ਮਿੱਤਰ ਸੈਨ ਸ਼ਰਮਾ
ਮਾਨਸਾ 14 ਮਈ 2019 : ਪੰਜਾਬ ਵਿੱਚ 17ਵੀਂ ਲੋਕ ਸਭਾ ਲਈ ਮੈਦਾਨ ਭਖਿਆ ਪਿਆ ਹੈ । ਵਰਨਣਯੋਗ ਹੈ ਕਿ ਸੂਬਾ ਪੰਜਾਬ ਅੰਦਰ ਇਸ ਵਾਰ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਵਿੱਚ ਮੁੱਖ ਮੁਕਾਬਲਾ ਹੋਣ ਜਾ ਰਿਹਾ ਹੈ, ਉਂਝ ਭਾਵੇਂ ਹੋਰ ਵੀ ਵੱਖ–ਵੱਖ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸਾਲ 1952 ਤੋਂ ਲੈ ਕੇ ਜੇਕਰ 2014 ਤੱਕ ਦੀਆਂ ਹੋਈਆਂ ਲੋਕ ਸਭਾ ਚੋਣਾਂ 'ਤੇ ਝਾਤੀ ਮਾਰੀਏ ਤਾਂ ਅਕਾਲੀ ਦਲ ਲੋਕ ਸਭਾ 'ਚ 4 ਵਾਰ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਅਤੇ ਕਾਂਗਰਸ ਵੀ 1977 ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਸੀ । ਸਾਲ 1957, 1980, 1989, 1991 'ਚ ਅਕਾਲੀ ਦਲ ਆਪਣਾ ਕੋਈ ਵੀ ਮੈਂਬਰ ਲੋਕ ਸਭਾ 'ਚ ਨਹੀਂ ਭੇਜ ਸਕੀ। ਸਾਲ 2014 'ਚ ਹੋਈਆਂ 16ਵੀਆਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ 4, ਕਾਂਗਰਸ ਦੇ 3, ਬੀ.ਜੇ.ਪੀ. ਦੇ 2 ਅਤੇ ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਜੇਤੂ ਰਹੇ ।
ਪੰਜਾਬ ਤੋਂ ਹੁਣ ਤੱਕ ਹੋਈਆਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਸਿਰਫ਼ 61 ਉਮੀਦਵਾਰ ਹੀ ਲੋਕ ਸਭਾ ਲਈ ਭੇਜ ਸਕਿਆ । ਜਦ ਕਿ ਕਾਂਗਰਸ ਵੱਲੋਂ ਕੁੱਲ 132 ਉਮੀਦਵਾਰ ਲੋਕ ਸਭਾ ਵਿੱਚ ਪਹੁੰਚੇ । ਇੰਨ੍ਹਾਂ ਤੋਂ ਇਲਾਵਾ ਸੀ.ਪੀ.ਆਈ. 1971 ਵਿੱਚ ਦੋ ਅਤੇ 1999 ਵਿੱਚ ਇੱਕ ਉਮੀਦਵਾਰ ਭੇਜਣ 'ਚ ਸਫ਼ਲ ਰਹੀ, ਜਦੋਂ ਕਿ ਬਸਪਾ ਦੇ ਪਿਛਲੇ ਇਤਿਹਾਸ ਵਿੱਚ ਸਿਰਫ਼ ਪੰਜ ਉਮੀਦਵਾਰ ਹੀ ਲੋਕ ਸਭਾ ਵਿੱਚ ਪਹੁੰਚੇ । ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ 9 ਮੈਂਬਰ ਲੋਕ ਸਭਾ ਵਿੱਚ ਭੇਜ ਕੇ ਹੀ ਸਬਰ ਕਰਨਾ ਪਿਆ । ਸ਼੍ਰੋਮਣੀ ਅਕਾਲੀ ਦਲ ਮਾਨ ਵੀ 1989 ਵਿੱਚ 7 ਅਤੇ 1999 'ਚ ਇੱਕ ਉਮੀਦਵਾਰ ਭੇਜਣ ਵਿੱਚ ਸਫ਼ਲ ਰਿਹਾ ।
ਸਾਲ 1977 'ਚ ਜਨਤਾ ਪਾਰਟੀ ਦੇ ਝੰਡੇ ਹੇਠ ਵੀ ਪੰਜਾਬ ਤੋਂ ਤਿੰਨ ਮੈਂਬਰ ਲੋਕ ਸਭਾ 'ਚ ਪਹੁੰਚੇ ਸਨ। ਇੰਨ੍ਹਾਂ ਤੋਂ ਇਲਾਵਾ ਹੋਰ ਕਈ ਪਾਰਟੀਆਂ ਦੇ ਇੱਕ-ਇੱਕ, ਦੋ-ਦੋ ਮੈਂਬਰ ਲੋਕ ਸਭਾ ਵਿੱਚ ਗਏ ਪ੍ਰੰਤੂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਪੰਜਾਬ ਦੇ ਲੋਕਾਂ ਨੇ ਪਿਛਲੇ ਇਤਿਹਾਸ 'ਚ ਸਿਰਫ਼ ਇੱਕ ਮੈਂਬਰ ਕਿਰਪਾਲ ਸਿੰਘ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ 'ਚ ਭੇਜਿਆ। ਇਸ ਵਾਰ ਹੋਣ ਜਾ ਰਹੀਆਂ 17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਹੈਰਾਨੀਜਨਕ ਆਉਣ ਦੀ ਸੰਭਾਵਨਾ ਹੈ। ਚੱਲ ਰਹੀਆਂ ਚਰਚਾਵਾਂ ਅਨੁਸਾਰ ਪੰਜਾਬ ਅੰਦਰ ਅਕਾਲੀ– ਭਾਜਪਾ ਗਠਜੋੜ ਦੇ ਸੂਬੇ ਦੀਆਂ ਸਮੂਹ ਸੀਟਾਂ ਜਿੱਤਣ ਦੇ ਸੁਪਨੇ ਅਧੂਰੇ ਹੀ ਰਹਿਣ ਦੀ ਵਧੇਰੇ ਸੰਭਾਵਨਾ ਹੈ ।