ਪਟਿਆਲਾ, 25 ਅਪ੍ਰੈਲ 2019: ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ। ਇਸ ਤੋਂ ਪਹਿਲਾਂ ਅਰਬਨ ਅਸਟੇਟ ਫੇਸ-2 ਪਟਿਆਲਾ 'ਚ ਸਥਿਤ ਮੁੱਖ ਚੋਣ ਦਫਤਰ ਵਿਖੇ ਵਰਕਰਾਂ ਦਾ ਇਕੱਠ ਕੀਤਾ ਗਿਆ।ਜਿਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਚੋਣ ਤੁਹਾਡੀ ਸਭ ਦੀ ਹੈ ਮੈਰੇ ਇਕੱਲੇ ਦੀ ਨਹੀਂ ਤੁਸੀ ਇਹ ਸਮਝੋਂ ਕਿ ਤੁਸੀਂ ਸਾਰੇ ਹੀ ਡਾ. ਗਾਂਧੀ ਹੋ।ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਲਈ ਪੂਰਾ 5 ਸਾਲ ਇਮਾਨਦਾਰੀ ਨਾਲ ਪਾਰਲੀਮੈਂਟ ਵਿੱਚ ਲੜਿਆ ਹਾਂ ਤੁਹਾਡੇ ਹਰ ਮੁੱਦੇ ਨੂੰ ਜਾ ਕੇ ਪਾਰਲੀਮੈਂਟ ਵਿੱਚ ਚੁੱਕਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਹੁਣ ਵੀ ਤੁਸੀਂ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਤਾਓ, ਤਾਂ ਜੋ ਮੈਂ ਪਾਰਲੀਮੈਂਟ ਵਿੱਚ ਜਾ ਕੇ ਤੁਹਾਡੇ ਹੱਕਾਂ ਦੀ ਅਵਾਜ਼ ਬੁਲੰਦ ਕਰ ਸਕਾਂ ਅਤੇ ਤੁਹਾਡੇ ਰੁਕੇ ਕੰਮ ਕਰਵਾ ਸਕਾ। ਡਾ. ਗਾਂਧੀ ਨੇ ਲੋਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੇ ਘਰ ਦੇ ਦਰਵਾਜੇ ਲੋਕਾਂ ਲਈ 24 ਘੰਟੇ ਖੁੱਲੇ ਹਨ।ਉਨ੍ਹਾਂ ਕਿਹਾ ਕਿ ਇਹ ਲੜਾਈ ਡਾ. ਗਾਂਧੀ ਅਤੇ ਪਰਨੀਤ ਕੌਰ ਜਾਂ ਸੁਰਜੀਤ ਸਿੰਘ ਰੱਖੜਾ ਵਿਚਕਾਰ ਨਹੀਂ ਇਹ ਲੜਾਈ ਸੱਚ ਅਤੇ ਝੂਠ ਵਿਚਕਾਰ ਹੈ।ਇਹ ਲੜਾਈ ਸਾਧਾਰਨ ਲੋਕਾਂ ਦੀ ਧਨਾਢ ਲੋਕਾਂ ਅਤੇ ਰਜਵਾੜੇ ਲੋਕਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਧਨਾਢ ਲੋਕਾਂ ਅਤੇ ਰਜਵਾੜਿਆਂ ਦੇ ਮਹਿਲਾਂ ਦੇ ਦਰਵਾਜੇ ਸਿਰਫ ਵੋਟਾਂ ਵੇਲੇ ਹੀ ਲੋਕਾਂ ਦੇ ਲਈ ਖੁੱਲਦੇ ਨੇ ਜਦਕਿ ਮੇਰੇ ਘਰ ਤੁਸੀਂ ਕਿਸੇ ਵੇਲੇ ਵੀ ਆ ਕੇ ਮੈਨੂੰ ਮਿਲ ਸਕਦੇ ਹੋ।
ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਰਕਰਾਂ ਲਈ ਇੱਕ ਫੁਰਮਾਨ ਜਾਰੀ ਕੀਤਾ ਹੈ ਕਿ ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਜਿਹੜਾ ਕਾਂਗਰਸ ਦਾ ਲੋਕ ਸਭਾ ਉਮੀਦਵਾਰ ਹਾਰ ਗਿਆ ਉਸ ਖੇਤਰ ਦੇ ਮੰਤਰੀ ਦੀ ਕੁਰਸੀ ਖੁਸ ਸਕਦੀ ਹੈ ਅਤੇ ਉਸ ਖੇਤਰ ਦੇ ਵਿਧਾਇਕ ਨੂੰ ਅਗਲੀ ਵੇਲੇ ਟਿਕਟ ਲੈਣ ਵਿੱਚ ਦਿੱਕਤ ਪੇਸ਼ ਆ ਸਕਦੀ ਹੈ। ਉਨ੍ਹਾਂ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰਨ ਕਿ ਜੇਕਰ ਉਨਾਂ ਦੀ ਧਰਮ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਚੋਣ ਹਾਰਦੇ ਹਨ ਤਾਂ ਕੀ ਉਹ ਬਤੌਰ ਮੁੱਖ ਮੰਤਰੀ ਆਪਣਾ ਅਸਤੀਫਾ ਦੇਣਗੇ।ਡਾ. ਗਾਂਧੀ ਨੇ ਕਿਹਾ ਕਿ ਮੈਂ ਐਮ. ਪੀ. ਬਣਨ ਉਪਰੰਤ ਪਹਿਲ ਦੇ ਆਧਾਰ ਤੇ ਪਾਰਲੀਮੈਂਟ ਵਿਚੋਂ ਪੰਜਾਬ ਅੰਦਰ ਭੁੱਕੀ ਅਫੀਮ ਦੇ ਠੇਕੇ ਖੋਲਣ ਲਈ ਬਿਲ ਪਾਸ ਕਰਵਾਵਾਂਗਾ,ਸਿੱਖ ਮੈਰਿਜ ਐਕਟ ਬਿਲ ਪਾਸ ਕਰਵਾਵਾਂਗਾ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਸਪੈਸ਼ਲ ਬਿਲ ਪਾਸ ਕਰਵਾਵਾਂਗਾ ,ਪੰਜਾਬ ਦੀਆਂ ਜੇਲਾਂ ਵਿੱਚ ਬੰਦ ਨਸ਼ੇ ਦੇ ਆਦੀਆਂ ਨੂੰ ਬਾਹਰ ਕਢਵਾਉਣ ਲਈ ਯਤਨਸ਼ੀਲ ਰਹਾਂਗਾ,ਰਾਜਪੁਰੇ ਤੋਂ ਚੰਡੀਗੜ੍ਹ ਤੱਕ ਜਿਹੜਾ ਰੇਲ ਲਿੰਕ ਮੈਂ ਪਾਸ ਕਰਵਾਇਆ ਹੋਇਆ ਹੈ ਉਸ ਨੂੰ ਸ਼ੁਰੂ ਕਰਵਾਵਾਂਗਾ ਤਾਂ ਜੋ ਮਾਲਵੇ ਦੇ 10-12 ਜਿਲ੍ਹਿਆਂ ਨੂੰ ਚੰਡੀਗੜ੍ਹ ਨਾਲ ਜੋੜਿਆ ਜਾ ਸਕੇ । ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਨਾਲ ਮੈਨੂੰ ਜਿਤਾਓ ਤਾਂ ਜੋ ਮੈਂ ਸੰਸਦ ਵਿੱਚ ਜਾ ਕੇ ਤੁਹਾਡੇ ਕੰਮ ਕਰਵਾ ਸਕਾਂ। ਡਾ. ਗਾਂਧੀ ਨੇ ਕਿਹਾ ਕਿ ਮੈਂ ਤੁਹਾਡੇ ਵਰਗਾਂ ਤੁਹਾਡੇ ਵਿਚੋਂ ਉੱਠਿਆ ਇੱਕ ਸਾਧਾਰਨ ਵਿਅਕਤੀ ਹਾਂ ਇਸ ਲਈ ਮੇਰਾ ਪ੍ਰਚਾਰ ਤੁਸੀਂ ਸਾਰੇ ਲੋਕਾਂ ਨੇ ਕਰਨਾ ਹੈ, ਜਦਕਿ ਕਾਂਗਰਸ ਅਤੇ ਅਕਾਲੀਆਂ ਕੋਲ ਵੱਡੇ ਵੱਡੇ ਸਟਾਰ ਪ੍ਰਚਾਰਕ ਹਨ, ਮੇਰੇ ਸਟਾਰ ਪ੍ਰਚਾਰਕ ਤੁਸੀਂ ਸਾਰੇ ਆਮ ਲੋਕ ਹੋ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕਾਰਾਂ,ਮੋਟਰ ਸਾਈਕਲਾਂ ਅਤੇ ਹੋਰ ਆਪੋ-ਆਪਣੇ ਸਾਧਨਾਂ ਸਮੇਤ ਡਾ. ਗਾਂਧੀ ਦੇ ਰੋਡ ਸੋਅ ਵਿੱਚ ਹਿੱਸਾ ਲਿਆ ਅਤੇ ਇਹ ਰੋਡ ਸ਼ੋਅ ਅਰਬਨ ਅਸਟੇਟ ਫੇਸ-2 ਮੁੱਖ ਦਫਤਰ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ,ਫੁਹਾਰਾ ਚੌਕ,22 ਨੰਬਰ ਫਾਟਕ ਤੋਂ ਹੁੰਦਾ ਹੋਇਆ ਸੈਕਟਰੀਏਟ ਜਾ ਕੇ ਸਮਾਪਤ ਹੋਇਆ। ਜਿੱਥੇ ਧਰਮਵੀਰ ਗਾਂਧੀ ਨੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ।