. 12-ਏ ਭਰਵਾਏ ਗਏ।
ਪੋਲਿੰਗ ਸਟਾਫ਼ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇਣ ਲਈ ਕਾਲਜ ’ਚ 5 ਲੈਬਜ਼ ਸਥਾਪਿਤ ਕੀਤੀਆਂ ਗਈਆਂ ਸਨ ਜਦਕਿ ਥਿਊਰੈਟੀਕਲ ਸਿਖਲਾਈ ਲਈ 10 ਕਲਾਸ ਰੂਮ ਬਣਾਏ ਗਏ ਸਨ।
ਇਸ ਮੌਕੇ ਏ ਆਰ ਓ ਕਮ ਐਸ ਡੀ ਐਮ ਬੰਗਾ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ, ਤਹਿਸੀਲਦਾਰ ਕੰਵਰ ਨਰਿੰਦਰ ਸਿੰਘ, ਨਾਇਬ ਤਹਿਸੀਲਦਾਰ ਸਵਪਨਦੀਪ ਕੌਰ, ਮਾਸਟਰ ਟ੍ਰੇਨਰ ਰਾਜ ਕੁਮਾਰ ਹੀਓਂ, ਦਵਿੰਦਰ ਕੁਮਾਰ, ਡਾ. ਨਰਿੰਦਰਪਾਲ ਕਲਸੀ, ਪਿ੍ਰੰਸੀਪਲ ਅਮਰਜੀਤ ਖਟਕੜ, ਧਰਮਵੀਰ ਤੇ ਅਰਵਿੰਦਰ ਸਿੰਘ ਮੌਜੂਦ ਸਨ।