ਲੋਕੇਸ਼ ਰਿਸ਼ੀ
ਗੁਰਦਾਸਪੁਰ, 08 ਮਈ 2019 - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਮੁਲਕ ਦੇ ਜਵਾਨ ਅਤੇ ਕਿਸਾਨ ਮਰਵਾ ਕੇ ਘਟੀਆ ਪੱਧਰ ਦੀ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇਸ਼ ਭਗਤ ਹੋਣ ਦਾ ਪਖੰਡ ਕਰ ਰਿਹਾ ਹੈ ਜਦੋਂਕਿ ਉਹਦੀ ਰਾਜਨੀਤੀ ਅਤੇ ਨੀਤੀਆਂ ਮੁਲਕ ਨੂੰ ਤੋੜਨ ਅਤੇ ਕਮਜ਼ੋਰ ਕਰਨ ਵਾਲੀਆਂ ਹਨ।
ਬੀਤੀ ਦੇਰ ਸ਼ਾਮ ਫ਼ਤਿਹਗੜ੍ਹ ਚੂੜੀਆਂ ਵਿਖੇ ਇਕ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ ਕਿ ਮੋਦੀ ਗ਼ਰੀਬਾਂ ਦੇ ਹਮਦਰਦ ਹੋਣ ਦਾ ਢੌਂਗ ਰਚ ਰਿਹਾ ਹੈ ਜਦੋਂਕਿ ਸਚਾਈ ਇਹ ਹੈ ਕਿ ਉਸ ਨੇ ਅੱਜ ਤੱਕ ਗ਼ਰੀਬਾਂ ਨੂੰ ਦਵਾਨੀ ਤੱਕ ਨਹੀਂ ਦਿੱਤੀ, ਜਦਕਿ ਗ਼ਰੀਬ ਲੋਕਾਂ ਦੇ ਬੈਂਕਾਂ ਵਿਚ ਜਨ ਧੰਨ ਯੋਜਨਾ ਦੇ ਨਾਂਅ ਹੇਠ ਖਾਤੇ ਖੁਲ੍ਹਵਾ ਕੇ ਉਨ੍ਹਾਂ ਨੂੰ ਲੁੱਟਿਆ ਹੈ। ਜਾਖੜ ਨੇ ਕਿਹਾ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ, ਬਲਕਿ ਅੰਬਾਨੀ ਦੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨਾਲ ਅਰਬਾਂ ਦੇ ਕਾਰੋਬਾਰ ਵਿਚ ਮੋਦੀ ਦੀ ਵੱਡੀ ਸਾਂਝ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੇਸ਼ ਦੇ ਲੋਕ ਮੋਦੀ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਅਤੇ ਸਮੁੱਚਾ ਦੇਸ਼ ਮੋਦੀ ਨੂੰ ਚੱਲਦਾ ਕਰਨ ਲਈ ਪੱਬਾਂ ਭਾਰ ਹੈ।
ਜਾਖੜ ਨੇ ਨਰਿੰਦਰ ਮੋਦੀ ਉੱਤੇ ਸਿਰੇ ਦਾ ਫ਼ਿਰਕਾਪ੍ਰਸਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਮੁਲਕ ਵਿੱਚ ਵੱਸਦੀਆਂ ਘੱਟ ਗਿਣਤੀ ਕੌਮਾਂ ਦੇ ਵਜੂਦ ਨੂੰ ਮਲੀਆਮੇਟ ਕਰਕੇ ਇਸ ਬਹੁ-ਕੌਮੀ ਦੇਸ਼ ਨੂੰ ਇੱਕੋ ਧਰਮ, ਬੋਲੀ ਅਤੇ ਸਭਿਆਚਾਰ ਦੇ ਰੰਗ ਵਿੱਚ ਰੰਗਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਰਾਮ ਅਤੇ ਬਾਦਲਾਂ ਨੇ ਪੰਥ ਦੇ ਨਾਂ 'ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਆਪਣੇ ਸੌੜੇ ਰਾਜਨੀਤਿਕ ਹਿਤ ਪਾਲੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਪੰਜਾਬ ਵਿਚ ਕਰਵਾਈਆਂ ਗਈਆਂ ਬੇਅਦਬੀਆਂ ਨਾਲ ਹਰੇਕ ਸਿੱਖ ਦੇ ਹਿਰਦੇ ਵਲੂੰਧਰੇ ਗਏ ਹਨ, ਜਿਸ ਨੂੰ ਲੈ ਕੇ ਅੱਜ ਵੀ ਸਮੁੱਚੀ ਸਿੱਖ ਸੰਗਤ ਵਿਚ ਰੋਸ ਹੈ।
ਸ੍ਰੀ ਜਾਖੜ ਨੇ ਸੰਨ੍ਹੀ ਦਿਉਲ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਸੰਨ੍ਹੀ ਦਿਉਲ ਨੂੰ ਪੰਜਾਬ ਅਤੇ ਗੁਰਦਾਸਪੁਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਗੁਰਦਾਸਪੁਰ ਦੇ ਲੋਕ ਚੰਮ ਨਹੀਂ, ਬਲਕਿ ਕੰਮਾਂ ਨੂੰ ਦੇਖ ਕੇ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਬੀਕਾਨੇਰ ਤੋਂ ਚੋਣ ਜਿੱਤ ਕੇ ਇੱਕ ਵਾਰ ਵੀ ਲੋਕ ਸਭਾ ਦੀਆਂ ਪੌੜੀਆਂ ਨਾ ਚੜ੍ਹਨ ਵਾਲੇ ਆਪਣੇ ਬਾਪ ਧਰਮਿੰਦਰ ਵਾਂਗ ਹੀ ਸੰਨ੍ਹੀ ਦਿਉਲ ਵੀ ਲੋਕ ਸਭਾ ਵਿੱਚ ਨਹੀਂ ਜਾਵੇਗਾ ਕਿਉਂਕਿ ਉਹ ਕਿਸੇ ਭਾਸ਼ਾ ਵਿੱਚ ਵੀ ਦੋ ਸ਼ਬਦ ਠੀਕ ਨਹੀਂ ਬੋਲ ਸਕਦਾ।
ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੋਦੀ ਦੇ ਮੁੜ੍ਹਕੇ ਆਉਣ ਨਾਲ ਮੁਲਕ ਦਾ ਹਾਲ ਅੱਗੇ ਨਾਲੋਂ ਵੀ ਮਾੜਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਲੋਕਾਂ ਸਾਹਮਣੇ ਨਹੀਂ ਬੋਲ ਸਕਦਾ, ਉਹ ਲੋਕਾਂ ਦੀ ਗੱਲ ਪਾਰਲੀਮੈਂਟ ਵਿਚ ਕਿਵੇਂ ਰੱਖੇਗਾ। ਉਨ੍ਹਾਂ ਕਿਹਾ ਕਿ ਪੰਜ ਸਾਲਾਂ 'ਚ ਮੁਲਕ ਮਹਿੰਗਾਈ ਦੀ ਮਾਰ ਹੇਠ ਆਇਆ ਹੈ, ਇਸ ਲਈ ਮੋਦੀ ਨੂੰ ਦੇਸ਼ ਵਿਚੋਂ ਚੱਲਦਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੇ 40 ਜਵਾਨ ਮਰਵਾ ਉਨ੍ਹਾਂ ਦੀਆਂ ਲਾਸ਼ਾਂ ਉੱਪਰ ਰੱਜ ਕੇ ਰਾਜਨੀਤੀ ਕੀਤੀ ਹੈ ਅਤੇ ਲਾਸ਼ਾਂ ਨੂੰ ਦਿੱਲੀ ਵਿਖੇ ਮੰਗਵਾ ਕੇ ਆਪਣੇ ਘਟੀਆ ਪ੍ਰਧਾਨ ਮੰਤਰੀ ਹੋਣ ਦਾ ਸਬੂਤ ਦਿੱਤਾ ਹੈ।
ਬਾਜਵਾ ਨੇ ਫ਼ਤਿਹਗੜ੍ਹ ਚੂੜੀਆਂ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ-ਫ਼ਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਵਾਇਆ ਸੰਗਤ ਪੁਰਾ ਸੜਕ ਨੂੰ ਚਾਰ ਮਾਰਗੀ ਕਰਨ ਦਾ ਪ੍ਰੋਜੈਕਟ ਪ੍ਰਵਾਨ ਹੋ ਚੁੱਕਾ ਹੈ ਅਤੇ ਚੋਣਾਂ ਤੋਂ ਬਾਅਦ ਇਸ ਉੱਪਰ ਤੁਰੰਤ ਕੰਮ ਸੰਗਤਪੁਰ ਹੋ ਜਾਵੇਗਾ। ਇਸੇ ਨਾਲ ਹੀ ਸ਼ਹਿਰ ਵਿਚੋਂ ਕੂੜਾ ਡੰਪ ਨੂੰ ਬਾਹਰ ਲਿਜਾ ਕੇ ਉੱਥੇ ਆਧੁਨਿਕ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾਣਾ ਹੈ।
ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਜੋਸਫ, ਸਿਟੀ ਪ੍ਰਧਾਨ ਕੇਵਲ ਕ੍ਰਿਸ਼ਨ ਕੌਡੇ ਸ਼ਾਹ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ, ਕਾਂਗਰਸ ਦੇ ਪ੍ਰਦੇਸ਼ ਸਕੱਤਰ ਸੁਰੇਸ਼ ਬੱਬਲੂ, ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਲਾਲੀ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਸਾਬਕਾ ਮੀਤ ਪ੍ਰਧਾਨ ਰਜਿੰਦਰ ਸਿੰਘ ਬਿੰਦੂ, ਯੂਥ ਪ੍ਰਧਾਨ ਦਵਿੰਦਰਪਾਲ ਸਿੰਘ ਮੱਘਾ, ਡਾ. ਸੁਧੀਰ ਸ਼ਰਮਾ, ਰਣਯੋਧ ਸਿੰਘ ਦਿਓ, ਅਮਰਜੀਤ ਸਿੰਘ ਦਿਓ, ਭੂਸ਼ਨ ਜੋਸ਼ੀ, ਸ਼ਸ਼ੀ ਡੋਗਰਾ, ਰਾਜੀਵ ਸੋਨੀ, ਸਤਨਾਮ ਸਿੰਘ ਗਿੱਲ, ਅਸ਼ਵਨੀ ਸ਼ਰਮਾ, ਹਰਦਿਆਲ ਸਿੰਘ ਖੋਖਰ, ਗੁਰਮੀਤ ਸਿੰਘ ਝੰਜੀਆਂ, ਕੁਲਬੀਰ ਜੋਸ਼ੀ, ਬਲਦੇਵ ਸਿੰਘ ਬੰਦੇਸ਼ਾ, ਭਾਈ ਤਰਸੇਮ ਮਸੀਹ, ਸੁਨੀਲ ਮਸੀਹ, ਅਸ਼ੋਕ ਕੁਮਾਰ ਗੁੜ ਵਾਲੇ, ਸਾਬਕਾ ਚੇਅਰਮੈਨ ਰਵੇਲ ਸਿੰਘ, ਕੁਲਜੀਤ ਸਿੰਘ ਕਿੱਟੂ, ਡਾ. ਜਸਵੰਤ ਸਿੰਘ ਖਹਿਰਾ, ਕੰਵਲਜੀਤ ਸਿੰਘ ਲਾਡੀ, ਸਰਪੰਚ ਦਲਬੀਰ ਸਿੰਘ ਟੱਪਰੀਆਂ, ਹੀਰਾ ਸਿੰਘ ਰੰਧਾਵਾ, ਸਤਨਾਮ ਸਿੰਘ ਸੱਤੂ, ਰਕੇਸ਼ ਡੋਗਰਾ, ਸੁਰਿੰਦਰ ਸ਼ਰਮਾ, ਸੂਬੇਦਾਰ ਬਲਵਿੰਦਰ ਭੱਟੀ, ਰਕੇਸ਼ ਕੁਮਾਰ ਲੱਕੀ, ਅਮਿਤ ਸਿਆਲ, ਵਰੁਨ ਕੁੰਦਰਾ, ਜੁਗਲ ਡੋਗਰਾ, ਕਰਨ ਡੋਗਰਾ, ਰਸ਼ਪਾਲ ਸਿੰਘ, ਬਿੱਟੂ ਸਰਾਫ਼, ਜੌਨੀ ਸਰਾਫ਼, ਡਾ. ਮੰਗਲ ਸਿੰਘ ਬੰਦੇਸ਼ਾ, ਸੰਚਿਤ ਵਰਮਾ, ਭਿੱਲਾ ਸੂਰੀ, ਨਿਸ਼ਾਨ ਸਿੰਘ ਬੰਦੇਸ਼ਾ ਆਦਿ ਹਾਜ਼ਰ ਸਨ।