ਮਿੱਤਰ ਸੈਨ ਸ਼ਰਮਾ
ਮਾਨਸਾ 06 ਮਈ 2019 : ਜ਼ਿਲ੍ਹਾ ਮਾਨਸਾ ਥਾਣਾ ਝੁਨੀਰ ਦੀ ਪੁਲਿਸ ਨੇ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਕਸਬਾ ਝੁਨੀਰ ਵਿਖੇ ਸਥਿਤ ਡੇਰਾ ਬਾਬਾ ਧਿਆਨ ਦਾਸ ਜੀ ਵਿਖੇ ਆਏ ਅਤੇ ਨਤਮਸਤਕ ਹੁੰਦਿਆਂ ਉੱਥੇ ਹੋਏ ਇਕੱਠ ਨੂੰ ਮਿਲੇ। ਦੱਸਿਆ ਜਾ ਰਿਹਾ ਹੈ ਕਿ ਇਹ ਇਕੱਠ ਇੱਕ ਫੇਸ ਬੁੱਕ ਪੇਜ਼ ਰਾਹੀਂ ਸੁਨੇਹਾ ਲਗਾ ਕੇ ਕੀਤਾ ਗਿਆ ਸੀ। ਸੀ.ਈ.ਓ. ਦਫ਼ਤਰ ਵੱਲੋਂ ਇਸ ਸਬੰਧੀ ਭੇਜੀ ਗਈ ਸ਼ਿਕਾਇਤ 'ਤੇ ਨਾਇਬ ਤਹਿਸੀਲਦਾਰ ਅਤੇ ਈ.ਓ. ਨਗਰ ਪੰਚਾਇਤ ਸਰਦੂਲਗੜ੍ਹ ਵੱਲੋਂ ਪਹਿਲਾਂ ਜਾਂਚ ਰਿਪੋਰਟ 'ਚ ਦੱਸਿਆ ਗਿਆ ਕਿ ਸ਼੍ਰੀ ਮੋਫਰ ਇੱਥੇ ਆਏ ਜਰੂਰ ਸੀ ਪਰ ਕੋਈ ਰਾਜਨੀਤਿਕ ਮੀਟਿੰਗ ਨਹੀਂ ਕੀਤੀ, ਜਿਸ ਦੇ ਆਧਾਰ 'ਤੇ ਇਹ ਸ਼ਿਕਾਇਤ ਫਾਇਲ ਕੀਤੀ ਜਾਵੇ ਪਰ ਉੱਚ ਅਧਿਕਾਰੀਆਂ ਵੱਲੋਂ ਸ਼ਿਕਾਇਤ ਫਾਇਲ ਕਰਨ ਦੀ ਜਗ੍ਹਾ ਨੋਟਿਸ ਜਾਰੀ ਕਰਨ ਕਿਹਾ ਗਿਆ। ਇਸ ਉਪਰੰਤ ਸ਼੍ਰੀ ਮੋਫਰ ਨੇ ਜਾਰੀ ਹੋਏ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਡੇਰੇ 'ਚ ਮੱਥਾ ਟੇਕ ਕੇ ਆਪਣੇ ਸੁਨੇਹੀਆਂ ਦਾ ਧੰਨਵਾਦ ਕਰਨ ਉਪਰੰਤ ਅਗਲੇ ਪਿੰਡ ਚਲੇ ਗਏ ਸੀ ਪਰ ਫੇਸ ਬੁੱਕ 'ਤੇ ਪਾਈ ਫੋਟੋ ਤੋਂ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਨੇ ਰਾਜਨੀਤਿਕ ਗਤੀਵਿਧੀਆਂ ਲਈ ਇਸ ਧਾਰਮਿਕ ਸਥਾਨ ਦੀ ਵਰਤੋਂ ਕੀਤੀ ਹੈ, ਜਿਸ ਦੀ ਕਿ ਉਨ੍ਹਾਂ ਵੱਲੋਂ ਸਰਕਾਰੀ ਤੌਰ 'ਤੇ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਇਸ ਤਰ੍ਹਾਂ ਸ਼੍ਰੀ ਮੋਫਰ ਵੱਲੋਂ ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਕੀਤੀ ਗਈ ਹੈ। ਇਸ ਸਬੰਧੀ ਸਹਾਇਕ ਰਜਿਸਟ੍ਰੇਸ਼ਨ ਅਫ਼ਸਰ, ਬਠਿੰਡਾ, ਉਪ ਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਦੀ ਸ਼ਿਕਾਇਤ 'ਤੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਅਜੀਤਇੰਦਰ ਸਿੰਘ ਮੋਫਰ ਦੇ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।